ਜਥੇਦਾਰ ਟੌਹੜਾ ਦੀ ਬਰਸੀ! ਮਿੱਟੀ ਨਾ ਫਰੋਲ ਜੋਗੀਆ…

TeamGlobalPunjab
6 Min Read

-ਜਗਤਾਰ ਸਿੰਘ ਸਿੱਧੂ

ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸਲਾਹ ਜੇਕਰ ਦਹਾਕਿਆਂ ਪਹਿਲਾਂ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਅਤੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਮੰਨੀ ਹੁੰਦੀ ਤਾਂ ਅਕਾਲੀ ਦਲ ਅੱਜ ਹਾਸ਼ੀਆ ‘ਤੇ ਨਾ ਹੁੰਦਾ। ਜਥੇਦਾਰ ਟੌਹੜਾ ਨੇ ਬਰਨਾਲਾ ਨੂੰ ਸਲਾਹ ਦਿੱਤੀ ਸੀ ਕਿ ਮੁੱਖ ਮੰਤਰੀ ਦੇ ਨਾਲ-ਨਾਲ ਪਾਰਟੀ ਪ੍ਰਧਾਨ ਦਾ ਅਹੁਦਾ ਆਪਣੇ ਕੋਲ ਨਾ ਰੱਖੋ। ਕਾਫੀ ਲੰਮੇ ਸਮੇਂ ਬਾਅਦ ਜਥੇਦਾਰ ਟੌਹੜਾ ਨੇ ਬਾਦਲ ਨੂੰ ਸਲਾਹ ਦਿੱਤੀ ਕਿ ਮੁੱਖ ਮੰਤਰੀ ਕੋਲ ਬਹੁਤ ਕੰਮ ਹੁੰਦਾ ਹੈ ਅਤੇ ਪਾਰਟੀ ਦੀ ਪ੍ਰਧਾਨਗੀ ਕਿਸੇ ਹੋਰ ਨੇਤਾ ਨੂੰ ਦੇ ਦਿੱਤੀ ਜਾਵੇ। ਅਕਾਲੀ ਦਲ ਦੇ ਦੋਹਾਂ ਹੀ ਮੁੱਖ ਮੰਤਰੀਆਂ ਨੇ ਆਪੋ ਆਪਣੇ ਸਮਿਆਂ ਵਿੱਚ ਜਥੇਦਾਰ ਟੌਹੜਾ ਦੀ ਸਲਾਹ ਮੰਨਣ ਦੀ ਥਾਂ ਉਨ੍ਹਾਂ ਨੂੰ ਸਬਕ ਸਿਖਾਉਣ ਦਾ ਫੈਸਲਾ ਲਿਆ। ਅਕਾਲੀ ਦਲ ਦੀਆਂ ਸਰਕਾਰਾਂ ਬਨਾਉਣ ਵਾਲੇ ਪੰਥਕ ਆਗੂ ਨੂੰ ਉਸ ਦੀਆਂ ਆਪਣੀਆਂ ਹੀ ਸਰਕਾਰਾਂ ਵੇਲੇ ਅਕਾਲੀ ਦਲ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ। ਅਜਿਹੀਆਂ ਪ੍ਰਸਥਿਤੀਆਂ ਦੇ ਬਾਵਜੂਦ ਪੰਥ ਨੇ ਸਭ ਤੋਂ ਲੰਮਾ ਸਮਾਂ 27 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦਾ ਮਾਨ ਬਖਸਿਆ। ਉਸ ਪੰਥ ਰਤਨ ਦੀ ਅੱਜ 27ਵੀਂ ਬਰਸੀ ਪਿੰਡ ਟੌਹੜਾ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਾ ਕੇ ਸਾਦਾ ਢੰਗ ਨਾਲ ਮਨਾਈ ਗਈ।

