ਦਿੱਲੀ ਨੇ ਆਪੇ ਪੰਜਾਬ ਦੇ ਗਲ ਪਾਈ ਲੜਾਈ – ਆਪੇ ਜੱਜ ਬਣ ਕੇ ਸੁਣਾਏ ਫੈਸਲੇ!

TeamGlobalPunjab
4 Min Read

-ਜਗਤਾਰ ਸਿੰਘ ਸਿੱਧੂ

ਕਿਸਾਨੀ ਅੰਦੋਲਨ ਨਾਲ ਬਦਲ ਰਿਹਾ ਪੰਜਾਬ। ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਜਿੱਥੇ ਵੱਡੇ ਇਕੱਠ ਕਰਕੇ ਮੋਦੀ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਜ਼ਬਰਦਸਤ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਉੱਥੇ ਪਿੰਡ ਪੱਧਰ ‘ਤੇ ਲੋਕਾਂ ਵੱਲੋਂ ਰੋਸ ਧਰਨੇ ਦਿੱਤੇ ਜਾ ਰਹੇ ਹਨ। ਦਸਹਿਰੇ ਦੀ ਤਿਆਰੀ ਦੇ ਸਿਲਸਿਲੇ ਵਿੱਚ ਆਮ ਲੋਕਾਂ ਵੱਲੋਂ ਮੋਦੀ ਦੇ ਪੁਤਲੇ ਤਿਆਰ ਕੀਤੇ ਗਏ ਹਨ ਜਿਹੜੇ ਕਿ ਅੱਜ ਦਸਿਹਰੇ ਵਾਲੇ ਦਿਨ ਸਾੜੇ ਜਾਣਗੇ।

ਇਕ ਨਵੀਂ ਕਿਸਮ ਦਾ ਵਰਤਾਰਾ ਪਿੰਡਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਅੱਜ ਸਵੇਰੇ ਮੈਂ ਆਪਣੇ ਚੈਨਲ ਦੇ ਪ੍ਰੋਗਰਾਮ ਤੋਂ ਵੇਹਲਾ ਸੀ ਤਾਂ ਧਰਮਪਤਨੀ ਨਵਕਿਰਨ ਨੂੰ ਕਿਹਾ ਕਿ ਚੱਲ ਕਿਸਾਨਾਂ ਨੂੰ ਮਿਲ ਕੇ ਆਈਏ। ਅਸੀਂ ਆਪਣੀ ਗੱਡੀ ਲਈ ਅਤੇ ਨਵੇਂ ਚੰਡੀਗੜ ਵੱਲ ਕੁਰਾਲੀ ਵਾਲੀ ਸੜਕ ਪੈ ਗਏ। ਕੁਰਾਲੀ ਤੋਂ ਕੁਝ ਪਿੱਛੇ ਪਹਿਲਾ ਟੋਲ ਪਲਾਜਾ ਆਇਆ। ਟੋਲ ਪਲਾਜਾ ਇਸ ਤਰ੍ਹਾਂ ਉਜੜਿਆ ਪਿਆ ਸੀ ਜਿਵੇਂ ਕਿਸੇ ਰਾਜੇ ਦਾ ਕਿਲਾ ਢਹਿ ਢੇਰੀ ਹੋ ਗਿਆ ਹੋਵੇ। ਪੂਰੀ ਤਰ੍ਹਾਂ ਸੁੰਨਸਾਨ ਪਸਰੀ ਹੋਈ ਸੀ। ਪੁਲੀਸ ਵਾਲੇ ਸੜਕ ਦੇ ਦੋਹੀ ਪਾਸੇ ਇੱਧਰ ਉਧਰ ਘੁੰਮ ਰਹੇ ਸਨ। ਗੱਡੀਆਂ ਬੇਰੋਕ ਟੋਕ ਜਾ ਰਹੀਆਂ ਸਨ। ਪ੍ਰਧਾਨ ਮੰਤਰੀ ਵੱਲੋਂ ਬਿਹਾਰ ਦੀ ਚੋਣ ਰੈਲੀ ਵਿੱਚ ਕਾਰਪੋਰੇਟ ਅਦਾਰਿਆਂ ਬਾਰੇ ਭਾਸ਼ਨ ਦੀ ਚੀਸ ਸਮਝ ਪਈ ਜਿਹੜਾ ਪੰਜਾਬ ਦੇ ਅੰਨ ਵਰਗੇ ਪਵਿੱਤਰ ਅੰਦੋਲਨ ਨੂੰ ਦਲਾਲਾਂ ਅਤੇ ਵਿਚੋਲਿਆਂ ਦਾ ਅੰਦੋਲਨ ਆਖ ਰਿਹਾ ਹੈ।

