ਮਮਤਾ ਬੈਨਰਜੀ ਨੰਦੀਗਰਾਮ ਤੋਂ ਲੜੇਗੀ ਚੋਣ; ਭਾਜਪਾ ’ਚ ਸ਼ਾਮਲ ਹੋਣ ਵਾਲੇ ਸੁਵੇਂਦੂ ਨੂੰ ਦੇਵੇਗੀ ਟੱਕਰ

TeamGlobalPunjab
3 Min Read

ਨੰਦੀਗ੍ਰਾਮ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੀ ਸਿਆਸੀ ਲੜਾਈ ਨੂੰ ਸੁਵੇਂਦੂ ਅਧਿਕਾਰੀ ਦੇ ਗੜ੍ਹ ’ਚ ਲਿਜਾਂਦੇ ਹੋਏ ਐਲਾਨ ਕੀਤਾ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਉਹ ਨੰਦੀਗ੍ਰਾਮ ਤੋਂ ਚੋਣ ਲੜੇਗੀ।

ਜ਼ਿਕਰਯੋਗ ਹੈ ਕਿ ਹਾਲ ਹੀ ’ਚ ਤ੍ਰਿਣਮੂਲ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸੁਵੇਂਦੂ ਅਧਿਕਾਰੀ ਨੂੰ ਭਾਜਪਾ ਵੱਲੋਂ ਤਕੜਾ ਉਮੀਦਵਾਰ ਮੰਨਿਆ ਜਾ ਰਿਹਾ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਨੰਦੀਗ੍ਰਾਮ ਤੋਂ ਚੋਣ ਲੜਨ ਦਾ ਕੀਤਾ ਗਿਆ ਐਲਾਨ ਉਨ੍ਹਾਂ ਦੀ ਭਾਜਪਾ ਨਾਲ ਲੋਹਾ ਲੈਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਭਾਜਪਾ ਨੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਦੇ ਦਸ ਸਾਲ ਦੇ ਕਾਰਜਕਾਲ ਤੋਂ ਬਾਅਦ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹੁਣ ਲਈ ਜੰਗੀ ਪੱਧਰ ’ਤੇ ਮੁਹਿੰਮ ਵਿੱਢੀ ਹੋਈ ਹੈ। ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਨੂੰ ਵਿਰੋਧੀ ਪਾਰਟੀਆਂ ’ਚ ਜਾਣ ਵਾਲਿਆਂ ਦੀ ਕੋਈ ਚਿੰਤਾ ਨਹੀਂ ਹੈ ਕਿਉਂਕਿ ਜਿਸ ਵੇਲੇ ਤ੍ਰਿਣਮੂਲ ਕਾਂਗਰਸ ਬਣੀ ਉਨ੍ਹਾਂ ਚੋਂ ਕੋਈ ਵੀ ਉਨ੍ਹਾਂ ਦੇ ਨਾਲ ਨਹੀਂ ਸੀ। ਉਨ੍ਹਾਂ ਕਿਹਾ, ‘‘ਮੈਂ ਹਮੇਸ਼ਾ ਵਿਧਾਨ ਸਭਾ ਚੋਣਾਂ ਲਈ ਚੋਣ ਮੁਹਿੰਮ ਨੰਦੀਗ੍ਰਾਮ ਤੋਂ ਸ਼ੁਰੂ ਕੀਤੀ ਹੈ। ਇਹ ਮੇਰੇ ਲਈ ਬਹੁਤ ਕਿਸਮਤ ਵਾਲੀ ਜਗ੍ਹਾ ਹੈ। ਇਸ ਵਾਸਤੇ ਇਸ ਵਾਰ ਮੈਂ ਮਹਿਸੂਸ ਕੀਤਾ ਕਿ ਮੈਨੂੰ ਵਿਧਾਨ ਸਭਾ ਚੋਣ ਇੱਥੋਂ ਹੀ ਲੜਨੀ ਚਾਹੀਦੀ ਹੈ। ਮੈਂ ਆਪਣੀ ਪਾਰਟੀ ਦੇ ਸੂਬਾਈ ਪ੍ਰਧਾਨ ਸੁਬਰਤ ਬਕਸ਼ੀ ਨੂੰ ਇਸ ਵਿਧਾਨ ਸਭਾ ਸੀਟ ਤੋਂ ਮੇਰੇ ਨਾਂ ਨੂੰ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਤੇ ਉਨ੍ਹਾਂ ਮੇਰੀ ਅਪੀਲ ਤੁਰੰਤ ਮੰਨ ਲਈ।’’