               ਜਥੇਦਾਰ ਟੌਹੜਾ ਦੇ ਅਕਾਲੀ ਦਲ ਅੰਦਰ ਕਈ ਨਜ਼ਦੀਕੀ ਸਾਥੀ ਸਨ ਜਿਹੜੇ ਕਿ ਰਾਜਸੀ ਘਟਨਾਵਾਂ ਵੇਲੇ ਜਥੇਦਾਰ ਟੌਹੜਾ ਦੇ ਨਾਲ ਸਨ। ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨਾਲ ਪਿਛਲੀਆਂ ਯਾਦਾਂ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਕਤਲ ਬਾਅਦ ਪੰਜਾਬ ਵਿੱਚ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵੱਲੋਂ ਆਪ੍ਰੇਸ਼ਨ ਬਲੈਕ ਥੰਡਰ ਦੀ ਮੰਦਭਾਗੀ  ਘਟਨਾਵਾਂ ਵੇਲੇ ਅਕਾਲੀ ਦਲ ਅੰਦਰ ਵਾਪਰੀਆਂ ਵੱਡੀਆਂ ਘਟਨਾਵਾਂ ਨੂੰ ਚੇਤੇ ਕੀਤਾ। ਸ੍ਰੀ ਹਰਿਮੰਦਰ ਸਾਹਿਬ ‘ਤੇ ਪੁਲੀਸ ਵੱਲੋਂ ਬਲੈਕ ਥੰਡਰ ਕਰਨ ਵਿਰੁੱਧ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਨੇ ਰੋਸ ਵਜੋਂ ਅਸਤੀਫਾ ਦੇ ਦਿੱਤਾ ਸੀ। ਇਸ ਸੰਕਟ ਦੇ ਮੱਦੇਨਜ਼ਰ ਬਰਨਾਲਾ ਨੇ ਪੰਜਾਬ ਭਵਨ ਚੰਡੀਗੜ੍ਹ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਲਈ। ਜਥੇਦਾਰ ਟੌਹੜਾ ਵੀ ਬਹੁਤ ਗੁੱਸੇ ਵਿੱਚ ਸਨ। ਉਸ ਵੇਲੇ ਦੇ ਚੁਸਤ ਸਿਆਸਤਦਾਨ ਬਲਵੰਤ ਸਿੰਘ ਨੂੰ ਲੱਗਾ  ਕਿ ਅਕਾਲੀ ਦਲ ਦੀ ਸਰਕਾਰ ਟੁੱਟ ਜਾਵੇਗੀ। ਬਲਵੰਤ ਸਿੰਘ ਨੇ ਪ੍ਰੋ. ਚੰਦੂਮਾਜਰਾ ਨੂੰ ਕਿਹਾ ਕਿ ਜਥੇਦਾਰ ਟੌਹੜਾ ਨੂੰ ਮਨਾਉ ਕਿ ਲੜਾਈ ਨਾ ਪਾਈ ਜਾਵੇ ਅਤੇ ਬਰਨਾਲਾ ਅਕਾਲੀ ਦਲ ਦੀ ਪ੍ਰਧਾਨਗੀ ਛੱਡ ਦੇਵੇਗਾ। ਬਲਵੰਤ ਸਿੰਘ ਦੇ ਘਰ ਸੁਲ੍ਹਾ ਵਾਸਤੇ ਮੀਟਿੰਗ ਤੈਅ ਹੋ ਗਈ। ਪ੍ਰੋ. ਚੰਦੂਮਾਜਰਾ ਜਥੇਦਾਰ ਟੌਹੜਾ ਨੂੰ ਗੱਡੀ ਵਿੱਚ ਬਿਠਾ ਕੇ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਕੋਲ ਦੀ ਲੰਘ ਰਹੇ ਸਨ ਕਿ ਰੇਡੀਓ ‘ਤੇ ਪ੍ਰਦੇਸ਼ਿਕ ਸਮਾਚਾਰ ਆ ਗਏ। ਰੇਡੀਓ ‘ਤੇ ਖਬਰ ਆ ਗਈ ਕਿ ਸਾਬਕਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਨੂੰ ਅਕਾਲੀ ਦਲ ਵਿੱਚੋਂ ਬਰਤਰਫ ਕਰ ਦਿੱਤਾ ਗਿਆ ਹੈ। ਜਥੇਦਾਰ ਟੌਹੜਾ ਨੇ ਖਬਰ ਸੁਣਦਿਆਂ ਹੀ ਕਿਹਾ ਕਿ ਗੱਡੀ ਪਿਛੇ ਮੋੜੋ। ਬਰਨਾਲਾ ‘ਤੇ ਸੁਖਜਿੰਦਰ ਸਿੰਘ ਨੂੰ ਬਰਤਰਫ ਕਰਨ ਦਾ ਕਿਸ ਨੇ ਦਬਾਅ ਪਾਇਆ? ਇਹ ਭੇਤ ਦਾ ਬਰਨਾਲਾ ਦੇ ਨਾਲ ਹੀ ਦਫਨ ਹੋ ਗਿਆ ਹੈ ਪਰ ਬਰਨਾਲਾ ਅਕਾਲੀ ਦਲ ਵਿੱਚ ਅਜਿਹੇ ਨੇਤਾ ਵਜੋਂ ਚੇਤੇ ਰੱਖੇ ਜਾਣਗੇ। ਜਿਨ੍ਹਾਂ ਨੇ ਮੁੱਖ ਮੰਤਰੀ ਅਤੇ ਪ੍ਰਧਾਨਗੀ ਦਾ ਅਹੁਦਾ ਇਕੋ ਵਿਅਕਤੀ ਕੋਲ ਰੱਖਣ ਦੀ ਅਜਿਹੀ ਪਿਰਤ ਪਾਈ ਜਿਹੜੀ ਕਿ ਇੱਕ ਦਿਨ ਅਕਾਲੀ ਦਲ ਨੂੰ ਹਾਸ਼ੀਆ ‘ਤੇ ਲੈ ਆਈ। ਇਸ ਤਰ੍ਹਾਂ ਜਥੇਦਾਰ ਟੌਹੜਾ ਵੱਲੋਂ ਮੁੱਖ ਮੰਤਰੀ ਅਤੇ ਪ੍ਰਧਾਨਗੀ ਦਾ ਅਹੁਦਾ ਇੱਕਠੇ ਨਾ ਰੱਖਣ ਦੀ ਸਲਾਹ ਵੀ ਰੱਦ ਕਰ ਦਿੱਤੀ ਗਈ ਅਤੇ ਹਮੇਸ਼ਾ ਲਈ ਅਕਾਲੀ ਦਲ ਅੰਦਰ ਇਕੋ ਨੇਤਾ ਕੋਲ ਦੋਵੇਂ ਅਹੁਦੇ ਰੱਖਣ ਦੀ ਰੀਤ ਤੁਰ ਪਈ ਜਿਸ ਦੇ ਸਿੱਟੇ ਹੁਣ ਵੀ ਅਕਾਲੀ ਦਲ ਭੁਗਤ ਰਿਹਾ ਹੈ।

