ਬਾਦਲ ਦੇ ਹਲਕੇ ਲੰਬੀ ‘ਚ ਤੇਜੀ ਨਾਲ ਹੋ ਰਿਹੈ ਧਰਮ ਪਰਿਵਰਤਨ, ਭਾਰੀ ਤਦਾਦ ਵਿੱਚ ਸਿੱਖ ਬਣ ਰਹੇ ਨੇ ਕ੍ਰਿਸਚਿਨ, ਗਲਤੀਆਂ ਸਾਡੀਆਂ ਆਪਣੀਆਂ ਹੀ ਨੇ : ਸੁਖਬੀਰ

TeamGlobalPunjab
14 Min Read

ਕੁਲਵੰਤ ਸਿੰਘ

ਸੁਲਤਾਨਪੁਰ ਲੋਧੀ : ਸਿੱਖ ਪੰਥ ਵਿੱਚ ਰਹਿਤ ਮਰਿਆਦਾਵਾਂ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਸਖਤੀਆਂ ਅਤੇ ਤੇਜ਼ੀ ਨਾਲ ਵਧ ਰਹੀ ਕੱਟਰਪੰਥੀ ਲਹਿਰ ਨੇ ਸਿੱਖਾਂ ਨੂੰ ਸਿੱਖ ਪੰਥ ਤੋਂ ਦੂਰ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੇ ਸਿੱਖ ਪੰਥ ਛੱਡ ਕੇ ਜਾਂ ਤਾਂ ਡੇਰਿਆਂ ਵੱਲ ਮੂੰਹ ਕਰ ਲਿਆ ਹੈ ਤੇ ਜਾਂ ਫਿਰ ਉਹ ਕ੍ਰਿਸਚਿਨ ਬਣਨੇ ਸ਼ੁਰੂ ਹੋ ਗਏ ਹਨ। ਇਸ ਦੀ ਸਭ ਤੋਂ ਵੱਡੀ ਉਦਾਹਰਣ ਸਿੱਖ ਪੰਥ ਦੇ ਉਸ ਆਗੂ ਦੇ ਹਲਕੇ ਚੋਂ ਮਿਲਦੀ ਹੈ ਜਿਹੜਾ ਨਾ ਸਿਰਫ ਪੰਜਾਬ ਦੀ ਸੱਤਾ ਤੇ 5 ਵਾਰ ਕਾਬਜ਼ ਰਿਹਾ ਬਲਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਪਿਛਲੇ ਕਈ ਦਹਾਕਿਆਂ ਤੋਂ ਉਸ ਦੇ ਅਧੀਨ ਹੈ ਜਿਸ ਸ਼੍ਰੋਮਣੀ ਕਮੇਟੀ ਦਾ ਕੰਮ ਹੀ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਕਿ ਪੰਥਕ ਜਥੇਬੰਦੀ ਅਖਵਾਉਂਦੀ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਸਰਪ੍ਰਸਤ ਹਨ। ਬਾਦਲ ਦੇ ਲੰਬੀ ਹਲਕੇ ਵਿੱਚ ਲੋਕ ਤੇਜ਼ੀ ਨਾਲ ਧਰਮ ਪਰਿਵਰਤਨ ਕਰਕੇ ਕ੍ਰਿਸਚਿਨ ਬਣਨ ਲੱਗੇ ਹੋਏ ਹਨ। ਕੁਝ ਸਮਾਂ ਪਹਿਲਾਂ ਇਸ ਹਲਕੇ ਅੰਦਰ ਜਿੱਥੇ ਸਿੱਖ ਪੰਥ ਪੂਰੀ ਤਰ੍ਹਾਂ ਫੈਲਿਆ ਹੋਇਆ ਸੀ ਉੱਥੇ ਅੱਜ 10 ਚਰਚਾਂ ਦੀ ਉਸਾਰੀ ਹੋ ਚੁਕੀ ਹੈ ਤੇ ਲੋਕ ਇੱਥੇ ਵੱਡੀ ਤਦਾਦ ਵਿੱਚ ਗੁਰੂ ਨਾਲੋਂ  ਬੇਮੁੱਖ ਹੋ ਕੇ ਹੋਰਨਾਂ ਧਰਮਾਂ ਦੇ ਲੜ ਲੱਗ ਗਏ ਹਨ।

