‘ਮਨ ਕੀ ਬਾਤ’: ਪੌਣ ਊਰਜਾ, ਜਨਗਣਨਾ ਸਣੇ ਕਈ ਅਹਿਮ ਮੁੱਦਿਆਂ ‘ਤੇ ਪੀਐਮ ਮੋਦੀ ਨੇ ਦੇਸ਼ ਵਾਸੀਆਂ ਨਾਲ ਕੀਤੇ ਵਿਚਾਰ ਸਾਂਝੇ; ਪੜ੍ਹੋ ਕੀ ਕਿਹਾ

Global Team
3 Min Read

ਨਵੀ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਦੇਸ਼ ਅਤੇ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।ਇਹ ਇਸ ਪ੍ਰੋਗਰਾਮ ਦਾ 133ਵਾਂ ਐਪੀਸੋਡ ਸੀ।ਆਮ ਜਨਤਾ ਤੋਂ ਲੈ ਕੇ ਵੱਖ-ਵੱਖ ਭਾਜਪਾ ਵਰਕਰਾਂ ਅਤੇ ਨੇਤਾਵਾਂ ਤੱਕ, ਸਾਰਿਆਂ ਨੇ ਆਪਣੇ-ਆਪਣੇ ਖੇਤਰਾਂ ਵਿੱਚ ਪ੍ਰੋਗਰਾਮ ਸੁਣਿਆ।

ਮਨ ਕੀ ਬਾਤ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਮਹਾਤਮਾ ਬੁੱਧ ਤੋਂ ਲੈ ਕੇ ਸੁਭਾਸ਼ ਚੰਦਰ ਬੋਸ ਤੱਕ ਦੇ ਜਨਮ ਦਿਵਸਾਂ ਦਾ ਜ਼ਿਕਰ ਕੀਤਾ। ਇਸ ਤੋਂ ਇਲਾਵਾ ਪੌਣ ਊਰਜਾ ਬਾਰੇ ਬੋਲਦਿਆਂ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਦੇ ਵਿਕਾਸ ਲਈ ਸੌਰ ਅਤੇ ਪੌਣ ਊਰਜਾ ਬਹੁਤ ਜ਼ਰੂਰੀ ਹੈ। ਇਹ ਸਿਰਫ਼ ਵਾਤਾਵਰਣ ਦੀ ਗੱਲ ਨਹੀਂ ਹੈ, ਇਹ ਸਾਡੇ ਭਵਿੱਖ ਦੀ ਸੁਰੱਖਿਆ ਹੈ। ਇਸ ਵਿੱਚ ਸਾਡੇ ਸਾਰਿਆਂ ਦੀ ਭੂਮਿਕਾ ਹੈ।ਸਾਨੂੰ ਬਿਜਲੀ ਬਚਾਉਣੀ ਹੈ, ਸਾਨੂੰ ਸਵੱਛ ਊਰਜਾ, ਕਲੀਨ ਐਨਰਜੀ ਅਪਣਾਉਣੀ ਹੈ।

ਉਨ੍ਹਾਂ ਕਿਹਾ ਅੱਜ ਪੌਣ-ਸ਼ਕਤੀ ਭਾਰਤ ਦੇ ਵਿਕਾਸ ਦੀ ਨਵੀਂ ਕਹਾਣੀ ਲਿਖ ਰਹੀ ਹੈ। ਭਾਰਤ ਨੇ ਹਾਲ ਹੀ ਵਿੱਚ ਪੌਣ-ਊਰਜਾ ਯਾਨੀ ਵਿੰਡ ਐਨਰਜੀ ਵਿੱਚ ਵੱਡੀ ਉਪਲਬਧੀ ਹਾਸਲ ਕੀਤੀ ਹੈ। ਹੁਣ ਭਾਰਤ ਦੀ ਵਿੰਡ ਐਨਰਜੀ ਜਨਰੇਸ਼ਨ ਕੈਪੇਸਿਟੀ 56 ਗੀਗਾਵਾਟ ਤੋਂ ਵੱਧ ਹੋ ਚੁੱਕੀ ਹੈ। ਪਿਛਲੇ ਇੱਕ ਸਾਲ ਵਿੱਚ ਹੀ ਲਗਭਗ 6 ਗੀਗਾਵਾਟ ਨਵੀਂ ਸਮਰੱਥਾ ਜੁੜੀ ਹੈ। ਵਿੰਡ ਐਨਰਜੀ ਵਿੱਚ ਭਾਰਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਦੁਨੀਆ ਵੀ ਸਾਡੇ ਵੱਲ ਦੇਖ ਰਹੀ ਹੈ।

ਪੀਐਮ ਨੇ ਅੱਗੇ ਕਿਹਾ ਕਿ ਮਈ ਮਹੀਨੇ ਦੀ ਸ਼ੁਰੂਆਤ ਇੱਕ ਪਾਵਨ ਅਵਸਰ ਨਾਲ ਹੋਣ ਜਾ ਰਹੀ ਹੈ। ਕੁਝ ਹੀ ਦਿਨਾਂ ਵਿੱਚ ਅਸੀਂ ਬੁੱਧ ਪੂਰਨਿਮਾ ਮਨਾਵਾਂਗੇ। ਮੈਂ ਆਪ ਸਭ ਦੇਸ਼ ਵਾਸੀਆਂ ਨੂੰ ਆਪਣੀਆਂ ਅਗਾਊਂ ਸ਼ੁਭਕਾਮਨਾਵਾਂ ਦਿੰਦਾ ਹਾਂ। ਭਗਵਾਨ ਗੌਤਮ ਬੁੱਧ ਦਾ ਜੀਵਨ ਸੰਦੇਸ਼ ਅੱਜ ਵੀ ਉਨਾ ਹੀ ਪ੍ਰਸੰਗਿਕ ਹੈ। ਉਨ੍ਹਾਂ ਨੇ ਸਾਨੂੰ ਸਿਖਾਇਆ ਹੈ ਕਿ ਸ਼ਾਂਤੀ ਸਾਡੇ ਅੰਦਰੋਂ ਸ਼ੁਰੂ ਹੁੰਦੀ ਹੈ, ਉਨ੍ਹਾਂ ਨੇ ਦੱਸਿਆ ਹੈ ਕਿ ਖੁਦ ‘ਤੇ ਜਿੱਤ ਹੀ ਸਭ ਤੋਂ ਵੱਡੀ ਜਿੱਤ ਹੁੰਦੀ ਹੈ।

