ਮਨਪ੍ਰੀਤ ਬਾਦਲ ਮਾਲਵਾ ‘ਚ ਦਿਖਾਏਗਾ ਰੰਗ

Prabhjot Kaur
4 Min Read

ਜਗਤਾਰ ਸਿੰਘ ਸਿੱਧੂ;
ਮੈਨੇਜਿੰਗ ਐਡੀਟਰ

ਕਾਂਗਰਸ ਪਾਰਟੀ ਛੱਡ ਕੇ ਭਾਜਪਾ ‘ਚ ਦਾਖਲ ਹੋਣ ਵਾਲੇ ਕਈ ਸੀਨੀਅਰ ਕਾਂਗਰਸੀ ਆਗੂਆਂ ਨੇ ਮਾਲਵੇ ‘ਚ ਪਾਰਟੀ ਨੂੰ ਤਕੜਾ ਝਟਕਾ ਦੇ ਦਿੱਤਾ ਹੈ। ਬੇਸ਼ੱਕ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਈ ਹੋਰ ਆਗੂ ਮੀਡੀਆ ‘ਚ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਖ ਰਹੇ ਹਨ ਕਿ ਚੰਗਾ ਹੋਇਆ, ਇਨ੍ਹਾਂ ਆਗੂਆਂ ਦੇ ਪਾਰਟੀ ਛੱਡਣ ਨਾਲ ਕਾਂਗਰਸ ਸਾਫ ਹੋ ਗਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ ਸਗੋਂ ਪਾਰਟੀ ਅੰਦਰ ਨਵੇਂ ਚਿਹਰੇ ਆਉਣ ਦਾ ਮੌਕਾ ਮਿਲੇਗਾ। ਦੂਜੇ ਪਾਸੇ ਸਥਿਤੀ ਇਹ ਬਣੀ ਹੋਈ ਹੈ ਕਿ ਪਟਿਆਲਾ ਤੋਂ ਲੈ ਕੇ ਫਿਰੋਜ਼ਪੁਰ ਤੱਕ ਕਈ ਸੀਨੀਅਰ ਆਗੂ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ ਹਨ ਅਤੇ ਉਨ੍ਹਾਂ ਦੇ ਹਮਾਇਤੀ ਵੀ ਵੱਡੀ ਗਿਣਤੀ ‘ਚ ਨਾਲ ਹੀ ਚਲੇ ਗਏ ਹਨ। ਕਾਂਗਰਸ ਦਾ ਦਾਅਵਾ ਤਾਂ ਰਾਜਸੀ ਹਲਕਿਆਂ ‘ਚ ਬਹਿਸ ਦਾ ਮੁੱਦਾ ਹੋ ਸਕਦਾ ਹੈ, ਪਰ ਇਸ ਬਾਰੇ ਕੋਈ ਦੋ ਰਾਏ ਨਹੀਂ ਕਿ ਮਾਲਵਾ ‘ਚ ਭਾਜਪਾ ਨੂੰ ਵੱਡੇ ਚਿਹਰੇ ਮਿਲ ਗਏ ਹਨ। ਇਸ ਤੋਂ ਪਹਿਲਾਂ ਰਾਜਨੀਤੀ ‘ਚ ਭਾਜਪਾ ਦੀ ਇਕ ਦੋ ਹਲਕਿਆਂ ਨੂੰ ਛੱਡ ਕੇ ਮਾਲਵੇ ‘ਚ ਕੋਈ ਖਾਸ ਪਹਿਚਾਣ ਨਹੀਂ ਸੀ। ਉਂਝ ਤਾਂ ਇਸ ਬਾਰੇ ਕੋਈ ਦੋ ਰਾਏ ਨਹੀਂ ਹੈ ਕਿ ਸੂਬਾ ਪਧਰ ‘ਤੇ ਵੀ ਭਾਜਪਾ ਨੂੰ ਕਾਂਗਰਸ ‘ਚੋਂ ਆਏ ਆਗੂਆਂ ਨੇ ਪਹਿਚਾਣ ਦਿੱਤੀ ਹੈ। ਸਹੀ ਗੱਲ ਤਾਂ ਇਹ ਹੈ ਕਿ ਮਾਲਵਾ ‘ਚ ਪਹਿਲਾਂ ਕਾਂਗਰਸ ਅਤੇ ਅਕਾਲੀ ਦਲ ਦਾ ਬੋਲਬਾਲਾ ਰਿਹਾ ਅਤੇ ਹੁਣ ਭਾਜਪਾ ਆਪਣੇ ਪੈਰ ਜਮਾ ਰਹੀ ਹੈ। ਇਹ ਹੀ ਕਾਰਨ ਹੈ ਕਿ ਭਾਜਪਾ ਨੇ ਪਾਰਲੀਮੈਂਟ ਚੋਣਾ ‘ਚ ਅਕਾਲੀ ਦਲ ਨਾਲ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਆਪਣੇ ਬਲਬੁਤੇ ਚੋਣਾਂ ਲੜਨ ਦਾ ਫੈਸਲਾ ਲਿਆ ਹੈ।

