ਜਗਤਾਰ ਸਿੰਘ ਸਿੱਧੂ;
ਲੁਧਿਆਣਾ ਪੱਛਮੀ ਦੇ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਚੋਣ ਕਮਿਸ਼ਨ ਦੇ ਐਲਾਨ ਤੋਂ ਪਹਿਲਾਂ ਹੀ ਰਾਜਸੀ ਅਖਾੜਾ ਭਖਿਆ ਹੋਇਆ ਹੈ । ਇਸ ਵੇਲੇ ਤਿੰਨ ਵੱਡੀਆਂ ਧਿਰਾਂ ਮੈਦਾਨ ਵਿੱਚ ਦਾਅਵੇਦਾਰੀ ਲੈ ਕੇ ਉਤਰੀਆਂ ਹਨ। ਇੰਨਾਂ ਵਿੱਚ ਆਪ , ਕਾਂਗਰਸ ਅਤੇ ਭਾਜਪਾ ਸ਼ਾਮਲ ਹਨ ਪਰ ਸ਼੍ਰੋਮਣੀ ਅਕਾਲੀ ਦਲ ਨੇ ਅਜੇ ਫੈਸਲਾ ਕਰਨਾ ਹੈ। ਆਪ ਨੇ ਸੰਜੀਵ ਅਰੋੜਾ ਨੂੰ ਮੈਦਾਨ ਵਿੱਚ ਸਭ ਤੋਂ ਪਹਿਲਾਂ ਉਤਾਰਿਆ ਹੈ। ਅਰੋੜਾ ਤਕੜੇ ਕਾਰੋਬਾਰੀ ਹਨ ਅਤੇ ਉੱਘੇ ਸਮਾਜ ਸੇਵੀ ਹਨ।ਕਾਂਗਰਸ ਪਾਰਟੀ ਨੇ ਭਾਰਤ ਭੂਸ਼ਣ ਆਸ਼ੂ ਸਾਬਕਾ ਕੈਬਨਿਟ ਮੰਤਰੀ ਨੂੰ ਮੈਦਾਨ ਵਿੱਚ ਲਿਆਂਦਾ ਹੈ। ਭਾਜਪਾ ਵਲੋਂ ਹੌਬੀ ਧਾਲੀਵਾਲ ਨੂੰ ਉਮੀਦਵਾਰ ਵਜੋਂ ਮੈਦਾਨ ਵਿੱਚ ਲਿਆਉਣ ਦੀ ਚਰਚਾ ਹੈ।
ਆਪ ਦਾ ਕਾਰੋਬਾਰੀਆਂ ਨਾਲ ਚੰਗਾ ਰਾਬਤਾ ਹੈ। ਪਿਛਲੇ ਦਿਨੀ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਦੇ ਕਾਰੋਬਾਰੀਆਂ ਸਮੇਤ ਵੱਖ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਮੁਲਾਕਾਤਾਂ ਵੀ ਕੀਤੀਆਂ ਹਨ। ਲੁਧਿਆਣਾ ਦੇ ਵਿਕਾਸ ਵਲ ਵੀ ਧਿਆਨ ਦਿੱਤਾ ਜਾ ਰਿਹਾ ਹੈ ।ਕਾਂਗਰਸ ਨੇ ਆਸ਼ੂ ਨੂੰ ਚੋਣ ਮੈਦਾਨ ਵਿਚ ੳਤਾਰਕੇ ਇੱਕ ਕੱਦਾਵਰ ਆਗੂ ਤੇ ਦਾਅ ਖੇਡਿਆ ਹੈ ।ਲੁਧਿਆਣਾ ਤੋਂ ਪਾਰਲੀਮੈਂਟ ਮੈਂਬਰ ਰਾਜਾ ਵੜਿੰਗ ਹਨ ਅਤੇ ਇਹ ਪਹਿਲੂ ਕਾਂਗਰਸ ਦੇ ਹੱਕ ਵਿੱਚ ਜਾਂਦਾ ਹੈ ।ਕਾਂਗਰਸ ਦਾ ਨਾਂਹ ਪੱਖੀ ਪਹਿਲੂ ਇਹ ਹੈ ਕਿ ਕਾਂਗਰਸ ਵਿੱਚ ਅਜੇ ਵੀ ਧੜੇਬੰਦੀ ਨਜ਼ਰ ਆ ਰਹੀ ਹੈ ।ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਪਾਰਟੀ ਦੇ ਉਮੀਦਵਾਰ ਆਸ਼ੂ ਦੇ ਸੁਰ ਮਿਲਦੇ ਨਜ਼ਰ ਨਹੀਂ ਆ ਰਹੇ।ਅਜੇ ਤੱਕ ਰਾਜਾ ਵੜਿੰਗ ਅਤੇ ਆਸ਼ੂ ਨੇ ਕੋਈ ਸਾਂਝੀ ਰੈਲੀ ਤਾਂ ਕੀ ਕਰਨੀ ਸੀ ਸਗੋਂ ਕੋਈ ਸਾਂਝੀ ਪ੍ਰੈਸ ਕਾਨਫਰੰਸ ਵੀ ਨਹੀਂ ਕੀਤੀ ਗਈ। ਇਕ ਪਾਸੇ ਕਾਂਗਰਸ ਹਾਈਕਮਾਂਡ ਪਾਰਟੀ ਅੰਦਰ ਧੜੇਬੰਦੀ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਦੂਜੇ ਪਾਸੇ ਆਪਸੀ ਖਹਿਬਾਜੀ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਤੀਜੀ ਧਿਰ ਭਾਜਪਾ ਵੀ ਮਜ਼ਬੂਤੀ ਨਾਲ ਮੈਦਾਨ ਵਿੱਚ ਉਤਰਨ ਲਈ ਤਿਆਰ ਹੈ।ਭਾਜਪਾ ਦੇ ਚੋਟੀ ਦੇ ਆਗੂਆਂ ਦੀ ਪੰਜਾਬ ਵਿੱਚ ਦਿਲਚਸਪੀ ਦੱਸਦੀ ਹੈ ਕਿ ਲੁਧਿਆਣਾ ਪੱਛਮੀ ਦੀ ਚੋਣ ਕਿੰਨੀ ਅਹਿਮ ਹੈ ।ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅੱਜ ਇਹ ਕਹਿਣਾ ਹੈ ਕਿ ਪੰਜਾਬ ਦੀ ਆ ਰਹੀ ਵਿਧਾਨ ਸਭਾ ਚੋਣ ਦਾ ਅੰਦਾਜ਼ਾ ਲਗਾਉਣਾ ਤਾਂ ਮੁਸ਼ਕਲ ਹੈ ਪਰ ਪੰਜਾਬੀ ਸਹੀ ਫ਼ੈਸਲਾ ਕਰਨਗੇ ।ਅਕਾਲੀ ਦਲ ਦੇ ਇਸ ਸੀਟ ਬਾਰੇ ਫੈਸਲੇ ਦਾ ਇੰਤਜ਼ਾਰ ਹੈ।
ਇਸ ਚੋਣ ਦੀ ਅਹਿਮੀਅਤ ਇਸ ਕਰਕੇ ਹੋਰ ਵੀ ਵਧੇਰੇ ਹੈ ਕਿਉਂਕਿ ਇਸ ਚੋਣ ਨੂੰ 2027 ਦੀਆਂ ਆਮ ਵਿਧਾਨ ਸਭਾ ਦੀਆਂ ਚੋਣਾਂ ਨਾਲ ਜੋੜਕੇ ਵੇਖਿਆ ਜਾ ਰਿਹਾ ਹੈ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਤਿੰਨ ਸਾਲ ਬਾਅਦ ਹੋ ਰਹੀ ਜ਼ਿਮਨੀ ਚੋਣ ਦਾ ਫਤਵਾ ਹਾਕਮ ਧਿਰ ਲਈ ਵੀ ਅਹਿਮ ਰਹੇਗਾ।
ਸੰਪਰਕ 9814002186