ਕਿਸੇ ਵੇਲੇ ਤਤਕਾਲੀ ਖੱਬੀ ਪੱਖੀ ਸਰਕਾਰ ਵੱਲੋਂ ਵਿਸ਼ੇਸ਼ ਆਰਥਿਕ ਜ਼ੋਨ ਬਣਾਉਣ ਲਈ ਜਬਰੀ ਜ਼ਮੀਨ ਗ੍ਰਹਿਣ ਕੀਤੇ ਜਾਣ ਕਰ ਕੇ ਨੰਦੀਗ੍ਰਾਮ ਵਿੱਚ ਬਹੁਤ ਵੱਡੀ ਪੱਧਰੀ ’ਤੇ ਲੋਕਾਂ ਵੱਲੋਂ ਸੰਘਰਸ਼ ਵਿੱਢਿਆ ਗਿਆ ਸੀ। ਇਸ ਖ਼ੂਨੀ ਸੰਘਰਸ਼ ਦੌਰਾਨ ਹੀ ਮਮਤਾ ਬੈਨਰਜੀ ਤੇ ਉਨ੍ਹਾਂ ਦੀ ਪਾਰਟੀ ਸਿਆਸਤ ’ਚ ਉੱਭਰੀ ਅਤੇ ਸਾਲ 2011 ’ਚ ਸੱਤਾ ਵਿੱਚ ਆਈ ਸੀ ਜਿਸ ਨਾਲ ਸੂਬੇ ਵਿੱਚ 34 ਸਾਲ ਲੰਬੇ ਖੱਬੇ ਪੱਖੀ ਰਾਜ ਦਾ ਖ਼ਾਤਮਾ ਹੋਇਆ ਸੀ। ਅਧਿਕਾਰੀ ਨੂੰ ਨੰਦੀਗ੍ਰਾਮ ਅੰਦੋਲਨ ਵਿੱਚ ਪ੍ਰਮੁੱਖ ਚਿਹਰਾ ਮੰਨਿਆ ਜਾਂਦਾ ਸੀ। ਉਨ੍ਹਾਂ ਕਿਹਾ, ‘‘ਜੇਕਰ ਸੰਭਵ ਹੋਇਆ, ਮੈਂ ਭਵਾਨੀਪੁਰ ਤੇ ਨੰਦੀਗ੍ਰਾਮ ਦੋਹਾਂ ਸੀਟਾਂ ਤੋਂ ਚੋਣ ਲੜਾਂਗੀ। ਜੇਕਰ ਕਿਸੇ ਕਾਰਨ ਮੈਂ ਭਵਾਨੀਪੁਰ ਤੋਂ ਚੋਣ ਨਾ ਲੜ ਸਕੀ ਤਾਂ ਕੋਈ ਹੋਰ ਲੜੇਗਾ। ਮੈਂ ਕਦੇ ਵੀ ਮੁੱਠੀ ਭਰ ਲੋਕਾਂ ਨੂੰ ਬੰਗਾਲ ਨੂੰ ਭਾਜਪਾ ਹੱਥ ਵੇਚਣ ਦੀ ਮਨਜ਼ੂਰੀ ਨਹੀਂ ਦੇਵਾਂਗੀ। ਪਾਰਟੀ ਛੱਡਣ ਵਾਲਿਆਂ ਨੂੰ ਮੇਰੀਆਂ ਸ਼ੁਭ ਕਾਮਨਾਵਾਂ।’’

Share this Article
Leave a comment