ਜੇਕਰ ਆਪਾਂ ਇਨ੍ਹਾਂ ਦਿਨਾਂ ‘ਚ ਕਾਂਗਰਸ ਛੱਡਣ ਬਾਰੇ ਕਿਸੇ ਵੱਡੇ ਆਗੂ ਦੀ ਗੱਲ ਕਰੀਏ ਤਾਂ ਮਨਪ੍ਰੀਤ ਸਿੰਘ ਬਾਦਲ ਸਾਬਕਾ ਵਿੱਤ ਮੰਤਰੀ ਦੇ ਨਾਂ ਦੀ ਰਾਜਸੀ ਹਲਕਿਆਂ ‘ਚ ਸਭ ਤੋਂ ਵਧੇਰੇ ਚਰਚਾ ਹੈ। ਕਹਿਣ ਨੂੰ ਤਾਂ ਕਾਂਗਰਸ ਦੇ ਆਗੂ ਆਖ ਰਹੇ ਹਨ ਕਿ ਮਨਪ੍ਰੀਤ ਦੇ ਭਾਜਪਾ ‘ਚ ਜਾਣ ਨਾਲ ਕੋਈ ਨੁਕਸਾਨ ਨਹੀਂ ਹੋਇਆ ਪਰ ਇਸ ਮਾਮਲੇ ‘ਚ ਇਕੋ ਉਦਾਹਰਣ ਕਾਫੀ ਹੈ। ਮਨਪ੍ਰੀਤ ਬਾਦਲ ਜਦੋਂ ਭਾਜਪਾ ‘ਚ ਸ਼ਾਮਲ ਹੋਣ ਤੋਂ ਵਾਪਿਸ ਆਪਣੇ ਪਿੰਡ ਬਾਦਲ ਪਹੁੰਚੇ ਤਾਂ ਬਠਿੰਡਾ ਦੇ ਮੇਅਰ ਅਤੇ ਡਿਪਟੀ ਮੇਅਰ ਸਮੇਤ ਤਕਰੀਬਨ 20 ਕੌਂਸਲਰ ਮਨਪ੍ਰੀਤ ਬਾਦਲ ਨੂੰ ਮਿਲਣ ਵਾਲਿਆਂ ‘ਚ ਸ਼ਾਮਲ ਸਨ। ਹਾਲਾਂਕਿ ਕਾਂਗਰਸ ਦਾਅਵਾ ਕਰਦੀ ਹੈ ਕਿ 26 ਕੌਂਸਲਰ ਉਨ੍ਹਾਂ ਦੇ ਨਾਲ ਹਨ। ਡਿਪਟੀ ਮੇਅਰ ਹਰਮੰਦਰ ਸਿੰਘ ਸਿੱਧੂ ਨੇ ਮੀਡੀਆ ਨਾਲ ਕੀਤੀ ਗੱਲਬਾਤ ‘ਚ ਕਿਹਾ ਕਿ ਅਸੀ ਮਨਪ੍ਰੀਤ ਦੇ ਨਾਲ ਹਾਂ ਅਤੇ ਆਉਣ ਵਾਲੇ ਦਿਨਾਂ ‘ਚ ਭਾਜਪਾ ‘ਚ ਸ਼ਾਮਲ ਹੋਣ ਬਾਰੇ ਸੋਚ ਸਕਦੇ ਹਾਂ।

