Home / News / ਬਿਜਲੀ ਖਰੀਦ ਸਮਝੌਤੇ ਰੱਦ ਕਰਨ ਤੇ ਸੋਲਰ ਬਿਜਲੀ ਦਰਾਂ ਬਾਰੇ ਝੂਠ ਬੋਲ ਰਹੇ ਹਨ ਮੁੱਖ ਮੰਤਰੀ ਚੰਨੀ : ਮਜੀਠੀਆ

ਬਿਜਲੀ ਖਰੀਦ ਸਮਝੌਤੇ ਰੱਦ ਕਰਨ ਤੇ ਸੋਲਰ ਬਿਜਲੀ ਦਰਾਂ ਬਾਰੇ ਝੂਠ ਬੋਲ ਰਹੇ ਹਨ ਮੁੱਖ ਮੰਤਰੀ ਚੰਨੀ : ਮਜੀਠੀਆ

ਸਰਕਾਰ ਬਿਜਲੀ ਪਲਾਂਟ ਮਾਲਕਾਂ ਤੋਂ ਕਰੋੜਾਂ ਰੁਪਏ ਰਿਸ਼ਵਤ ਵਸੂਲਣ ਵਾਸਤੇ ਬਿਜਲੀ ਖਰੀਦ ਸਮਝੌਦੇ ਰੱਦ ਕਰਨ ਦੀ ਧਮਕੀ ਦੇ ਰਹੀ ਹੈ : ਮਜੀਠੀਆ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਚੰਨੀ ਸਰਕਾਰ ‘ਤੇ ਤਿੱਖੇ ਹਮਲੇ ਕੀਤੇ ਹਨ। ਮਜੀਠੀਆ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਬਾਰੇ ਲੋਕਾਂ ਨੂੰ ਝੂਠ ਬੋਲਣ ਦੀ ਜ਼ੋਰਦਾਰ ਨਿਖੇਧੀ ਕੀਤੀ। ਬਿਕਰਮ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਵੱਡੇ ਵੱਡੇ ਦਾਅਵਿਆਂ ਦੇ ਉਲਟ ਹਾਲੇ ਤੱਕ ਕੋਈ ਬਿਜਲੀ ਖਰੀਦ ਸਮਝੌਤਾ ਰੱਦ ਨਹੀਂ ਕੀਤਾ ਗਿਆ ਜਦਕਿ ਕਾਂਗਰਸ ਨੇ ਆਪਣਾ ਕੋਰਾ ਝੂਠ ਵੇਚਣ ਲਈ ਵੱਡੇ ਵੱਡੇ ਪੋਸਟਰ ਵੀ ਲਗਵਾ ਦਿੱਤੇ ਹਨ।

ਮਜੀਠੀਆ ਨੇ ਹੈਰਾਨੀ ਪ੍ਰਗਟ ਕੀਤੀ ਕਿ ਮੁੱਖ ਮੰਤਰੀ ਇੰਨੇ ਨਾਦਾਨ ਹਨ ਜਾਂ ਫਿਰ ਇੰਨੇ ਸ਼ਾਤਰ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਤੇ ਕਾਂਗਰਸ ਹਾਈ ਕਮਾਂਡ ਸਿਰਫ ਬਿਜਲੀ ਪਲਾਂਟ ਮਾਲਕਾਂ ਨੁੰ ਬਲੈਕ ਮੇਲ ਕਰ ਕੇ ਉਹਨਾਂ ਤੋਂ ਭ੍ਰਿਸ਼ਟਾਚਾਰ ਵਿਚ ਸ਼ਾਮਲ ਕਰਵਾ ਕੇ ਰਿਸ਼ਵਤ ਲੈਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਆ ਰਹੀਆਂ ਹਨ ਕਿ ਕਾਂਗਰਸ ਦੇ ਆਗੂ ਬਿਜਲੀ ਖਰੀਦ ਸਮਝੌਤੇ ਰੱਦ ਨਾ ਹੋਣ ਦੇਣ ਦੇ ਇਵਜ਼ ਵਿਚ ਸੈਂਕੜੇ ਕਰੋੜਾਂ ਰੁਪਏ ਇਕੱਠੇ ਕਰ ਕੇ ਰਾਤੋ ਰਾਤ ਅਮੀਰ ਬਣਨ ਦੀ ਫਿਰਾਕ ਵਿਚ ਹਨ।

ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਵਿਧਾਨ ਸਭਾ ਵਿਚ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਦੀ ਸਾਰੀ ਪ੍ਰਕਿਰਿਆ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਵੱਡਾ ਧੋਖਾ ਹੈ ਕਿਉਂਕਿ ਇਹ ਵਿਧਾਨ ਸਭਾ ਨਹੀਂ ਬਲਕਿ ਰਾਜ ਸਰਕਾਰ ਹੈ ਜਿਸਨੇ ਬਿਜਲੀ ਸਮਝੌਤੇ ਰੱਦ ਕਰਨ ਲਈ ਕਾਰਜਕਾਰੀ ਫੈਸਲਾ ਲੈਣਾ ਹੈ। ਉਹਨਾਂ ਕਿਹਾ ਕਿ ਜਾਂ ਤਾਂ ਅਜਿਹਾ ਕਰਦਿਆਂ ਉਹਨਾਂ ਦੀਆਂ ਲੱਤਾਂ ਕੰਬ ਗਈਆਂ ਹੋਣਗੀਆਂ ਕਿਉਂਕਿ ਉਹ ਜਾਣਦੇ ਹਨ ਕਿ ਅਜਿਹਾ ਕਰਨਾ ਗਲਤ ਹੋਵੇਗਾ ਤੇ ਅਸਥਿਰ ਹੋਵੇਗਾ ਕਿਉਂਕਿ ਬਿਜਲੀ ਸਾਂਝੀ ਸੂਚੀ ਦਾ ਵਿਸ਼ਾ ਹੈ ਜਾਂ ਫਿਰ ਉਹਨਾਂ ਨੇ ਸੋਚਿਆ ਹੋਵੇਗਾ ਕਿ ਉਹ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਲਈ ਕਾਰਜਕਾਰੀ ਹੁਕਮ ਜਾਰੀ ਕਰਨ ਦੀ ਥਾਂ ਖੋਖਲੇ ਮਤੇ ਪਾਸ ਕਰ ਕੇ ਲੋਕਾਂ ਨੂੰ ਮੂਰਖ ਬਣਾ ਸਕਦੇ ਹਨ।

ਚਰਨਜੀਤ ਸਿੰਘ ਚੰਨੀ, ਜੋ ਆਪਣੇ ਆਪ ਨੁੰ ਅਰਥਸ਼ਾਸਤਰ ਵਿਚ ਪੋਸਟ ਗਰੈਜੂਏਟ ਦੱਸਦੇ ਹਨ, ਨੂੰ ਲੀਪਾ ਪੋਥੀ ਕਰਨ ਵਾਲਿਆਂ ਤੇ ਸਿਨਮੈਟਗ੍ਰਾਫਰਾਂ ਦੀ ਥਾਂ ਆਰਥਿਕ ਮਾਹਿਰਾਂ ਨਾਲ ਰਾਇ ਮਸ਼ਵਰਾ ਕਰਨ ਦੀ ਸਲਾਹ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਤੁਹਾਡੇ ਵੱਲੋਂ ‘ਮੀ ਟੂ ਵਿਅਕਤੀ ਨੂੰ ਆਮ ਆਦਮੀ’ ਵਿਚ ਬਦਲਣ ਦੀ ਕਾਹਲ ਲੋਕਾਂ ਨੂੁੰ ਤੁਹਾਡੇ ‘ਮੀ ਟੂ’ ਪਲ ਚੇਤੇ ਕਰਵਾ ਰਹੀ ਹੈ। ਉਹਨਾਂ ਪੁੱਛਿਆ ਕਿ ਤੁਸੀਂ ਆਪਣਾ ਨਕਲੀ ਗਰੀਬ ਤੇ ਆਦਮੀ ਵਜੋਂ ਪੇਸ਼ ਕਰਨ ਵਿਚ ਹਰ ਹਫਤੇ ਕਿੰਨੇ ਸੌ ਕਰੋੜ ਰੁਪਏ ਗਰੀਬ ਲੋਕਾਂ ਦਾ ਪੈਸਾ ਬਰਬਾਦ ਕਰ ਰਹੇ ਹੋ ? ਉਹਨਾਂ ਕਿਹਾ ਕਿ ਕੋਈ ਵੀ ਗਰੀਬ ਆਦਮੀ ਆਪਣਾ ਨਕਲੀ ਅਕਸ ਬਣਾਉਣ ਵਾਸਤੇ ਕਿਸੇ ਹੋਰ ਗਰੀਬ ਦਾ ਪੈਸਾ ਫੂਕ ਨਹੀਂ ਸਕਦਾ।

ਮਜੀਠੀਆ ਨੇ ਮੁੱਖ ਮੰਤਰੀ ਨੁੰ ਚੁਣੌਤੀ ਦਿੱਤੀ ਕਿ ਉਹ ਸਾਬਤ ਕਰਨ ਕਿ ਅਕਾਲੀ ਸਰਕਾਰ ਨੇ ਸੂਬੇ ਵਾਸਤੇ ਸੋਲਰ ਬਿਜਲੀ 17 ਰੁਪਏ ਪ੍ਰਤੀ ਯੁਨਿਟ ਦੀ ਦਰ ਨਾਲ ਖਰੀਦੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇਹ ਚੁਣੌਤੀ ਕਬੂਲ ਕਰਨ ਕਿ ਜੇਕਰ ਸਾਡੇ ਦੋਹਾਂ ਵਿਚੋਂ ਕੋਈ ਵੀ 17 ਰੁਪਏ ਦੀ ਦਰ ਨਾਲ ਸੋਲਰ ਬਿਜਲੀ ਖਰੀਦਣ ਬਾਰੇ ਝੂਠਾ ਸਾਬਤ ਹੋਇਆ ਤਾਂ ਉਹ ਅਸਤੀਫਾ ਦੇਵੇਗਾ ਤੇ ਕਦੇ ਵੀ ਚੋਣਾਂ ਨਹੀਂ ਲੜੇਗਾ।

ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੁੱਖ ਮੰਤਰੀ ਕੇਂਦਰ ਦੇ ਨਵਿਆਉਣਯੋਗ ਊਰਜਾ ਪ੍ਰਾਜੈਕਟਾਂ ਜੋ ਜਵਾਹਰ ਲਾਲ ਨਹਿਰੂ ਨੈਸ਼ਨਲ ਸੋਲਰ ਮਿਸ਼ਨ ਤਹਿਤ ਲਾਗੂ ਕੀਤੇ ਗਏ, ਦੇ ਮਾਮਲੇ ਵਿਚ ਝੂਠ ਬੋਲ ਕੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ।

ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੀ ਪਹਿਲਾਂ ਆਓ ਪਹਿਲਾਂ ਪਾਓ ਦੀ ਨੀਤੀ ਮੁਤਾਬਕ ਪੰਜਾਬ ਲਈ ਸੋਲਰ ਪ੍ਰਾਜੈਕਟ ਤੈਅ ਕੀਤੇ ਸਨ ਤੇ ਇਹ ਕੇਂਦਰੀ ਬਿਜਲੀ ਰੈਗੂਲੇਟਰੀ ਕਮਿਸ਼ਨ ਸੀ ਜਿਸਨੇ 17.28 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਬਿਜਲੀ ਖਰੀਣਣ ਲਈ ਫੈਸਲਾ ਕੀਤਾ ਜਿਸ ਵਿਚੋਂ 12.50 ਰੁਪਏ ਪ੍ਰਤੀ ਯੂਨਿਟ ਦਾ ਖਰਚਾ ਕੇਂਦਰ ਸਰਕਾਰ ਨੇ ਚੁੱਕਣਾ ਸੀ।

ਅਕਾਲੀ ਆਗੂ ਨੇ ਮੁੱਖ ਮੰਤਰੀ ਨੁੰ ਚੇਤੇ ਕਰਵਾਇਆ ਕਿ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੋਲਰ ਪ੍ਰਾਜੈਕਟਾਂ ਨਾਲ ਕੀਤੇ ਗਏ ਸਮਝੌਤਿਆਂ ਦੀ ਬਦੌਲਤ ਸੂਬੇ ਵਿਚ 6000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ ਜਿਸ ਵਿਚੋਂ 1000 ਕਰੋੜ ਰੁਪਏ ਸਰਹੱਦੀ ਪੱਟੀ ਵਿਚ ਹੋਇਆ ਸੀ। ਉਹਨਾਂ ਕਿਹਾ ਕਿ ਇਸ ਨਾਲ ਕਿਸਾਨਾਂ ਨੁੰ ਆਪਣੀ ਅਣਵਰਤੀ ਜ਼ਮੀਨ ਲਈ ਪਟੇ ’ਤੇ ਚੰਗੀਆਂ ਕੀਮਤਾਂ ਮਿਲੀਆਂ ਤੇ ਇਹਨਾਂ ਲਈ 50 ਹਜ਼ਾਰ ਰੁਪਏ ਪ੍ਰਤੀ ਏਕੜ ਆਮਦਨ ਮਿਲੀ ਜਿਸ ਵਿਚ ਸਾਲਾਨਾ 6 ਫੀਸਦੀ ਦਾ ਵਾਧਾ ਤੈਅ ਕੀਤਾ ਗਿਆ ਜਿਸਦੀ ਬਦੌਲਤ ਚਾਰ ਹਜ਼ਾਰ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ।

Check Also

ਅਖਿਲੇਸ਼ ਯਾਦਵ ਮੈਨਪੁਰੀ ਦੀ ਕਰਹਾਲ ਸੀਟ ਤੋਂ ਲੜ ਸਕਦੇ ਹਨ ਚੋਣ

ਲਖਨਊ: ਯੂਪੀ ਵਿਧਾਨ ਸਭਾ ਚੋਣ 2022 ਵਿੱਚ ਜਿਵੇਂ-ਜਿਵੇਂ ਪਹਿਲੇ ਪੜਾਅ ਦੀ ਵੋਟਿੰਗ ਦੀ ਤਰੀਕ ਨੇੜੇ …

Leave a Reply

Your email address will not be published. Required fields are marked *