ਇਹ ਹੀ ਨਹੀਂ ਪੰਜਾਬ ਦੇ ਸਰਹੱਦੀ ਇਲਾਕਿਆਂ ਚ ਪੈਂਦੇ ਸੈਂਕੜੇਂ ਪਿੰਡਾਂ ਤੇ ਸ਼ਹਿਰਾਂ ਅੰਦਰ ਇਸ ਵੇਲੇ ਲੋਕਾਂ ਨੇ ਸਿੱਖ ਧਰਮ ਨੂੰ ਛੱਡ ਕੇ ਜਾਂ ਤਾਂ ਕ੍ਰਿਸ਼ਚਿਨ ਧਰਮ ਅਪਣਾ ਲਿਆ ਹੈ ਤੇ ਜਾਂ ਫਿਰ ਉਹ ਡੇਰਿਆਂ ਦੀ ਸ਼ਰਨ ਵਿੱਚ ਚਲੇ ਗਏ ਹਨ। ਗੁਰੂ ਨਗਰੀ ਅੰਮ੍ਰਿਤਸਰ ਦੇ ਨਾਲ ਲਗਦੇ ਇਲਾਕਿਆਂ ਵਿੱਚ ਸਰਵੇ ਕਰਨ ਤੇ ਅਜਿਹੇ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਜਾਣ ਕੇ ਮਨ ਅੰਦਰ ਇਹ ਸਵਾਲ ਉਠ ਖੜ੍ਹਾ ਹੋਇਆ ਹੈ ਕਿ ਜੇਕਰ ਅਸੀਂ ਉਨ੍ਹਾਂ ਇਲਾਕਿਆਂ ਦੀ ਸੰਗਤ ਤੋਂ ਸਿੱਖ ਪੰਥ ਤੋਂ ਬੇਮੁੱਖ ਹੋਣੋਂ ਨਹੀਂ ਬਚਾ ਸਕੇ ਜਿਹੜੇ ਇਲਾਕੇ ਸਾਡੇ ਗੁਰੂਆਂ ਦੀ ਪਾਵਨ ਪਵਿੱਤਰ ਛੋਹ ਪ੍ਰਾਪਤ ਹਨ ਜਿੱਥੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਦਫਤਰ ਹੈ, ਜਿੱਥੇ ਸ੍ਰੀ ਹਰਿਮੰਦਰ ਸਾਹਿਬ ਵਰਗਾ ਸਿੱਖਾਂ ਦਾ ਸਭ ਤੋਂ ਵੱਡਾ ਧਰਮ ਸਥਾਨ ਹੈ, ਤੇ ਜਿਸ ਨੂੰ ਸਿੱਖ ਸਿਆਸਤ ਦਾ ਗੜ੍ਹ ਮੰਨਿਆਂ ਜਾਂਦਾ ਹੈ ਤਾਂ ਫਿਰ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੋਕਾਂ ਨੂੰ ਸਿੱਖ ਧਰਮ ਦੇ ਨਾਲ ਜੋੜਨ ਲਈ ਕਿਵੇਂ ਦਾਅਵਾ ਕਰ ਸਕਦੇ ਹਾਂ? ਅੰਮ੍ਰਿਤਸਰ ਦੇ ਨਾਲ ਲਗਦੇ ਅਟਾਰੀ, ਤਰਨ ਤਾਰਨ, ਗੁਰਦਾਸਪੁਰ, ਧਾਰੀਵਾਲ, ਬਟਾਲਾ, ਝਬਾਲ, ਅੰਮ੍ਰਿਤਸਰ ਖਾਸ ਦੇ ਸੈਂਕੜੇ ਪਿੰਡਾਂ ਵਿੱਚ ਅੱਜ ਹਜ਼ਾਰਾਂ ਲੋਕ ਸਿੱਖ ਧਰਮ ਨੂੰ ਤਿਆਗ ਕੇ ਕ੍ਰਿਸਚਿਨ ਧਰਮ ਅਪਣਾ ਚੁਕੇ ਹਨ ਤੇ ਇੰਨੇ ਹੀ ਅਪਣਾਉਣ ਦੀ ਤਿਆਰੀ ਵਿੱਚ ਹਨ।

ਸੂਤਰਾਂ ਅਨੁਸਾਰ ਜਿਹੜੇ ਲੋਕ ਧਰਮ ਪਰਿਵਰਤਨ ਕਰਕੇ ਕ੍ਰਿਸ਼ਚਿਨ ਬਣ ਰਹੇ ਹਨ ਉਨ੍ਹਾਂ ਵਿੱਚ ਜਿਆਦਾਤਰ ਗਰੀਬ ਅਤੇ ਦਲਿਤ ਭਾਈਚਾਰਾ ਹੈ। ਜਿਨ੍ਹਾਂ ਨੂੰ ਇਸਾਈ ਧਰਮ ਦੇ ਪਾਦਰੀ ਅਤੇ ਪ੍ਰਚਾਰਕ ਬਿਮਾਰੀਆਂ, ਗੁਰਬਤ ਅਤੇ ਹੋਰ ਨਿੱਜੀ ਸਮੱਸਿਆਵਾਂ ਤੋਂ ਛੁਟਕਾਰਾ ਦਵਾਉਣ ਲਈ ਵੱਡੇ ਵੱਡੇ ਸਬਜ ਬਾਗ ਦਿਖਾਉਂਦੇ ਹਨ। ਉਹ ਲੋਕ ਇਨ੍ਹਾਂ ਕੋਲ ਆਏ ਲੋਕਾਂ ਸਾਹਮਣੇ ਹੀ ਚਮਤਕਾਰ ਦਾ ਦਾਅਵਾ ਕਰਕੇ ਅਜਿਹੇ ਉਪਾਅ ਕਰਕੇ ਵਿਖਾਉਂਦੇ ਹਨ ਜਿਵੇਂ ਤਾਂਤਰਿਕ ਕਰਿਆ ਕਰਦੇ ਹਨ। ਜਿਹੜੇ ਲੋਕਾਂ ਕੋਲ ਇਸਾਈ ਧਰਮ ਦੇ ਪ੍ਰਚਾਰਕ ਪ੍ਰਚਾਰ ਕਰਨ ਪਹੁੰਚਦੇ ਹਨ ਜਾਂ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਇਨ੍ਹਾਂ ਕੋਲ ਆਉਂਦੇ ਹਨ ਉਨ੍ਹਾਂ ਨੂੰ ਇਨ੍ਹਾਂ ਦੇ ਪ੍ਰਚਾਰਕ ਮੌਕੇ ਤੇ ਹੀ ਅਰਦਾਸ ਕਰਕੇ ਜਲ ਦਿੰਦੇ ਹਨ ਤੇ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਜਲ ਨਾਲ ਪੀੜਤਾਂ ਦੇ ਦੁੱਖ ਦਰਦ ਦੂਰ ਹੋ ਜਾਣਗੇ। ਇੱਥੇ ਹੀ ਬੱਸ ਨਹੀਂ ਮਿਲੀ ਜਾਣਕਾਰੀ ਅਨੁਸਾਰ ਇਸਾਈਅਤ ਦਾ ਪ੍ਰਚਾਰ ਕਰਨ ਲਈ ਇਸਾਈ ਧਰਮ ਦੇ ਲੋਕ ਗਰੀਬਾਂ ਦੇ ਘਰ ਬਣਾ ਕੇ ਦਿੰਦੇ ਹਨ, ਉਨ੍ਹਾਂ ਦੇ ਬੱਚਿਆਂ ਦੀ ਫੀਸ ਭਰ ਦਿੰਦੇ ਹਨ, ਗਰੀਬਾਂ ਨੂੰ ਰਾਸ਼ਣ ਮੁਫਤ ਵੰਡ ਦਿੰਦੇ ਹਨ, ਬਿਮਾਰ ਲੋਕਾਂ ਦਾ ਇਲਾਜ਼ ਕਰਵਾ ਕੇ ਦਿੰਦੇ ਹਨ ਤੇ ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀ ਆਰਥਿਕ ਮਦਦ ਕਰਕੇ ਇਨ੍ਹਾਂ ਨਾਲ ਜੁੜੇ ਲੋਕਾਂ ਦਾ ਦਿਲ ਜਿੱਤ ਲੈਂਦੇ ਹਨ ਤੇ ਦੇਖਦੇ ਹੀ ਦੇਖਦੇ ਇਹ ਪ੍ਰਚਾਰ ਇੱਕ ਤੋਂ ਦੂਜੇ, ਦੂਜੇ ਤੋਂ ਤੀਜੇ ਰਾਹੀਂ ਹੁੰਦਾ ਗਲੀਆਂ ਚੋਂ ਨਿੱਕਲ ਕੇ ਮੁਹੱਲਿਆਂ ਤੇ ਫਿਰ ਸ਼ਹਿਰਾਂ ਤੋਂ ਹੁੰਦਾ ਹੋਇਆ ਜਿਲ੍ਹਿਆਂ ਅੰਦਰ ਫੈਲ ਚੁਕਿਆ ਹੈ।

ਸਰਹੱਦੀ ਇਲਾਕਿਆਂ ਦਾ ਦੌਰਾ ਕਰਨ ਤੇ ਇੱਕ ਗੱਲ ਬੜੀ ਵੱਡੀ ਪੱਧਰ ਤੇ ਨਿੱਕਲ ਕੇ ਸਾਹਮਣੇ ਆਈ ਕਿ ਧਰਮ ਪਰਿਵਰਤਨ ਦੀ ਇਸ ਲਹਿਰ ਨੇ ਪਿਛਲੇ ਇੱਕ ਦਹਾਕੇ ਤੋਂ ਜੋਰ ਫੜਿਆ ਹੈ ਤੇ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਇੱਕ ਦਹਾਕੇ ਤੋਂ ਹੀ ਪੰਜਾਬ ਅੰਦਰ ਨਸ਼ਿਆਂ ਦਾ ਚਲਣ, ਕਿਸਾਨ ਆਤਮ ਹੱਤਿਆਵਾਂ, ਬੇਰੁਜ਼ਗਾਰੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੋਕਾਂ ਦਾ ਮੋਹ ਵੀ ਪਿਛਲੇ ਇੱਕ ਦਹਾਕੇ ਦੌਰਾਨ ਹੀ ਭੰਗ ਹੋਣਾ ਸ਼ੁਰੂ ਹੋਇਆ ਹੈ ਕਿਉਂਕਿ ਡੇਰਾ ਸਿਰਸਾ ਦੇ ਮੁਖੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲਾਂ ਮਾਫੀ ਦੇਣਾ ਤੇ ਫਿਰ ਉਹ ਮਾਫੀ ਨੂੰ ਵਾਪਸ ਲੈ ਲੈਣਾ, ਇਸ ਤੋਂ ਬਾਅਦ ਪੰਜਾਬ ਭਰ ਵਿੱਚ ਬੇਅਦਬੀ ਕਾਂਡ ਦੀਆਂ ਘਟਨਾਵਾਂ ਘਟਣੀਆਂ ਤੇ ਇਸ ਦੌਰਾਨ ਪੁਲਿਸ ਵੱਲੋਂ ਗੋਲੀਆਂ ਮਾਰ ਕੇ ਸਿੰਘਾਂ ਦਾ ਕਤਲ ਕਰ ਦੇਣਾ, ਇਸ ਸਭ ਦਾ ਇਲਜ਼ਾਮ ਉਸ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿੱਪ ਤੇ ਲੱਗਿਆ ਜਿਸ ਲੀਡਰਸ਼ਿੱਪ ਨੇ ਸੂਬੇ ਅੰਦਰ 5 ਵਾਰ ਸਰਕਾਰ ਬਣਾਈ ਤੇ ਚਲਾਈ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸੇ ਲੀਡਰਸ਼ਿੱਪ ਦੇ ਅਧੀਨ ਹੀ ਹੈ ਤੇ ਸਾਰੇ ਯਤਨ ਕੀਤੇ ਜਾਣ ਦੇ ਬਾਵਜੂਦ ਅੱਜ ਤੱਕ ਸਿੱਖ ਪੰਥ ਨੂੰ ਗੁਰੂ ਦੇ ਦੋਖੀਆਂ ਦੇ ਦੋਸ਼ੀਆਂ ਬਾਰੇ ਹੀ ਪਤਾ ਨਹੀਂ ਲੱਗ ਸਕਿਆ। ਸ਼ਰੇਆਮ ਦੋ ਸਰਕਾਰਾਂ ਨੇ ਚਾਰ ਸਾਲ ਤੋਂ ਵੱਧ ਦਾ ਸਮਾਂ ਲੰਘਾ ਲਿਆ ਤੇ ਅੱਜ ਵੀ ਸਿੱਖ ਪੰਥ ਦੇ ਹੱਥ ਇਸ ਜਾਂਚ ਦੇ ਨਾਂ ਤੇ ਖਾਲੀ ਹਨ। ਇਸ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਅਤੇ ਇਸ ਦੀ ਲੀਡਰਸ਼ਿੱਪ ਪੂਰੀ ਤਰ੍ਹਾਂ ਰਾਜਨੀਤੀ ਦੇ ਰੰਗ ਵਿੱਚ ਰੰਗਣ ਤੋਂ ਬਾਅਦ ਸਿੱਖ ਪੰਥ ਨੂੰ ਆਪਣੇ ਨਾਲ ਜੋੜ ਕੇ ਰੱਖਣ ਵਿੱਚ ਪੂਰੀ ਤਰ੍ਹਾਂ ਅਸਫਲ ਹੋਈ ਹੈ। ਸ਼ਾਇਦ ਇਹੋ ਕਾਰਨ ਹੈ ਕਿ ਲੋਕਾਂ ਦਾ ਮੋਹ ਹੁਣ ਸਿੱਖ ਪੰਥ ਨਾਲੋਂ ਭੰਗ ਹੁੰਦਾ ਜਾ ਰਿਹਾ ਹੈ। ਜਿਸ ਦਾ ਨਤੀਜਾ ਉਨ੍ਹਾਂ ਸਰਹੱਦੀ ਇਲਾਕਿਆਂ ਵਿੱਚ ਜਿਆਦਾ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਭਾਵ ਜਿਆਦਾ ਹੈ। ਇਸ ਦਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉੱਧਰ ਦੇ ਲੋਕ ਇਨ੍ਹਾਂ ਨੂੰ ਬੜੀ ਨੇੜਿਓਂ ਜਾਣ ਚੁਕੇ ਹਨ ਤੇ ਉਹ ਇਨ੍ਹਾਂ ਦੇ ਵਰਤਾਰੇ ਨੂੰ ਦੇਖ ਕੇ ਅੰਦਰੋਂ ਬੇਹੱਦ ਦੁਖੀ ਹੈ। ਇਸ ਤੋਂ ਇਲਾਵਾ ਦੂਜੇ ਪਾਸੇ ਇਸਾਈ ਧਰਮ ਦੇ ਲੋਕ ਇਨ੍ਹਾਂ ਵਿਸਾਰੇ ਗਏ ਲੋਕਾਂ ਨੂੰ ਆਪਣੇ ਗਲ ਨਾਲ ਲਾ ਰਹੇ ਹਨ, ਇਨ੍ਹਾਂ ਦੀ ਆਰਥਿਕ ਮਦਦ ਕਰ ਰਹੇ ਹਨ ਤੇ ਉੱਥੇ ਅਜਿਹਾ ਕੋਈ ਰੌਲਾ ਵੀ ਨਹੀਂ ਹੈ ਜਿਸ ਨੂੰ ਰਾਜਨੀਤੀ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੋਵੇ।

- Advertisement -

ਇਹ ਗੱਲ ਸਿਰਫ ਅਸੀਂ ਹੀ ਨਹੀਂ ਕਹਿ ਰਹੇ ਇਸ ਨੂੰ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਮੰਨਿਆ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਆਬਾਦੀ ਆਪ ਖੁਦ ਘਟਾ ਰਹੇ ਹਾਂ ਕਿਉਂਕਿ ਜਿਹੜੇ ਲੋਕ ਸਿੱਖ ਬਣਨਾਂ ਚਾਹੁੰਦੇ ਹਨ ਉਨ੍ਹਾਂ ਲਈ ਅਸੀਂ ਆਪਣੇ ਆਪ ਨੂੰ ਇੰਨਾ ਜਕੜ ਲਿਆ ਹੈ ਕਿ ਉਹ ਲੋਕ ਤੰਗ ਹੋ ਜਾਂਦੇ ਹਨ ਤੇ ਜਦੋਂ ਉਹ ਤੰਗ ਹੋ ਜਾਂਦੇ ਹਨ ਤਾਂ ਫਿਰ ਉਹ ਆਪਣੇ ਆਪ ਹੀ ਕੋਈ ਹੋਰ ਰਾਹ ਲੱਭ ਲੈਂਦੇ ਹਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਲੰਬੀ ਹਲਕੇ ਚ ਪਹਿਲਾਂ ਕੋਈ ਚਰਚ ਨਹੀਂ ਹੋਇਆ ਕਰਦੀ ਸੀ, ਪਰ ਅੱਜ ਉੱਥੇ 10 ਚਰਚ ਕਿਵੇਂ ਖੁੱਲ੍ਹ ਗਏ ਉਸ ਬਾਰੇ ਜਦੋਂ ਉਨ੍ਹਾਂ ਨੇ ਇਹ ਪਤਾ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਜਾਣ ਕੇ ਹੈਰਾਨ ਰਹਿ ਗਏ ਕਿ ਉੱਥੇ ਵੱਡੀ ਤਦਾਦ ਵਿੱਚ ਲੋਕ ਧਰਮ ਪਰਿਵਰਤਨ ਕਰਕੇ ਕ੍ਰਿਸ਼ਚਿਨ ਬਣ ਗਏ ਹਨ ਤੇ ਇਸ ਸਭ ਤੋਂ ਸਾਨੂੰ ਸਿਰਫ ਮਹਾਂਪੁਰਸ਼ ਹੀ ਬਚਾ ਸਕਦੇ ਹਨ, ਮਹਾਂਪੁਰਸ਼ ਹੀ ਪੰਥ ਨੂੰ ਗੁਰੂ ਨਾਲ ਜੋੜ ਕੇ ਰੱਖ ਸਕਦੇ ਹਨ।

ਪਰ ਇਸ ਦੇ ਉਲਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਕਰਨੈਲ ਸਿੰਘ ਪੰਜੋਲੀ ਕਹਿੰਦੇ ਹਨ ਕਿ ਗੁਰੂ ਨਾਨਕ ਪਾਤਸ਼ਾਹ ਨੇ 4 ਉਦਾਸੀਆਂ ਪੈਦਲ ਚੱਲ ਕੇ ਕੀਤੀਆਂ ਪਰ ਇੱਥੇ ਸਾਡੇ ਲੀਡਰ  50-50 ਲੱਖ ਰੁਪਏ ਦੀਆਂ ਗੱਡੀਆਂ ਤੇ ਬੈਠਦੇ ਹਨ ਤਾਂ ਬਾਹਰ ਨਿੱਕਲਦੇ ਹਨ। ਉਨ੍ਹਾਂ ਕਿਹਾ ਕਿ ਅੱਜ ਸ਼੍ਰੋਮਣੀ ਕਮੇਟੀ ਦੇ ਆਗੂਆਂ ਦੀ ਕਹਿਣੀ ਤੇ ਕਥਣੀ ਵਿੱਚ ਲੋਕ ਫਰਕ ਦੇਖ ਰਹੇ ਹਨ। ਉਨ੍ਹਾਂ ਦਾ ਜੀਵਨ ਪੰਥਕ ਰੰਗ ਵਿੱਚ ਨਹੀਂ ਰੰਗਿਆ ਹੋਇਆ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਧਰਮ ਸਿਰਫ ਇਸ ਗੱਲ ਤੇ ਕਾਇਮ ਨਹੀਂ ਰਹਿ ਸਕਦਾ ਕਿ ਤੁਸੀਂ ਲੋਕਾਂ ਨੂੰ ਇਹ ਕਹੋ ਕਿ ਤੁਸੀਂ ਅੰਮ੍ਰਿਤ ਛਕ ਲਓ ਤੇ ਗੁਰੂ ਦੇ ਲੜ ਲੱਗ ਜਾਓ,  ਨਾਲ ਦੇ ਨਾਲ ਲੋਕਾਂ ਨੂੰ ਰੁਜ਼ਗਾਰ ਦੇ ਸਾਧਨ ਦੇਣ ਦੀ ਵੀ ਲੋੜ ਹੈ ਕਿਉਂਕਿ ਰੋਜੀ ਰੋਟੀ ਤੋਂ ਬਗੈਰ ਵੀ ਮਨੁੱਖ ਜਿਉਂਦਾ ਨਹੀਂ ਰਹਿ ਸਕਦਾ। ਲੋਕਾਂ ਨੂੰ ਬੱਚੇ ਪੜ੍ਹਾਉਣੇ ਔਖੇ ਹੋ ਗਏ, ਫੀਸਾਂ ਦੇਣੀਆਂ ਔਖੀਆਂ ਹੋ ਗਈਆਂ, ਤੇ ਇਹ ਉਹ ਸਮੱਸਿਆਵਾਂ ਹਨ ਜਿਸ ਨਾਲ ਸ਼੍ਰੋਮਣੀ ਕਮੇਟੀ ਵੀ ਲਗਾਤਾਰ ਜੂਝ ਰਹੀ ਹੈ ਤੇ ਪੂਰਾ ਖਾਲਸਾ ਪੰਥ ਇਸ ਲਈ ਚਿੰਤਤ ਵੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਆਪ ਖੁਦ ਪੰਥਕ ਏਜੰਡਾ ਅਪਣਾਉਣਾ ਚਾਹੀਦਾ ਹੈ ਤੇ ਆਪਣੇ ਆਪ ਨੂੰ ਪੰਥ ਦੇ ਰੰਗ ਵਿੱਚ ਰੰਗਣਾ ਚਾਹੀਦਾ ਹੈ ਤੇ ਗੁਰਮਤ ਦੇ ਧਾਰਨੀ ਹੋਣਾਂ ਚਾਹੀਦਾ ਹੈ ਤੇ ਸ਼੍ਰੋਮਣੀ ਕਮੇਟੀ ਦਾ ਬਹੁ ਗਿਣਤੀ ਪੈਸਾ ਹੋਰ ਪਾਸੇ ਤੋਂ ਰੋਕ ਕੇ ਲੋਕਾਂ ਨੂੰ ਵਿੱਦਿਆ ਦੇ ਪਾਸੇ ਦੇਣਾ ਚਾਹੀਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜਿਹੜੇ ਲੋਕ ਆਪਣੇ ਬੱਚੇ ਦੀ ਫੀਸ ਨਹੀਂ ਭਰ ਸਕਦੇ ਜੇਕਰ ਕੋਈ ਉਨ੍ਹਾਂ ਦੀ ਫੀਸ ਭਰ ਦੇਵੇ ਤਾਂ ਫਿਰ ਉਹ ਉਨ੍ਹਾਂ ਲੜ ਕਿਉਂ ਨਾ ਲੱਗੇ। ਕਰਨੈਲ ਸਿੰਘ ਪੰਜੋਲੀ ਅਨੁਸਾਰ ਲੋਕਾਂ ਦਾ ਭਰੋਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਠ ਚੁਕਿਆ ਹੈ।  