ਇਨ੍ਹਾਂ ਪ੍ਰਸਿਧੀਆਂ ‘ਚ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਾਲਵੇ ਦੇ ਟਕਸਾਲੀ ਜ਼ਿਲ੍ਹੇ ਬਠਿੰਡਾ ਦੀ ਆਉਣ ਵਾਲੇ ਦਿਨਾਂ ‘ਚ ਕਾਂਗਰਸ ਦੀ ਕਿਹੋ ਜਹੀ ਹਾਲਤ ਹੋ ਸਕਦੀ ਹੈ। ਕਿਸੇ ਵੇਲੇ ਇਹ ਜ਼ਿਲ੍ਹਾ ਅਕਾਲੀ ਲੀਡਰਸ਼ਿਪ ਬਾਦਲਾਂ ਦਾ ਗੜ੍ਹ ਮੰਨਿਆ ਜਾਂਦਾ ਸੀ। ਹੁਣ ਮਨਪ੍ਰੀਤ ਤੋਂ ਇਲਾਵਾ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਪਹਿਲਾਂ ਹੀ ਭਾਜਪਾ ‘ਚ ਜਾ ਚੁੱਕੇ ਹਨ। ਜੇਕਰ ਨਾਲ ਲਗਦੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੀਨੀਅਰ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਭਾਜਪਾ ‘ਚ ਜਾ ਚੁੱਕੇ ਹਨ। ਇਸੇ ਤਰ੍ਹਾਂ ਕਈ ਹੋਰ ਉਨ੍ਹਾਂ ਦੇ ਹਮਾਇਤੀ ਵੀ ਕਾਂਗਰਸ ਨੂੰ ਅਲਵਿਦਾ ਆਖ ਕੇ ਭਾਜਪਾ ‘ਚ ਜਾ ਚੁੱਕੇ ਹਨ। ਉਂਝ ਜੇਕਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨਿਲ ਜਾਖੜ ਦੀ ਗੱਲ ਕਰੀ ਜਾਵੇ ਤਾਂ ਉਹ ਬੇਸ਼ੱਕ ਪੰਜਾਬ ਦੇ ਆਗੂ ਹਨ ਪਰ ਮਾਲਵਾ ਉਨ੍ਹਾਂ ਦੀਆਂ ਰਾਜਸੀ ਸਰਗਰਮੀਆਂ ਦਾ ਕੇਂਦਰ ਰਿਹਾ ਹੈ। ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਸਾਬਕਾ ਮੰਤਰੀ ਰਾਣਾ ਸੋਢੀ ਵੀ ਭਾਜਪਾ ਦੀਆਂ ਸਫਾਂ ‘ਚ ਸ਼ਾਮਿਲ ਹੋ ਚੁੱਕੇ ਹਨ। ਇਸ ਤਰ੍ਹਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਾਲਵਾ ‘ਚ ਕਾਂਗਰਸ ਦੀ ਸਥਿਤੀ ਕਿਹੋ ਜਹੀ ਹੋ ਗਈ ਹੈ ਅਤੇ ਇਹ ਗੱਲ ਕਹਿਣ ‘ਚ ਕੋਈ ਅਤਕਥਨੀ ਨਹੀਂ ਹੈ ਕਿ ਮਾਲਵਾ ਹੀ ਰਾਜਸੀ ਖੇਤਰ ‘ਚ ਪੰਜਾਬ ਬਾਰੇ ਫੈਸਲਾਕੁੰਨ ਭੁਮਿਕਾ ਨਿਭਾਉਂਦਾ ਹੈ।

- Advertisement -

Share this Article
Leave a comment