ਸਕਾਲਰਸ਼ਿਪ ਘੁਟਾਲੇ ‘ਚ ਕੈਪਟਨ ਆਪਣੇ ਮੰਤਰੀ ਨੂੰ ਕਿਉਂ ਬਚਾਅ ਰਹੇ: ਬਾਦਲ

TeamGlobalPunjab
2 Min Read

ਚੰਡੀਗੜ੍ਹ: ਸਕਾਲਰਸ਼ਿਪ ਘੁਟਾਲੇ ਮਾਮਲੇ ‘ਤੇ ਸੁਖਬੀਰ ਸਿੰਘ ਬਾਦਲ ਵੱਲੋਂ ਕੈਪਟਨ ਅਮਰਿੰਦਰ ਸਿੰਘ ‘ਤੇ ਵੱਡੇ ਇਲਜ਼ਾਮ ਲਗਾਏ ਗਏ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਨੇ ਆਉਂਦੇ ਸਾਰ ਹੀ ਇਸ ਘੁਟਾਲੇ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਇਸ ਮਸਲੇ ‘ਤੇ ਬਣਾਈ ਗਈ ਐੱਸਆਈਟੀ ‘ਤੇ ਸਾਨੂੰ ਭਰੋਸਾ ਨਹੀਂ ਹੈ। ਘੁਟਾਲੇ ਦੀ ਜਾਂਚ ਸੀਬੀਆਈ ਜਾਂ ਫਿਰ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਈ ਜਾਵੇ।

ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਬਣਨ ‘ਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਹੀ ਐਸਸੀ ਵਿਦਿਆਰਥੀਆਂ ਦੀ ਸਕਾਲਰਸ਼ਿਪ ਨੂੰ ਲਾਗੂ ਕੀਤਾ ਸੀ। ਪਰ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਹਨ ਇਨ੍ਹਾਂ ਨੇ ਸਕਾਲਰਸ਼ਿਪ ਹੀ ਬੰਦ ਕਰ ਦਿੱਤੀ ਹੈ।

ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵੰਡਣ ਵਾਲਾ ਪੈਸਾ ਜਦੋਂ ਇਨ੍ਹਾਂ ਦੇ ਮੰਤਰੀਆਂ ਨੇ ਦੇਖਿਆ ਤਾਂ ਉਨ੍ਹਾਂ ਨੇ ਆਪਣੇ ਖਾਤਿਆਂ ਵਿੱਚ ਪਾ ਲਿਆ।

ਇਸ ਤੋਂ ਇਲਾਵਾ ਸੁਖਬੀਰ ਬਾਦਲ ਨੇ ਕਿਹਾ ਕਿ ਸਕਾਲਰਸ਼ਿਪ ਘੁਟਾਲੇ ਦੇ ਇਲਜ਼ਾਮ ਅਕਾਲੀ ਦਲ ਨੇ ਨਹੀਂ ਲਗਾਏ। ਸਰਕਾਰ ਦੇ ਹੀ ਐਡੀਸ਼ਨਲ ਚੀਫ ਸੈਕਟਰੀ ਨੇ ਹੇਰਾ ਫੇਰੀ ਸਾਹਮਣੇ ਲਿਆਂਦੀ। ਜਿਸ ਵਿੱਚ ਲੱਖਾਂ ਐੱਸਸੀ ਬੱਚਿਆਂ ਨੂੰ ਮਿਲਣ ਵਾਲਾ ਵਜ਼ੀਫ਼ਾ, ਜਿਹੜਾ ਪੜ੍ਹਾਈ ‘ਤੇ ਲੱਗਣਾ ਸੀ, ਉਹ ਕਿਵੇਂ ਸਾਧੂ ਸਿੰਘ ਧਰਮਸੌਤ ਨੇ ਆਪਣੀ ਜੇਬ ਵਿੱਚ ਪਾਇਆ। ਇਸ ਦਾ ਖੁਲਾਸਾ ਐਡੀਸ਼ਨਲ ਚੀਫ਼ ਸੈਕਟਰੀ ਨੇ ਕੀਤਾ। ਪਰ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀ ਨੂੰ ਬਚਾਉਣ ਲਈ ਐੱਸਆਈਟੀ ਬਣਾ ਦਿੱਤੀ।

- Advertisement -

ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਵੇਂ ਅੰਮ੍ਰਿਤਸਰ ਰੇਲਵੇ ਹਾਦਸਾ, ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਮਾਮਲਾ ਐੱਸਆਈਟੀ ਨੇ ਦਬਾ ਦਿੱਤਾ, ਉਸੇ ਤਰ੍ਹਾਂ ਸਕਾਲਰਸ਼ਿਪ ਘੁਟਾਲਾ ਵੀ ਦੱਬ ਦਿੱਤਾ ਜਾਵੇਗਾ। ਇਸ ਲਈ ਘੁਟਾਲੇ ਦੀ ਜਾਂਚ ਸਵਤੰਤਰ ਏਜੰਸੀ ਸੀਬੀਆਈ ਜਾਂ ਫਿਰ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ।

Share this Article
Leave a comment