NEET ਪ੍ਰੀਖਿਆ ‘ਚ ਘੱਟ ਅੰਕ ਆਉਣ ‘ਤੇ ਵਿਦਿਆਰਥਣ ਨੇ ਚੁੱਕਿਆ ਖੌਫਨਾਕ ਕਦਮ; ਇਲਾਕੇ ਵਿੱਚ ਸੋਗ ਦੀ ਲਹਿਰ

Global Team
2 Min Read

ਮਹਾਰਾਸ਼ਟਰ: NEET ਵਿੱਚ ਘੱਟ ਅੰਕ ਆਉਣ ਤੋਂ ਪਰੇਸ਼ਾਨ ਇੱਕ ਵਿਦਿਆਰਥਣ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਅਹਿਲਿਆਨਗਰ ਜ਼ਿਲ੍ਹੇ ਦੇ ਕਰਜਤ ਤਾਲੁਕਾ ਦੇ ਜਲਾਲਪੁਰ ਪਿੰਡ ਵਿੱਚ ਇੱਕ 18 ਸਾਲਾ ਵਿਦਿਆਰਥਣ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਅੰਕਿਤਾ ਸਾਂਗਲੇ ਵਜੋਂ ਹੋਈ ਹੈ। ਪਰਿਵਾਰ ਦੇ ਮੁਤਾਬਕ, NEET ਪ੍ਰੀਖਿਆ ਵਿੱਚ ਉਮੀਦ ਨਾਲੋਂ ਘੱਟ ਅੰਕ ਆਉਣ ਕਾਰਨ ਉਸਨੇ ih ਕਦਮ ਚੁੱਕਿਆ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਰਿਵਾਰਕ ਮੈਂਬਰਾਂ ਅਨੁਸਾਰ, ਅੰਕਿਤਾ ਮੈਡੀਕਲ ਦੀ ਪੜ੍ਹਾਈ ਦਾ ਸੁਪਨਾ ਦੇਖ ਰਹੀ ਸੀ ਅਤੇ ਕਾਫ਼ੀ ਸਮੇਂ ਤੋਂ NEET ਪ੍ਰੀਖਿਆ ਦੀ ਤਿਆਰੀ ਵਿੱਚ ਲੱਗੀ ਹੋਈ ਸੀ। ਹਾਲ ਹੀ ਵਿੱਚ ਐਲਾਨੇ ਗਏ ਨਤੀਜੇ ਵਿੱਚ ਉਸ ਨੂੰ 166 ਅੰਕ ਮਿਲੇ ਸਨ। ਪਰਿਵਾਰ ਦਾ ਕਹਿਣਾ ਹੈ ਕਿ ਅੰਕਿਤਾ ਨੂੰ ਇਸ ਤੋਂ ਕਿਤੇ ਬਿਹਤਰ ਪ੍ਰਦਰਸ਼ਨ ਦੀ ਉਮੀਦ ਸੀ। ਘੱਟ ਅੰਕ ਆਉਣ ਤੋਂ ਬਾਅਦ ਉਹ ਲਗਾਤਾਰ ਤਣਾਅ ਵਿੱਚ ਰਹਿਣ ਲੱਗੀ ਸੀ ਅਤੇ ਇਸੇ ਮਾਨਸਿਕ ਦਬਾਅ ਵਿੱਚ ਉਸ ਨੇ ਇਹ ਖ਼ੌਫ਼ਨਾਕ ਕਦਮ ਚੁੱਕ ਲਿਆ।

ਪਰਿਵਾਰ ਨੇ ਦੱਸਿਆ ਕਿ ਅੰਕਿਤਾ ਲਈ ਘਰ ਵਿੱਚ ਪੜ੍ਹਾਈ ਵਾਸਤੇ ਵੱਖਰਾ ਕਮਰਾ ਬਣਾਇਆ ਗਿਆ ਸੀ। ਐਤਵਾਰ ਸ਼ਾਮ ਉਹ ਆਪਣੇ ਕਮਰੇ ਵਿੱਚ ਪੜ੍ਹਾਈ ਕਰਨ ਗਈ ਸੀ। ਕਾਫ਼ੀ ਦੇਰ ਤੱਕ ਜਦੋਂ ਕਮਰੇ ਵਿੱਚੋਂ ਕੋਈ ਆਵਾਜ਼ ਜਾਂ ਹਲਚਲ ਨਹੀਂ ਹੋਈ ਤਾਂ ਪਰਿਵਾਰਕ ਮੈਂਬਰਾਂ ਨੇ ਦਰਵਾਜ਼ਾ ਖੋਲ੍ਹਿਆ। ਅੰਦਰ ਦਾ ਦ੍ਰਿਸ਼ ਦੇਖ ਕੇ ਸਭ ਦੇ ਹੋਸ਼ ਉੱਡ ਗਏ। ਅੰਕਿਤਾ ਫੰਦੇ ਨਾਲ ਲਟਕੀ ਹੋਈ ਮਿਲੀ। ਉਸ ਨੂੰ ਤੁਰੰਤ ਹੇਠਾਂ ਉਤਾਰਿਆ ਗਿਆ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ।

ਪੁਲਿਸ ਨੂੰ ਮੌਕੇ ਤੋਂ ਮਰਾਠੀ ਵਿੱਚ ਲਿਖਿਆ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਇਸ ਵਿੱਚ ਅੰਕਿਤਾ ਨੇ ਲਿਖਿਆ— “ਮੰਮੀ-ਪਾਪਾ ਤੁਸੀਂ ਸਾਰਿਆਂ ਨੇ ਮੈਨੂੰ ਬਹੁਤ ਪਿਆਰ ਦਿੱਤਾ, ਪਰ ਮੈਂ ਤੁਹਾਡੀ ਇੱਕ ਵੀ ਇੱਛਾ ਪੂਰੀ ਨਹੀਂ ਕਰ ਸਕੀ। ਮੇਰੀ ਮੌਤ ਲਈ ਕੋਈ ਜ਼ਿੰਮੇਵਾਰ ਨਹੀਂ ਹੈ।” ਉਸ ਨੇ ਆਪਣੇ ਭਰਾ ਨੂੰ ਮਾਤਾ-ਪਿਤਾ ਦਾ ਖ਼ਿਆਲ ਰੱਖਣ ਦੀ ਵੀ ਅਪੀਲ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਅਚਾਨਕ ਹੋਈ ਮੌਤ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Share This Article
Leave a Comment