ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਇੱਕ ਅਹਿਮ ਤਬਦੀਲੀ ਦੇਖਣ ਨੂੰ ਮਿਲਣ ਜਾ ਰਹੀ ਹੈ। ਦਾਖਾ ਹਲਕੇ ਤੋਂ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਆਗੂ ਮਨਪ੍ਰੀਤ ਸਿੰਘ ਇਆਲੀ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਰਸਮੀ ਤੌਰ ‘ਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਨਾਲ ਜੁੜਣ ਜਾ ਰਹੇ ਹਨ। ਇਸ ਸਮਾਗਮ ਦੀ ਅਗਵਾਈ ਤਰਸੇਮ ਸਿੰਘ ਕਰਨਗੇ, ਜੋ ਅੰਮ੍ਰਿਤਪਾਲ ਸਿੰਘ ਦੇ ਪਿਤਾ ਹਨ।
ਮਨਪ੍ਰੀਤ ਇਆਲੀ ਨੇ ਖੁਦ ਇਸ ਫੈਸਲੇ ਦੀ ਪੁਸ਼ਟੀ ਕੀਤੀ ਹੈ। ਉਹ ਪਿਛਲੇ ਕਈ ਮਹੀਨਿਆਂ ਤੋਂ ਜਥੇਬੰਦੀ ਦੇ ਸੰਪਰਕ ਵਿੱਚ ਸਨ। ਹਾਲ ਹੀ ਵਿੱਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਚੋਣਾਂ ਦੌਰਾਨ ਵੀ ਉਨ੍ਹਾਂ ਦੇ ਸਮਰਥਕਾਂ ਨੇ ਅੰਮ੍ਰਿਤਪਾਲ ਸਿੰਘ ਦੀਆਂ ਤਸਵੀਰਾਂ ਨਾਲ ਚੋਣ ਪ੍ਰਚਾਰ ਕੀਤਾ ਸੀ, ਜਿਸ ਤੋਂ ਉਨ੍ਹਾਂ ਦੀ ਨਜ਼ਦੀਕੀ ਦੇ ਸੰਕੇਤ ਮਿਲ ਰਹੇ ਸਨ।
ਦਲ-ਬਦਲੀ ਕਾਨੂੰਨ ਦਾ ਨਹੀਂ ਹੋਵੇਗਾ ਅਸਰ
ਕਿਉਂਕਿ ‘ਵਾਰਿਸ ਪੰਜਾਬ ਦੇ’ ਇਸ ਵੇਲੇ ਚੋਣ ਕਮਿਸ਼ਨ ਕੋਲ ਰਜਿਸਟਰਡ ਸਿਆਸੀ ਪਾਰਟੀ ਨਹੀਂ ਹੈ, ਇਸ ਲਈ ਮਨਪ੍ਰੀਤ ਇਆਲੀ ਨੂੰ ਦਲ-ਬਦਲੀ ਕਾਨੂੰਨ ਤਹਿਤ ਵਿਧਾਇਕੀ ਗੁਆਉਣ ਦਾ ਖ਼ਤਰਾ ਨਹੀਂ ਹੋਵੇਗਾ। ਹਾਲਾਂਕਿ, ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਖ਼ਿਲਾਫ਼ ਪਾਰਟੀ ਪੱਧਰ ‘ਤੇ ਕਾਰਵਾਈ ਕਰ ਸਕਦਾ ਹੈ ਅਤੇ ਉਨ੍ਹਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਸਕਦਾ ਹੈ।
ਇਆਲੀ ਪਹਿਲਾਂ ਅਕਾਲੀ ਦਲ ਦੇ ਪੁਨਰ ਸੁਰਜੀਤ ਧੜੇ ਨਾਲ ਵੀ ਜੁੜੇ ਰਹੇ ਸਨ, ਪਰ ਬਾਅਦ ਵਿੱਚ ਉਨ੍ਹਾਂ ਨੇ ਉਸ ਧੜੇ ਤੋਂ ਵੀ ਦੂਰੀ ਬਣਾ ਲਈ ਸੀ।
ਹੋਰ ਵੱਡੇ ਚਿਹਰੇ ਵੀ ਹੋ ਸਕਦੇ ਹਨ ਸ਼ਾਮਲ
ਮਨਪ੍ਰੀਤ ਇਆਲੀ ਦਾ ਦਾਅਵਾ ਹੈ ਕਿ ਆਉਣ ਵਾਲੇ ਪੰਜ ਤੋਂ ਛੇ ਮਹੀਨਿਆਂ ਵਿੱਚ ਕਈ ਪ੍ਰਮੁੱਖ ਸਿਆਸੀ ਆਗੂ ਅਤੇ ਜਾਣੀਆਂ-ਪਹਿਚਾਣੀਆਂ ਸ਼ਖ਼ਸੀਅਤਾਂ ‘ਵਾਰਿਸ ਪੰਜਾਬ ਦੇ’ ਨਾਲ ਜੁੜ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਲਦ ਹੀ ਜਥੇਬੰਦੀ ਦਾ ਜ਼ਮੀਨੀ ਪੱਧਰ ‘ਤੇ ਵਧਦਾ ਪ੍ਰਭਾਵ ਵੀ ਨਜ਼ਰ ਆਵੇਗਾ।
ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਵੀ ਜਥੇਬੰਦੀ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਹਨ। ਇਸ ਬਾਰੇ ਪੁੱਛੇ ਜਾਣ ‘ਤੇ ਇਆਲੀ ਨੇ ਕਿਹਾ ਕਿ ਅਜੇ ਇਸ ਲਈ ਇੰਤਜ਼ਾਰ ਕਰਨਾ ਚਾਹੀਦਾ ਹੈ ਕਿਉਂਕਿ ਉਹ ਇਸ ਬਾਰੇ ਵਿਚਾਰ ਕਰ ਰਹੇ ਹਨ ਅਤੇ ਉਨ੍ਹਾਂ ਦੇ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਮੌਜੂਦ ਹਨ।
ਮਨਪ੍ਰੀਤ ਇਆਲੀ ਦਾ ਇਹ ਕਦਮ ‘ਵਾਰਿਸ ਪੰਜਾਬ ਦੇ’ ਲਈ ਇੱਕ ਮਹੱਤਵਪੂਰਨ ਸਿਆਸੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ ਅਤੇ ਇਸ ਨਾਲ ਪੰਜਾਬ ਦੀ ਸਿਆਸਤ ਵਿੱਚ ਨਵੇਂ ਸਮੀਕਰਨ ਬਣਨ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ।

