ਨਵੀ ਦਿੱਲੀ : ਮਣੀਪੁਰ ਦੇ ਉਖਰੁਲ ਜ਼ਿਲ੍ਹੇ ਵਿੱਚ ਹਥਿਆਰਬੰਦ ਉਗਰਵਾਦੀਆਂ ਨੇ ਕਈ ਘਰਾਂ ਨੂੰ ਅੱਗ ਲਗਾ ਦਿੱਤੀ ਅਤੇ ਗੋਲੀਬਾਰੀ ਕੀਤੀ। ਇਹ ਘਟਨਾ ਤਾਂਗਖੁਲ ਨਗਾ ਭਾਈਚਾਰੇ ਦੇ ਇੱਕ ਮੈਂਬਰ ‘ਤੇ ਹੋਏ ਹਮਲੇ ਕਾਰਨ ਵਧੇ ਤਣਾਅ ਦੇ ਵਿਚਕਾਰ ਵਾਪਰੀ ਹੈ। ਹਾਲਾਤ ਨੂੰ ਦੇਖਦੇ ਹੋਏ ਰਾਜ ਸਰਕਾਰ ਨੇ ਜ਼ਿਲ੍ਹੇ ਵਿੱਚ 5 ਦਿਨਾਂ ਲਈ ਇੰਟਰਨੈੱਟ ਸੇਵਾਵਾਂ ਮੁਅੱਤਲ (ਸਸਪੈਂਡ) ਕਰ ਦਿੱਤੀਆਂ ਹਨ, ਤਾਂ ਜੋ ਹੋਰ ਹਿੰਸਾ ਅਤੇ ਅਫ਼ਵਾਹਾਂ ਨੂੰ ਰੋਕਿਆ ਜਾ ਸਕੇ।
ਮਨੀਪੁਰ ਦੇ ਮੰਤਰੀ ਗੋਵਿੰਦਾਸ ਕੋਂਥੂਜਮ ਨੇ ਕਿਹਾ ਕਿ ਉਗਰਵਾਦੀਆਂ ਨੇ ਘੱਟੋ-ਘੱਟ 21 ਘਰ ਸਾੜ ਦਿੱਤੇ ਅਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਥਿਤੀ ਨੂੰ ਕਾਬੂ ਕਰਨ ਲਈ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹਥਿਆਰਬੰਦ ਸਮੂਹਾਂ ਨੇ ਪਹਾੜੀ ਪਿੰਡ ਦੇ ਨੇੜੇ ਹਵਾ ਵਿੱਚ ਕਈ ਗੋਲੀਆਂ ਚਲਾਈਆਂ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ।
ਪੁਲਿਸ ਅਨੁਸਾਰ, ਲਿਟਾਨ ਸਾਰੇਈਖੋਂਗ ਇਲਾਕੇ ਵਿੱਚ ਹੋਈ ਗੋਲੀਬਾਰੀ ਅਤੇ ਅੱਗਜ਼ਨੀ ਦੀ ਇਹ ਘਟਨਾ ਇੱਕ ਦਿਨ ਪਹਿਲਾਂ ਦੋ ਤਾਂਗਖੁਲ ਨਗਾ ਜਥੇਬੰਦੀਆਂ ਵੱਲੋਂ ਉਖਰੁਲ ਅਤੇ ਕਾਮਜੋਂਗ ਜ਼ਿਲ੍ਹਿਆਂ ਵਿੱਚ ਕੁਕੀ ਭਾਈਚਾਰੇ ਦੀ ਆਵਾਜਾਈ ‘ਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ ਹੋਈ। ਪ੍ਰਸ਼ਾਸਨ ਨੇ ਪੂਰੇ ਜ਼ਿਲ੍ਹੇ ਵਿੱਚ ਕਰਫਿਊ ਲਗਾ ਦਿੱਤਾ ਹੈ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ, ”ਹਥਿਆਰਬੰਦ ਲੋਕਾਂ ਨੇ ਲਿਟਾਨ ਸਾਰੇਈਖੋਂਗ ਵਿੱਚ ਖਾਲੀ ਪਏ ਕੁਝ ਮਕਾਨਾਂ ਨੂੰ ਅੱਗ ਲਗਾ ਦਿੱਤੀ ਅਤੇ ਗੋਲੀਬਾਰੀ ਕੀਤੀ। ਸਥਿਤੀ ਤਣਾਅਪੂਰਨ ਹੈ ਅਤੇ ਸੁਰੱਖਿਆ ਬਲ ਹਾਲਾਤ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।” ਉਨ੍ਹਾਂ ਦੱਸਿਆ ਕਿ ਮਣੀਪੁਰ ਸਰਕਾਰ ਨੇ ਸਾਵਧਾਨੀ ਵਜੋਂ ਉਖਰੁਲ ਜ਼ਿਲ੍ਹੇ ਦੇ ਮਾਲ ਖੇਤਰ ਵਿੱਚ ਬ੍ਰੌਡਬੈਂਡ, ਵੀਪੀਐਨ (VPN) ਅਤੇ ਵੀ-ਸੈਟ (V-SAT) ਰਾਹੀਂ ਚੱਲਣ ਵਾਲੀਆਂ ਇੰਟਰਨੈੱਟ ਸੇਵਾਵਾਂ ਨੂੰ 5 ਦਿਨਾਂ ਲਈ ਮੁਅੱਤਲ ਕਰਨ ਦਾ ਹੁਕਮ ਦਿੱਤਾ ਹੈ। ਬਹੁਤ ਸਾਰੇ ਪਿੰਡ ਵਾਸੀ ਜ਼ਰੂਰੀ ਸਮਾਨ ਲੈ ਕੇ ਗੁਆਂਢੀ ਕਾਂਗਪੋਕਪੀ ਜ਼ਿਲ੍ਹੇ ਦੇ ਸੁਰੱਖਿਅਤ ਖੇਤਰਾਂ ਵਿੱਚ ਭੱਜ ਗਏ, ਜਦੋਂ ਕਿ ਤਾਂਗਖੁਲ ਪਿੰਡ ਦੇ ਕਈ ਪਿੰਡ ਵਾਸੀਆਂ ਦੇ ਵੀ ਇਲਾਕਾ ਛੱਡਣ ਦੀ ਖ਼ਬਰ ਹੈ।