- Advertisement -

ਸੜਕ ਨੇੜੇ ਨਜ਼ਰ ਮਾਰੀ ਤਾਂ ਵੇਖਿਆ ਕਿ ਕਿਸਾਨ ਟੈਂਟ ਲਾ ਕੇ ਬੈਠੇ ਹਨ। ਕੁਝ ਨੌਜਵਾਨ ਮੋਦੀ ਦਾ ਪੁਤਲਾ ਤਿਆਰ ਕਰ ਰਹੇ ਸਨ। ਅਸੀਂ ਕਿਸਾਨਾਂ ਨੂੰ ਫ਼ਤਿਹ ਬੁਲਾ ਕੇ ਮਿਲੇ। ਮੇਰੀ ਸਾਥਣ ਨਵਕਿਰਨ ਝੱਟ ਧਰਨੇ ਵਾਲੇ ਕਿਸਾਨਾਂ ਨਾਲ ਬੈਠ ਗਈ। ਕਿਸਾਨ ਦੀ ਧੀ ਹੋਣ ਕਰਕੇ ਹਮਦਰਦੀ ਸੁਭਾਵਿਕ ਸੀ। ਉਸ ਨੇ ਸੁਭਾਅ ਅਨੁਸਾਰ ਚੰਡੀਗੜ ਦਾ ਕੋਰੋਨਾ ਡਰ ਲਾਹ ਮਾਰਿਆ ਅਤੇ ਪਰਿਵਾਰ ਵਾਂਗ ਲੱਗੀ ਮੋਦੀ ਖ਼ਿਲਾਫ਼ ਬੋਲਣ। ਮੈਂ ਹੋਰ ਕਿਸਾਨਾਂ ਨਾਲ ਗੱਲਾਂ ਕਰਨ ਲੱਗਾ। ਕੁਝ ਮਿੰਟ ਬਾਅਦ ਮੈਂ ਆਪਣੇ ਬਾਰੇ ਦਸਿਆ ਤਾਂ ਉਨ੍ਹਾਂ ਵਿੱਚੋਂ ਕਈ ਤਾਂ ਪੰਜਾਬੀ ਟ੍ਰਿਬਿਊਨ ਵੇਲੇ ਦੇ ਜਾਣੂ ਨਿਕਲੇ। ਕਈਆਂ ਨੇ ਕਿਹਾ ਕਿ ਤੁਹਾਡੀ ਆਵਾਜ਼ ਜਾਣੀ ਪਛਾਣੀ ਲਗਦੀ ਸੀ ਕਿਉਂਕਿ ਉਹ ਯੂ ਟਿਊਬ ‘ਤੇ ਡਿਬੇਟਾਂ ਵੇਖਦੇ ਸਨ। ਉਨ੍ਹਾਂ ਕਿਹਾ ਕਿ ਮਾਸਕ ਲਾਹ ਕੇ ਸ਼ਕਲ ਵਿਖਾਉ। ਖ਼ੈਰ, ਚੰਗਾ ਇਸ ਕਰਕੇ ਲੱਗਾ ਕਿ ਪਿੰਡਾਂ ‘ਚ ਹੁਣ ਮੀਡੀਆ ਦੇ ਸਾਧਨਾਂ ਰਾਹੀਂ ਬਹੁਤ ਜਾਣਕਾਰੀ ਜਾ ਰਹੀ ਹੈ। ਸ਼ਾਇਦ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਭੁਲੇਖੇ ‘ਚ ਹਨ। ਕਿਸਾਨਾਂ ਬਾਰੇ ਜੋ ਬੋਲਦਾ ਹੈ, ਲੋਕ ਕਿਵੇਂ ਸੱਚ ਮੰਨ ਲੈਣਗੇ।

ਮੈਂ ਵੇਖਿਆ ਕਿ ਮਾਜਰੀ ਬਲਾਕ ਦਾ ਬੜੌਦੀ ਪਿੰਡ ਹੈ। ਟੈਂਟ ਅੰਦਰ ਲਿਖ ਕੇ ਲਾਇਆ ਹੋਇਆ ਹੈ ਕਿ ਕੋਈ ਰਾਜਸੀ ਨੇਤਾ ਕਿਸਾਨਾਂ ਨਾਲ ਫੋਟੋ ਨਹੀਂ ਖਿੱਚ ਸਕਦਾ। ਪਿੰਡ ਵਾਲ਼ਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰਾਜਸੀ ਪਾਰਟੀਆਂ ਤੋਂ ਉੱਪਰ ਉਠ ਕੇ ਲੋਕ ਹਿੱਤ ਕਿਸਾਨ ਮਿਸ਼ਨ ਬਣਾਇਆ ਹੈ। ਸਾਰੇ ਪਿੰਡਾਂ ਦੇ ਲੋਕ ਰੋਜ਼ਾਨਾ ਰੋਸ ਧਰਨੇ ‘ਤੇ ਬੈਠਦੇ ਹਨ। ਪਿੰਡਾਂ ਵਿੱਚ ਮੋਦੀ ਦੇ ਫ਼ੈਸਲੇ ਵਿਰੁੱਧ ਜ਼ਬਰਦਸਤ ਲਹਿਰ ਹੈ। ਹੁਣ ਲੋਕਾਂ ਨੂੰ ਲਗਦਾ ਹੈ ਕਿ ਜੇਕਰ ਨਾ ਲੜੇ ਤਾਂ ਕਿਸਾਨ ਮਾਰਿਆ ਜਾਵੇਗਾ ਅਤੇ ਪੰਜਾਬ ਖਤਮ ਹੋ ਜਾਵੇਗਾ। ਧਰਨੇ ‘ਤੇ ਕਈ ਵਾਰ ਗੀਤਕਾਰ ਵੀ ਰੌਣਕ ਲਾਉਂਦੇ ਹਨ। ਇਹ ਸਥਿਤੀ ਪੰਜਾਬ ਦੇ ਮਾਜਰੀ ਬਲਾਕ ਦੇ ਬੜੌਦੀ ਪਿੰਡ ਦੀ ਹੈ ਤਾਂ ਪੰਜਾਬ ਦੇ ਵੱਡੇ ਪਿੰਡਾਂ/ਕਸਬਿਆਂ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਅਸੀਂ ਇਜਾਜ਼ਤ ਲੈ ਕੇ ਵਾਪਸ ਆ ਰਹੇ ਸੀ ਤਾਂ ਮੈਂ ਕਿੰਨੀ ਦੇਰ ਇਹ ਹੀ ਸੋਚਦਾ ਰਿਹਾ ਕਿ ਦੇਸ਼ ਦੀ ਤ੍ਰਾਸਦੀ ਹੀ ਰਹੀ ਹੈ ਕਿ ਦਿੱਲੀ ਨੇ ਪੰਜਾਬ ਨੂੰ ਕਦੇ ਗਲ ਨਾ ਲਾਇਆ ਅਤੇ ਕਦੇ ਪੰਜਾਬ ਨੂੰ ਸਮਝਣ ਦੀ ਕੋਸ਼ਿਸ਼ ਨਾ ਕੀਤੀ। ਪੰਜਾਬ ਗੁਰੂਆਂ ਦੀ ਧਰਤ ਅਤੇ ਮਾਨਵਤਾ ਦਾ ਸੁਨੇਹਾ ਦੇਣ ਵਾਲੀ! ਪਤਾ ਨਹੀਂ ਕਿਉਂ ਦਿੱਲੀ ਹਰ ਵਾਰ ਪੰਜਾਬ ਦੇ ਗਲ ਲੜਾਈ ਪਾਉਂਦੀ ਹੈ ਅਤੇ ਫਿਰ ਆਪ ਹੀ ਫ਼ੈਸਲੇ ਸੁਣਾਉਂਦੀ ਹੈ!

ਸੰਪਰਕ : 98140 02186

Share this Article
Leave a comment