‘ਮਨ ਕੀ ਬਾਤ’ ਦੇ 133ਵੇਂ ਐਪੀਸੋਡ ਵਿੱਚ ਪੀਐਮ ਮੋਦੀ ਨੇ ਮਰਦਮਸ਼ੁਮਾਰੀ (ਜਨਗਣਨਾ) ਦਾ ਵੀ ਜ਼ਿਕਰ ਕੀਤਾ। ਪੀਐਮ ਨੇ ਕਿਹਾ- ਸਾਡੇ ਦੇਸ਼ ਵਿੱਚ ਇਸ ਸਮੇਂ ਇੱਕ ਬਹੁਤ ਅਹਿਮ ਮੁਹਿੰਮ ਚੱਲ ਰਹੀ ਹੈ, ਜਿਸ ਬਾਰੇ ਹਰ ਭਾਰਤੀ ਨੂੰ ਜਾਣਕਾਰੀ ਹੋਣੀ ਜ਼ਰੂਰੀ ਹੈ ਇਹ ਮਰਦਮਸ਼ੁਮਾਰੀ ਦੀ ਮੁਹਿੰਮ ਹੈ, ਇਹ ਦੁਨੀਆ ਦੀ ਸਭ ਤੋਂ ਵੱਡੀ ਜਨਗਣਨਾ ਹੈ। ਜੋ ਸਾਥੀ ਪਹਿਲਾਂ ਵੀ ਅਜਿਹੀ ਪ੍ਰਕਿਰਿਆ ਵਿੱਚੋਂ ਗੁਜ਼ਰੇ ਹਨ, ਇਸ ਵਾਰ ਉਨ੍ਹਾਂ ਦਾ ਅਨੁਭਵ ਵੱਖਰਾ ਹੋਣ ਵਾਲਾ ਹੈ।

ਉਨ੍ਹਾਂ ਕਿਹਾ ਕਿ ਤੁਸੀਂ ਖੁਦ ਵੀ ਆਪਣੀ ਜਾਣਕਾਰੀ ਦਰਜ ਕਰ ਸਕਦੇ ਹੋ।ਤੁਸੀਂ ਆਪਣੇ ਸਮੇਂ ਅਨੁਸਾਰ ਜਾਣਕਾਰੀ ਭਰ ਸਕਦੇ ਹੋ। ਜਦੋਂ ਤੁਸੀਂ ਇਹ ਪ੍ਰਕਿਰਿਆ ਪੂਰੀ ਕਰ ਲੈਂਦੇ ਹੋ, ਤਾਂ ਤੁਹਾਨੂੰ ਇੱਕ ਵਿਸ਼ੇਸ਼ ਆਈਡੀ ਮਿਲਦੀ ਹੈ। ਇਹ ਆਈਡੀ ਤੁਹਾਡੇ ਮੋਬਾਈਲ ਜਾਂ ਈਮੇਲ ‘ਤੇ ਆਉਂਦੀ ਹੈ। ਬਾਅਦ ਵਿੱਚ ਜਦੋਂ ਕਰਮਚਾਰੀ ਤੁਹਾਡੇ ਘਰ ਆਉਂਦਾ ਹੈ, ਤਾਂ ਤੁਸੀਂ ਇਹੀ ਆਈਡੀ ਦਿਖਾ ਕੇ ਜਾਣਕਾਰੀ ਦੀ ਪੁਸ਼ਟੀ ਕਰ ਸਕਦੇ ਹੋ। ਇਸ ਨਾਲ ਦੁਬਾਰਾ ਜਾਣਕਾਰੀ ਦੇਣ ਦੀ ਲੋੜ ਨਹੀਂ ਪੈਂਦੀ।

ਪੀਐਮ ਨੇ ਕਿਹਾ- ਜਿਨ੍ਹਾਂ ਰਾਜਾਂ ਵਿੱਚ ਸਵੈ-ਗਣਨਾ ਦਾ ਕੰਮ ਪੂਰਾ ਹੋ ਗਿਆ ਹੈ, ਉੱਥੇ ਘਰਾਂ ਦੀ ਲਿਸਟਿੰਗ ਦਾ ਕੰਮ ਜਾਰੀ ਹੈ। ਹੁਣ ਤੱਕ ਲਗਭਗ 1 ਕਰੋੜ 20 ਲੱਖ ਪਰਿਵਾਰਾਂ ਦੇ ਮਕਾਨਾਂ ਦੀ ਲਿਸਟਿੰਗ ਦਾ ਕੰਮ ਪੂਰਾ ਵੀ ਹੋ ਚੁੱਕਾ ਹੈ।

Share This Article
Leave a Comment