ਜਲੰਧਰ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਰਿਹਾ ਹੈ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਬੇਸ਼ਰਮੀ ਨਾਲ ਸਾਰੇ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਲਿਖੇ ਇੱਕ ਪੱਤਰ ਵਿੱਚ ਉਨ੍ਹਾਂ ਨੇ ਕਿਹਾ ਕਿ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਵੀ ਜਲੰਧਰ ਸੰਸਦੀ ਹਲਕੇ ਨੂੰ ਜਾਣ ਵਾਲੀਆਂ ਜਾਂ ਸੂਬੇ ਦੇ ਹੋਰ ਹਿੱਸਿਆਂ ਤੋਂ ਜਲੰਧਰ ਤੋਂ ਲੰਘਣ ਵਾਲੀਆਂ ਬੱਸਾਂ ‘ਤੇ ਸਰਕਾਰੀ ਇਸ਼ਤਿਹਾਰ ਅਜੇ ਵੀ ਲੱਗੇ ਹੋਏ ਹਨ। ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਕਿਹਾ ਕਿ ਉਹ ਟਰਾਂਸਪੋਰਟ ਵਿਭਾਗ ਨੂੰ ਬੱਸਾਂ ‘ਤੇ ਚਿਪਕਾਏ ਸਾਰੇ ਇਸ਼ਤਿਹਾਰ ਤੁਰੰਤ ਹਟਾਉਣ ਦੇ ਨਿਰਦੇਸ਼ ਦੇਣ।
ਕਈ ਕਾਂਗਰਸੀ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਕੰਪਲੈਕਸ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੀ ਨਾਮਜ਼ਦਗੀ ਪੱਤਰ ਭਰਨ ਦੇ ਸੰਬੰਧ ਵਿੱਚ ਹੋਈਆਂ ਉਲੰਘਣਾਵਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਕੰਪਲੈਕਸ ਨੂੰ ਜਾਣ ਵਾਲੀਆਂ ਸੜਕਾਂ ‘ਤੇ ‘ਆਪ’ ਨੇ ਬਿਨਾਂ ਮਨਜ਼ੂਰੀ ਲਏ ਅਤੇ ਪ੍ਰਿੰਟਰ ਤੇ ਪ੍ਰਕਾਸ਼ਕ ਦੇ ਨਾਮ ਛਾਪੇ ਬਿਨਾਂ ਹੀ ਅਨੇਕਾਂ ਫਲੈਕਸ ਬੋਰਡ ਲਗਾਏ ਹਨ। ਸੀ ਵਿਜਿਲ ਐਪ ‘ਤੇ ਦਰਜਨਾਂ ਸ਼ਿਕਾਇਤਾਂ ਦੇ ਬਾਵਜੂਦ ਚੋਣ ਅਧਿਕਾਰੀਆਂ ਵੱਲੋਂ ਇਸ਼ਤਿਹਾਰਾਂ ਨੂੰ ਨਹੀਂ ਹਟਾਇਆ ਗਿਆ। ਨੇਤਾਵਾਂ ਨੇ ਕਿਹਾ ਕਿ ਅਧਿਕਾਰੀਆਂ ਨੇ ਸ਼ਿਕਾਇਤਾਂ ਨੂੰ ਭਾਵੇਂ ਸੀ ਵਿਜਿਲ ਐਪ ‘ਤੇ “ਸਹੀ” ਮਾਰਕ ਕਰ ਦਿੱਤਾ ਸੀ ਪਰ ਇਸ਼ਤਿਹਾਰ ਬੋਰਡ ਨਹੀਂ ਹਟਾਏ ਗਏ।
ਇੱਕ ਕਾਂਗਰਸੀ ਆਗੂ ਨੇ ਕਿਹਾ, ‘ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਗੇਟ ‘ਤੇ ਵੀ ਆਮ ਆਦਮੀ ਪਾਰਟੀ ਵੱਲੋਂ ਦੋ ਫਲੈਕਸ ਬੋਰਡ ਲਗਾਏ ਗਏ ਹਨ। ਅਜਿਹਾ ਪ੍ਰਤੀਤ ਹੁੰਦਾ ਹੈ ਜਿਵੇਂ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਹੀ ਆਮ ਆਦਮੀ ਪਾਰਟੀ ਦੇ ਇੱਕ ਵਿੰਗ ਵਜੋਂ ਕੰਮ ਕਰ ਰਿਹਾ ਹੋਵੇ।’