ਕੋਰੋਨਾ ਦੀ ਲਪੇਟ ‘ਚ ਆਈ ਭਾਰਤ ਦੀ ਅੱਧੀ ਹਾਕੀ ਟੀਮ

TeamGlobalPunjab
2 Min Read

ਨਵੀਂ ਦਿੱਲੀ: ਭਾਰਤੀ ਹਾਕੀ ਟੀਮ ਦੇ ਫਾਰਵਰਡ ਮਨਦੀਪ ਸਿੰਘ ਵੀ ਕੋਰੋਨਾ ਮਹਾਂਮਾਰੀ ਦੀ ਲਪੇਟ ‘ਚ ਆ ਗਏ ਹਨ। ਉਹ ਇਸ ਬਿਮਾਰੀ ਨਾਲ ਸੰਕਰਮਿਤ ਹੋਣ ਵਾਲੇ ਛੇਵੇਂ ਕੌਮੀ ਹਾਕੀ ਖਿਡਾਰੀ ਹਨ। ਇਸ ਤੋਂ ਪਹਿਲਾਂ ਕਪਤਾਨ ਮਨਪ੍ਰੀਤ ਸਿੰਘ ਸਣੇ ਪੰਜ ਖਿਡਾਰੀਆਂ ਦੀ ਕਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਭਾਰਤੀ ਖੇਡ ਅਥਾਰਟੀ (ਐਸਏਆਈ) ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲੰਧਰ ਦੇ 25 ਸਾਲਾ ਹਾਕੀ ਖਿਡਾਰੀ ਮਨਦੀਪ ਸਿੰਘ ਦੀ ਕਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ, ਪਰ ਉਨਾਂ ਵਿੱਚ ਬਿਮਾਰੀ ਦੇ ਲੱਛਣ ਨਜ਼ਰ ਨਹੀਂ ਆ ਰਹੇ ਹਨ।

ਬੰਗਲੁਰੂ ਵਿੱਚ ਹੋਰ ਪੰਜ ਹਾਕੀ ਖਿਡਾਰੀਆਂ ਨਾਲ ਡਾਕਟਰ ਉਨ੍ਹਾਂ ਦਾ ਵੀ ਇਲਾਜ ਕਰ ਰਹੇ ਹਨ। ਬੰਗਲੁਰੂ ਦੇ ਭਾਰਤੀ ਖੇਡ ਅਥਾਰਟੀ ਕੇਂਦਰ ਵਿੱਚ 20 ਅਗਸਤ ਤੋਂ ਹਾਕੀ ਨੈਸ਼ਨਲ ਕੈਂਪ ਹੋਣਾ ਹੈ। ਖੇਡ ਅਥਾਰਟੀ ਨੇ ਬਿਆਨ ਵਿੱਚ ਕਿਹਾ ਕਿ ਭਾਰਤੀ ਪੁਰਸ਼ ਹਾਕੀ ਟੀਮ ਦੇ ਮੈਂਬਰ ਮਨਦੀਪ ਸਿੰਘ ਦਾ ਬੰਗਲੁਰੂ ਵਿੱਚ ਭਾਰਤੀ ਖੇਡ ਅਥਾਰਟੀ ਦੇ ਨੈਸ਼ਨਲ ਸੈਂਟਰ ਫਾਰ ਐਕਸੀਲੈਂਸ ਵਿੱਚ ਨੈਸ਼ਨਲ ਕੈਂਪ ਤੋਂ ਪਹਿਲਾਂ 20 ਹੋਰ ਖਿਡਾਰੀਆਂ ਨਾਲ ਕੋਰੋਨਾ ਟੈਸਟ ਕੀਤਾ ਗਿਆ ਅਤੇ ਇਹ ਪਾਜ਼ੀਟਿਵ ਆਇਆ, ਪਰ ਮਨਦੀਪ ‘ਚ ਕਰੋਨਾ ਦੇ ਲੱਛਣ ਦਿਖਾਈ ਨਹੀਂ ਦੇ ਰਹੇ ਹਨ।

ਭਾਰਤੀ ਕਪਤਾਨ ਮਨਪ੍ਰੀਤ ਸਿੰਘ ਸਣੇ ਪੰਜ ਖਿਡਾਰੀ ਇੱਕ ਮਹੀਨੇ ਦੇ ਬਰੇਕ ਬਾਅਦ ਭਾਰਤੀ ਖੇਡ ਅਥਾਰਟੀ ਕੇਂਦਰ ਪਰਤਣ ਤੇ ਪਿਛਲੇ ਹਫ਼ਤੇ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਇਸ ਤੋਂ ਪਹਿਲਾਂ ਡਿਫੈਂਡਰ ਸੁਰਿੰਦਰ ਕੁਮਾਰ, ਜਸਕਰਨ ਸਿੰਘ, ਡਰੈਗਫਿਕਰ ਵਰੁਣ ਕੁਮਾਰ ਅਤੇ ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ ਕੋਰੋਨਾ ਪਾਜ਼ਿਟਿਵ ਆਏ ਸਨ।

Share this Article
Leave a comment