ਜਲੰਧਰ: ਅਰਜੁਨ ਐਵਾਰਡੀ ਡੀਐਸਪੀ ਦਲਬੀਰ ਸਿੰਘ ਦਿਓਲ ਨਾਲ ਕੋਈ ਹਾਦਸਾ ਨਹੀਂ ਵਾਪਰਿਆ ਸਗੋਂ ਉਹਨਾਂ ਦਾ ਕਤਲ ਕੀਤਾ ਗਿਆ ਹੈ। ਇਸ ਦਾ ਖੁਲਾਸਾ ਪੁਲਿਸ ਨੇ ਕੀਤਾ ਹੈ। ਡੀਐਸਪੀ ਦਲਬੀਰ ਸਿੰਘ ਦਿਓਲ ਦੀ ਐਤਵਾਰ ਦੇਰ ਰਾਤ ਜਲੰਧਰ ਵਿੱਚ ਬਸਤੀ ਬਾਵਾ ਖੇਲ ਨਹਿਰ ਦੇ ਪੁਲ ਨੇੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦਲਬੀਰ ਸਿੰਘ ਦਿਓਲ ਦੇ ਮੱਥੇ ਵਿੱਚ ਗੋਲੀ ਲੱਗੀ ਸੀ। ਕਾਤਲ ਡੀਐਸਪੀ ਦਲਬੀਰ ਸਿੰਘ ਦੀ ਸਰਕਾਰੀ ਪਿਸਤੌਲ ਵੀ ਲੈ ਗਏ।
ਦਲਬੀਰ ਸਿੰਘ ਕਪੂਰਥਲਾ ਦੇ ਪਿੰਡ ਖੋਜੇਵਾਲ ਦਾ ਰਹਿਣ ਵਾਲਾ ਸੀ। ਉਹ ਇਸ ਸਮੇਂ ਸੰਗਰੂਰ ਵਿੱਚ ਲੱਡਾ ਕੋਠੀ ਸਥਿਤ ਇੰਡੀਆ ਰਿਜ਼ਰਵ ਬਟਾਲੀਅਨ ਦੇ ਹੈੱਡਕੁਆਰਟਰ ਵਿੱਚ ਤਾਇਨਾਤ ਸੀ। ਸਭ ਤੋਂ ਪਹਿਲਾਂ ਪੁਲਿਸ ਨੇ ਦੱਸਿਆ ਸੀ ਕਿ ਮੁੱਢਲੀ ਜਾਂਚ ਵਿੱਚ ਇਹ ਹਾਦਸਾ ਜਾਪਦਾ ਹੈ। ਹੋ ਸਕਦਾ ਕਿ ਡੀਐਸਪੀ ਦਲਬੀਰ ਸਿੰਘ ਰਾਤ ਨੂੰ ਪੈਦਲ ਕਿਤੇ ਜਾ ਰਹੇ ਸਨ। ਇਸ ਦੌਰਾਨ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ ਹੋਵੇ। ਜਿਸ ਕਾਰਨ ਉਸ ਦੇ ਸਿਰ ਵਿੱਚ ਕੋਈ ਚੀਜ਼ ਵੱਜੀ ਤੇ ਉਸਦੀ ਮੌਤ ਹੋ ਗਈ। ਪਰ ਹੁਣ ਖੁਲਾਸਾ ਹਿੋਇਆ ਹੈ ਕਿ ਉਹਨਾ ਦੇ ਸਿਰ ਵਿੱਚ ਗੋਲੀ ਮਾਰੀ ਗਈ ਹੈ।
ਜ਼ਿਕਰਯੋਗ ਹੈ ਕਿ ਡੀਐਸਪੀ ਦਲਬੀਰ ਸਿੰਘ ਦਿਓਲ ਨੇ ਪਿੰਡ ਮੰਡ ਵਿੱਚ ਗੋਲੀਆਂ ਚਲਾ ਦਿੱਤੀਆਂ ਸਨ, ਹਾਲਾਂਕਿ ਉਥੇ ਕਿਸੇ ਨੂੰ ਗੋਲੀ ਨਹੀਂ ਲੱਗੀ। ਇਸ ਦੌਰਾਨ ਪੁਲਿਸ ਵਾਲਿਆਂ ਨੇ ਮਿਲ ਕੇ ਸਮਝੌਤਾ ਕਰਵਾ ਦਿੱਤਾ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਸੀ ਕਿ ਘਟਨਾ ਸਮੇਂ ਡੀਐਸਪੀ ਸ਼ਰਾਬੀ ਸੀ।
ਝਗੜੇ ਦੌਰਾਨ ਡੀਐਸਪੀ ਦਿਓਲ ਨੇ ਦੋ ਗੋਲੀਆਂ ਚਲਾਈਆਂ ਸਨ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਦਿਓਲ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਿਸ ਦੀਆਂ ਕੁਝ ਫੋਟੋ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਉਦੋਂ ਪੁਲੀਸ ਨੇ ਦਲਬੀਰ ਸਿੰਘ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਸੀ ਪਰ ਰਾਜੀਨਾਮਾ ਹੋਣ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।