ਮੰਤਰੀਆਂ ਦੇ ਸਰਕਾਰੀ ਬੰਗਲਿਆਂ ਦੀ ਸਾਂਭ-ਸੰਭਾਲ ‘ਤੇ ਰਿਕਾਰਡ ਤੋੜ ਖ਼ਰਚਾ, RTI ‘ਚ ਹੋਇਆ ਵੱਡਾ ਖੁਲਾਸਾ

Global Team
3 Min Read

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਦੇ ਵੀਆਈਪੀ ਮੰਨੇ ਜਾਂਦੇ ਲੁਟੀਅਨਜ਼ ਜ਼ੋਨ ਵਿੱਚ ਕੇਂਦਰੀ ਮੰਤਰੀਆਂ ਦੇ ਸਰਕਾਰੀ ਬੰਗਲਿਆਂ  ਦੀ ਮੁਰੰਮਤ, ਸਜਾਵਟ ਅਤੇ ਰੱਖ-ਰਖਾਅ ’ਤੇ ਹੋਣ ਵਾਲਾ ਖਰਚ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਹੈ। 2025-26 ਦੌਰਾਨ ਇਨ੍ਹਾਂ ਕੰਮਾਂ ’ਤੇ 92.35 ਕਰੋੜ ਰੁਪਏ ਖਰਚ ਕੀਤੇ ਗਏ। ਇਹ ਰਕਮ 2014-15 ਵਿੱਚ ਹੋਏ 27.47 ਕਰੋੜ ਰੁਪਏ ਦੇ ਖਰਚ ਨਾਲੋਂ ਤਿੰਨ ਗੁਣਾ ਤੋਂ ਵੀ ਜ਼ਿਆਦਾ ਹੈ। ਇਹ ਜਾਣਕਾਰੀ RTI ਰਾਹੀਂ ਸਾਹਮਣੇ ਆਈ ਹੈ।

12 ਸਾਲਾਂ ਵਿੱਚ 547 ਕਰੋੜ ਤੋਂ ਵੱਧ ਖਰਚ

ਇੱਕ RTI ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ 2014-15 ਤੋਂ 2025-26 ਦਰਮਿਆਨ ਕੇਂਦਰ ਸਰਕਾਰ ਨੇ ਕੇਂਦਰੀ ਮੰਤਰੀਆਂ ਦੇ ਇਨ੍ਹਾਂ ਸਰਕਾਰੀ ਨਿਵਾਸਾਂ ਦੀ ਮੁਰੰਮਤ, ਰੇਨੋਵੇਸ਼ਨ ਅਤੇ ਰੱਖ-ਰਖਾਅ ’ਤੇ ਕੁੱਲ 547.68 ਕਰੋੜ ਰੁਪਏ ਖਰਚ ਕੀਤੇ ਹਨ। ਇਨ੍ਹਾਂ ਕੰਮਾਂ ਦੀ ਜ਼ਿੰਮੇਵਾਰੀ ਸੈਂਟਰਲ ਪਬਲਿਕ ਵਰਕਸ ਡਿਪਾਰਟਮੈਂਟ ਯਾਨੀ CPWD ਕੋਲ ਹੈ।

ਅਧਿਕਾਰੀਆਂ ਮੁਤਾਬਕ 2025-26 ਵਿੱਚ ਹੋਇਆ ਖਰਚ 2014 ਤੋਂ ਬਾਅਦ ਸਭ ਤੋਂ ਵੱਧ ਰਿਹਾ। ਇਸ ਵਧੇ ਖਰਚ ਦੇ ਪਿੱਛੇ ਮਹਿੰਗਾਈ ਅਤੇ ਪੁਰਾਣੀਆਂ ਇਮਾਰਤਾਂ ਦੀ ਸਾਂਭ-ਸੰਭਾਲ ਦੀ ਵਧਦੀ ਲਾਗਤ ਨੂੰ ਕਾਰਨ ਦੱਸਿਆ ਗਿਆ ਹੈ।

ਕਈ ਬੰਗਲੇ 80 ਤੋਂ 100 ਸਾਲ ਪੁਰਾਣੇ

CPWD ਦੇ ਅਧਿਕਾਰੀਆਂ ਨੇ ਪਿਛਲੇ ਕੁਝ ਸਾਲਾਂ ਦੌਰਾਨ ਇਨ੍ਹਾਂ ਪੁਰਾਣੇ ਬੰਗਲਿਆਂ ਵਿੱਚ ਸੀਲਨ, ਦੀਮਕ, ਪੁਰਾਣੇ ਬਿਜਲੀ ਸਿਸਟਮ ਅਤੇ ਖਰਾਬ ਪਲੰਬਿੰਗ ਵਰਗੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਹੈ।

ਇੱਕ ਅਧਿਕਾਰੀ ਮੁਤਾਬਕ ਇਨ੍ਹਾਂ ਵਿੱਚੋਂ ਕਈ ਬੰਗਲੇ 80, 90 ਜਾਂ 100 ਸਾਲ ਪੁਰਾਣੇ ਹਨ। ਕੁਝ ਇਮਾਰਤਾਂ ਢਾਂਚਾਗਤ ਤੌਰ ’ਤੇ ਅਸੁਰੱਖਿਅਤ ਵੀ ਹੋ ਗਈਆਂ ਸਨ ਅਤੇ ਉਨ੍ਹਾਂ ਨੂੰ ਅਪਗ੍ਰੇਡ ਕਰਨ ਦੀ ਲੋੜ ਸੀ। ਕੁਝ ਬੰਗਲਿਆਂ ਨੂੰ ਢਾਹ ਕੇ ਮੁੜ ਬਣਾਉਣ ਦੀਆਂ ਯੋਜਨਾਵਾਂ ਵੀ ਪਹਿਲਾਂ ਬਣੀਆਂ ਸਨ, ਹਾਲਾਂਕਿ ਇਹ ਯੋਜਨਾਵਾਂ ਅਧਿਕਾਰਤ ਤੌਰ ’ਤੇ ਐਲਾਨੀਆਂ ਨਹੀਂ ਗਈਆਂ।

ਲੁਟਿਅਨਜ਼ ਬੰਗਲਾ ਜ਼ੋਨ ਦਾ ਇਤਿਹਾਸ

ਲੁਟਿਅਨਜ਼ ਬੰਗਲਾ ਜ਼ੋਨ ਨੂੰ 1912 ਤੋਂ 1930 ਦਰਮਿਆਨ ਨਵੀਂ ਦਿੱਲੀ ਨੂੰ ਬ੍ਰਿਟਿਸ਼ ਸਾਮਰਾਜ ਦੀ ਰਾਜਧਾਨੀ ਵਜੋਂ ਵਿਕਸਤ ਕਰਨ ਸਮੇਂ ਤਿਆਰ ਕੀਤਾ ਗਿਆ ਸੀ। ਆਜ਼ਾਦੀ ਤੋਂ ਬਾਅਦ ਇਨ੍ਹਾਂ ਬੰਗਲਿਆਂ ਦੀ ਵਰਤੋਂ ਸੀਨੀਅਰ ਸਰਕਾਰੀ ਅਧਿਕਾਰੀਆਂ ਲਈ ਕੀਤੀ ਜਾਣ ਲੱਗੀ।

ਅੱਜ ਇੱਥੇ ਕੇਂਦਰੀ ਮੰਤਰੀਆਂ ਤੋਂ ਇਲਾਵਾ ਸੰਸਦ ਮੈਂਬਰ, ਸੀਨੀਅਰ ਜੱਜ ਅਤੇ ਉੱਚ ਪੱਧਰੀ ਫੌਜੀ ਅਧਿਕਾਰੀ ਵੀ ਰਹਿੰਦੇ ਹਨ।

ਲੁਟਿਅਨਜ਼ ਦੇ ਨਾਮ ’ਤੇ ਕਿਉਂ ਹੈ ਇਹ ਜ਼ੋਨ?

ਇਤਿਹਾਸਕਾਰ ਅਤੇ ਲੇਖਿਕਾ ਸਵਪਨਾ ਲਿਡਲ ਮੁਤਾਬਕ ਇਸ ਜ਼ੋਨ ਦਾ ਨਾਮ ਐਡਵਿਨ ਲੁਟਿਅਨਜ਼ ਦੇ ਨਾਮ ’ਤੇ ਹੈ। ਹਾਲਾਂਕਿ ਉਨ੍ਹਾਂ ਨੇ ਰਾਸ਼ਟਰਪਤੀ ਭਵਨ ਦੇ ਆਲੇ-ਦੁਆਲੇ ਸਥਿਤ ਅਧਿਕਾਰਤ ਬੰਗਲਿਆਂ ਨੂੰ ਹੀ ਡਿਜ਼ਾਈਨ ਕੀਤਾ ਸੀ।

ਉਨ੍ਹਾਂ ਮੁਤਾਬਕ ਨਵੀਂ ਦਿੱਲੀ ਦੇ ਜ਼ਿਆਦਾਤਰ ਬ੍ਰਿਟਿਸ਼ ਦੌਰ ਦੇ ਸਰਕਾਰੀ ਬੰਗਲੇ ਪਬਲਿਕ ਵਰਕਸ ਡਿਪਾਰਟਮੈਂਟ ਦੇ ਆਰਕੀਟੈਕਟਾਂ ਨੇ ਡਿਜ਼ਾਈਨ ਕੀਤੇ ਸਨ। ਇਨ੍ਹਾਂ ਬੰਗਲਿਆਂ ਵਿੱਚ ਵੱਡੇ ਕੰਪਲੈਕਸ ਦੇ ਨਾਲ ਮੁੱਖ ਇਮਾਰਤ ਤੋਂ ਵੱਖ ਕਰਮਚਾਰੀਆਂ ਲਈ ਸਹਾਇਕ ਇਮਾਰਤਾਂ ਵੀ ਹੁੰਦੀਆਂ ਸਨ।

ਇਨ੍ਹਾਂ ਵਿੱਚੋਂ ਇੱਕ ਬੰਗਲਾ ਕ੍ਰਿਸ਼ਨਾ ਮੇਨਨ ਮਾਰਗ ’ਤੇ ਸਥਿਤ ਹੈ, ਜਿੱਥੇ ਇਸ ਸਮੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਰਹਿੰਦੇ ਹਨ। ਇਹ ਬੰਗਲਾ ਕਦੇ ਪੁਰਾਣੀ ਸੰਸਦ ਭਵਨ ਅਤੇ ਨੌਰਥ ਤੇ ਸਾਊਥ ਬਲਾਕ ਦੇ ਆਰਕੀਟੈਕਟ ਹਰਬਰਟ ਬੇਕਰ ਦਾ ਨਿਵਾਸ ਵੀ ਰਹਿ ਚੁੱਕਾ ਹੈ।

Share This Article
Leave a Comment