ਬਿਨਾਂ ਟੈਕਸ ਦੇ ਚੱਲਣ ਵਾਲੀਆਂ ਪ੍ਰਾਈਵੇਟ ਬੱਸਾਂ ‘ਤੇ ਟਰਾਂਸਪੋਰਟ ਵਿਭਾਗ ਦੀ ਵੱਡੀ ਕਾਰਵਾਈ; 15 ਬੱਸਾਂ ਜ਼ਬਤ

TeamGlobalPunjab
1 Min Read

ਚੰਡੀਗੜ੍ਹ: ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਅੱਜ ਸੂਬੇ ਵਿੱਚ ਬਿਨਾਂ ਟੈਕਸ ਚਲ ਰਹੀਆਂ ਨਿੱਜੀ ਕੰਪਨੀਆਂ ਦੀਆਂ 15 ਬੱਸਾਂ ਨੂੰ ਜ਼ਬਤ ਕਰ ਲਿਆ ਹੈ। ਰਾਜਾ ਵੜਿੰਗ ਨੇ ਕਿਹਾ ਕਿ ਬਿਨਾਂ ਟੈਕਸ ਦੇ ਚੱਲਣ ਵਾਲੀਆਂ ਪ੍ਰਾਈਵੇਟ ਬੱਸਾਂ ਦੀਆਂ ਸ਼ਿਕਾਇਤਾਂ ਲਗਾਤਾਰ ਆ ਰਹੀਆਂ ਹਨ, ਇਸ ਲਈ ਵਿਭਾਗ ਦੀਆਂ ਵਿਸ਼ੇਸ਼ ਜਾਂਚ ਟੀਮਾਂ ਦਾ ਗਠਨ ਕੀਤਾ ਗਿਆ  ਅਤੇ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ ਗਿਆ । ਉਨ੍ਹਾਂ ਦੱਸਿਆ ਕਿ ਰਾਜ ਦੇ ਚਾਰ ਜ਼ਿਲ੍ਹਿਆਂ ਫਰੀਦਕੋਟ, ਬਠਿੰਡਾ, ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਛਾਪਿਆਂ ਦੌਰਾਨ ਕੁੱਲ 15 ਬੱਸਾਂ ਜ਼ਬਤ ਕੀਤੀਆਂ ਗਈਆਂ ਹਨ।

ਫਰੀਦਕੋਟ ਵਿੱਚ, ਜੁਝਾਰ ਬੱਸ ਸਰਵਿਸ ਅਤੇ ਨਿਉ  ਦੀਪ ਦੀਆਂ ਦੋ -ਦੋ ਬੱਸਾਂ ਜ਼ਬਤ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਜ਼ਿਲ੍ਹਾ ਬਠਿੰਡਾ ਵਿੱਚ ਨਿਊ ਦੀਪ ਦੀਆਂ 2 ਬੱਸਾਂ, ਓਰਬਿਟ ਐਵੀਏਸ਼ਨ ਦੀ 1 ਬੱਸ ਤੇ ਰਾਜਧਾਨੀ ਬੱਸ ਸਰਵਿਸ ਦੀ 1 ਬੱਸ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਬਾਬਾ ਬੁੱਢਾ ਟਰਾਂਸਪੋਰਟ ਸਰਵਿਸ ਦੀਆਂ 2 ਬੱਸਾਂ ਅਤੇ ਜ਼ਿਲ੍ਹਾ ਲੁਧਿਆਣਾ ਵਿੱਚ ਓਰਬਿਟ ਐਵੀਏਸ਼ਨ ਦੀ 1 ਬੱਸ, ਜੁਝਾਰ ਬੱਸ ਸਰਵਿਸ ਦੀਆਂ 2 ਬੱਸਾਂ, ਲਿਬੜਾ ਬੱਸ ਸਰਵਿਸ ਦੀ 1 ਬੱਸ ਅਤੇ ਨਾਗਪਾਲ ਬੱਸ ਸਰਵਿਸ ਦੀ 1 ਬੱਸ ਕਬਜ਼ੇ ਵਿੱਚ ਲਈ ਗਈ ਹੈ।

ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਵਿਭਾਗ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।

Share this Article
Leave a comment