ਉਨ੍ਹਾਂ ਕਿਹਾ ਕਿ ਸਾਡਾ ਸਿਧਾਂਤਕ ਸਮਝੌਤਾ ਬੀਜੇਪੀ ਨਾਲ ਹੈ ਜੋ ਕਿ ਗਲਤ ਹੈ। ਪੰਜੋਲੀ ਅਨੁਸਾਰ ਸਾਡਾ ਸਮਝੌਤਾ ਅਸਲ ਵਿੱਚ ਬਹੁਜਨ ਸਮਾਜ ਪਾਰਟੀ ਨਾਲ ਹੋਣਾ ਚਾਹੀਦਾ ਸੀ ਜਾਂ ਫਿਰ ਅਸੀਂ ਅਜ਼ਾਦਾਨਾਂ ਢੰਗ ਨਾਲ ਕੰਮ ਕਰਦੇ। ਉਨ੍ਹਾਂ ਕਿਹਾ ਕਿ ਸਿੱਖੀ ਦਲਿਤ ਭਾਈਚਾਰੇ ਚੋਂ ਨਿੱਕਲਦੀ ਹੈ, ਜੋ ਕਿ ਟੁੱਟ ਟੁੱਟ ਕੇ ਇਸਾਈਅਤ ਵਿੱਚ ਜਾ ਰਹੇ ਹਨ। ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਹਿੰਦੂ ਭਰਾ ਜੀਅ ਸਦਕੇ ਆਪਣਾ ਧਰਮ ਪ੍ਰਫੂਲਿਤ ਕਰਨ ਪਰ ਉਨ੍ਹਾਂ ਵਿੱਚੋਂ ਸਿੱਖੀ ਥੋੜਾ ਪ੍ਰਫੂਲਿਤ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਦਲਿਤ ਨੂੰ ਛੱਡ ਦਿੱਤਾ, ਵਿਹੜੇ ਵਾਲੇ ਲੋਕ ਛੱਡ ਦਿੱਤੇ, ਕਿਰਤੀ ਲੋਕ ਛੱਡ ਦਿੱਤੇ ਤੇ ਅਸੀਂ ਵੱਡਿਆਂ ਨਾਲ ਸਾਂਝ ਪਾ ਲਈ ਤੇ ਜਿਨ੍ਹਾਂ ਨਾਲ ਸਾਡੇ ਧਰਮ ਦਾ ਸਿਧਾਂਤਕ ਤੌਰ ਤੇ ਸਮਝੌਤਾ ਹੋ ਹੀ ਨਹੀਂ ਸਕਦਾ।

ਕਰਨੈਲ ਸਿੰਘ ਪੰਜੋਲੀ ਕਹਿੰਦੇ ਹਨ ਕਿ ਪਿਛਲੇ ਸਮੇਂ ਵਾਪਰੀਆਂ ਘਟਨਾਵਾਂ ਕਾਰਨ ਬੇਸ਼ੱਕ ਲੋਕ ਨਾਰਾਜ਼ ਹਨ ਪਰ ਬੰਦਿਆਂ ਦੀਆਂ ਗਲਤੀਆਂ ਕਾਰਨ ਪੰਥ ਨੂੰ ਕਮਜੋਰ ਨਹੀਂ ਕਰਨਾ ਚਾਹੀਦਾ ਕਿਉਂਕਿ ਅੱਜ ਬਹੁਤ ਸਾਰੀਆਂ ਤਾਕਤਾਂ ਸਿੱਖ ਪੰਥ ਨੂੰ ਕਮਜੋਰ ਕਰਨ ਚ ਲੱਗੀਆਂ ਹੋਈਆਂ ਹਨ। ਪਰ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦਾ ਟਾਕਰਾ ਕਰਨ ਦੀ ਬਜਾਏ ਇਨ੍ਹਾਂ ਲੋਕਾਂ ਨੇ ਉਸ ਪਾਸੇ ਵੱਲ ਆਪਣਾ ਏਜੰਡਾ ਹੀ ਨਹੀਂ ਰੱਖਿਆ। ਉਨ੍ਹਾਂ ਸਵਾਲ ਕੀਤਾ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਗੱਲ ਸੰਗਤ ਕਿਉਂ ਨਹੀਂ ਸੁਣਨਾ ਚਾਹੁੰਦੀ? ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਗੱਲ ਸੰਗਤ ਕਿਉਂ ਨਹੀਂ ਸੁਣਨਾ ਚਾਹੁੰਦੀ? ਇਸ ਦੇ ਕੀ ਕਾਰਨ ਹਨ ਇਹ ਲੱਭਣ ਦੀ ਲੋੜ ਹੈ ਤੇ ਜਿੱਥੇ ਘਾਟਾਂ ਨੇ ਉਨ੍ਹਾਂ ਨੂੰ ਦੂਰ ਕਰਨਾ ਚਾਹੀਦਾ ਹੈ। ਕਰਨੈਲ ਸਿੰਘ ਪੰਜੋਲੀ ਨੇ ਬੇਬਾਕ ਰਾਏ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਐਸਜੀਪੀਸੀ ਦੇ ਧਾਰਮਿਕ ਮਾਮਲਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਾਂ ਤਾਂ ਉਹ ਨਿਰੋਲ ਰਾਜਨੀਤੀ ਕਰਨ ਤੇ ਜੇ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸੰਸਥਾ ਵਿੱਚ ਸ਼ਾਮਲ ਹੋਣਾ ਹੈ ਜਾਂ ਦਖਲ ਦੇਣਾ ਹੈ ਤਾਂ ਫਿਰ ਉਨ੍ਹਾਂ ਨੂੰ ਪੰਥਕ ਏਜੰਡੇ ਤੋਂ ਬਿਨਾਂ ਕੋਈ ਗੱਲ ਨਹੀਂ ਕਰਨੀ ਚਾਹੀਦੀ। ਉਨ੍ਹਾਂ ਉਦਾਹਰਨ ਦਿੱਤੀ ਕਿ ਪੁਰਾਣੀ ਲੀਡਰਸ਼ਿੱਪ ਅਕਾਲੀ ਦਲ ਨਾਲ ਇਸ ਲਈ ਤੁਰਦੀ ਸੀ ਕਿਉਂਕਿ ਅਕਾਲੀ ਦਲ ਦਾ ਏਜੰਡਾ ਪੰਥਕ ਸੀ। ਪਰ ਅੱਜ ਸਾਡੇ ਕਲ ਪੰਥਕ ਏਜੰਡਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿਰਫ ਦੂਜਿਆਂ ਵਾਂਗ ਵੋਟਾਂ ਵਟੋਰ ਰਹੇ ਹਾਂ। ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਜਦੋਂ ਸਰਸੇ ਵਾਲੇ ਸਾਧ ਨੂੰ ਮਾਫ ਕੀਤਾ ਗਿਆ ਸੀ ਤਾਂ ਉਨ੍ਹਾਂ ਨੇ ਬਹੁਤ ਰੌਲਾ ਪਾਇਆ ਸੀ ਕਿ ਨਹੀਂ ਮਾਫ ਕਰਨਾ ਚਾਹੀਦਾ ਪਰ ਗਲਤੀ ਦਰ ਗਲਤੀ ਨੇ ਲੋਕਾਂ ਦੇ ਮਨਾਂ ਅੰਦਰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦਾ ਭਰੋਸਾ ਤੋੜ ਦਿੱਤਾ। ਇਸ ਨੂੰ ਦੂਰ ਕੀਤੇ ਜਾਣ ਦੀ ਲੋੜ ਹੈ। ਕਰਨੈਲ ਸਿੰਘ ਪੰਜੋਲੀ ਅਨੁਸਾਰ ਸਿੱਖ ਪੰਥ ਦੇ ਧਰਮ ਪਰਿਵਰਤਨ ਦੀ ਗੱਲ ਸਾਰੀ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿੱਪ ਨੂੰ ਪਤਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿੱਪ ਨੂੰ ਪਤਾ ਹੈ ਤੇ ਇੱਥੋਂ ਤੱਕ ਕਿ ਜਿੱਥੇ ਧਰਮ ਪਰਿਵਰਤਨ ਹੋ ਰਿਹਾ ਹੈ ਉਨ੍ਹਾਂ ਇਲਾਕਿਆਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਰਿਹਾਇਸ਼ ਹੈ, ਪਰ ਇਸ ਦੇ ਬਾਵਜੂਦ ਸਾਰੇ ਚੁੱਪ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ।

Share this Article
Leave a comment