               ਜਥੇਦਾਰ ਟੌਹੜਾ ਨੇ ਦੂਜੀ ਵਾਰ ਪ੍ਰਧਾਨਗੀ ਅਤੇ ਮੁੱਖ ਮੰਤਰੀ ਦਾ ਅਹੁਦਾ ਇਕੋ ਨੇਤਾ ਕੋਲ ਨਾ ਰੱਖਣ ਦੀ ਸਲਾਹ ਬਾਦਲ ਨੂੰ ਦਿੱਤੀ। ਜਥੇਦਾਰ ਟੌਹੜਾ ਨੇ ਜਲੰਧਰ ਵਿੱਚ ਇੱਕ ਖਬਰ ਏਜੰਸੀ ਨੂੰ ਇੰਟਰਵਿਊ ਵਿੱਚ ਆਖ ਦਿੱਤਾ ਕਿ ਮੁੱਖ ਮੰਤਰੀ ਕੋਲ ਬਹੁਤ ਕੰਮ ਹੁੰਦਾ ਹੈ ਅਤੇ ਇਸ ਲਈ ਪਾਰਟੀ ਪ੍ਰਧਾਨਗੀ ਬਾਦਲ ਦੀ ਥਾਂ ਕਿਸੇ ਹੋਰ ਨੂੰ ਦਿੱਤੀ ਜਾਵੇ। ਅਜਿਹੀ ਸਲਾਹ ਨੂੰ ਬਾਦਲ ਵਰਗਾ ਅਕਾਲੀ ਦਲ ਦਾ ਸ਼ਕਤੀਸ਼ਾਲੀ ਨੇਤਾ ਕਿਵੇਂ ਮੰਨ ਸਕਦਾ ਸੀ? ਪਾਰਟੀ ਵਿੱਚ ਹਲਚਲ ਮੱਚ ਗਈ। ਪਾਰਟੀ ਅੰਦਰ ਟਕਰਾ ਨੂੰ ਰੋਕਣ ਦੀ ਕੋਸ਼ਿਸ਼ ਹੋਈ। ਬਾਦਲ ਮੰਨ ਗਿਆ ਕਿ ਜਥੇਦਾਰ ਟੌਹੜਾ ਨਾਲ ਮੀਟਿੰਗ ਕੀਤੀ ਜਾਵੇ। ਪ੍ਰੋ. ਚੰਦੂਮਾਜਰਾ ਅਤੇ ਜਥੇਦਾਰ ਟੌਹੜਾ ਉਸ ਦਿਨ ਡਕਾਲਾ ਹਲਕੇ ਵਿੱਚ ਇੱਕਠੇ ਸਨ। ਜਥੇਦਾਰ ਟੌਹੜਾ ਵੀ ਬਾਦਲ ਨਾਲ ਮੁਲਾਕਾਤ ਲਈ ਮੰਨ ਗਏ। ਇਹ ਦੋਵੇਂ ਨੇਤਾ ਚੰਡੀਗੜ੍ਹ ਨੂੰ ਰਵਾਨਾ ਹੋਣ ਤੋਂ ਪਹਿਲਾਂ ਭਾਸ਼ਾ ਵਿਭਾਗ ਪਟਿਆਲਾ ਦੇ ਇੱਕ ਸਮਾਗਮ ਵਿੱਚ ਆ ਗਏ। ਉੱਥੇ ਹੀ ਅਕਾਲੀ ਵਰਕਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਬਾਦਲ ਨੇ ਪਟਿਆਲਾ ਦੇ ਐੱਸ.ਐੱਸ.ਪੀ. ਅਤੇ ਡਿਪਟੀ ਕਮਿਸ਼ਨਰ ਬਦਲ ਦਿੱਤੇ ਹਨ। ਇਹ ਦੋਵੇਂ ਜ਼ਿਲ੍ਹਾ ਅਧਿਕਾਰੀ ਜਥੇਦਾਰ ਟੌਹੜਾ ਦੇ ਬਹੁਤ ਨਜ਼ਦੀਕੀ ਸਨ। ਕਈਆਂ ਨੇ ਕਿਹਾ ਕਿ ਬਾਦਲ ਨੇ ਇਹ ਜਾਣ ਬੁਝ ਕੇ ਬਦਲੇ ਹਨ ਪਰ ਜਥੇਦਾਰ ਟੌਹੜਾ ਮੰਨ ਗਏ ਕਿ ਅਧਿਕਾਰੀਆਂ ਦਾ ਤਬਾਦਲਾ ਮੁੱਖ ਮੰਤਰੀ ਦਾ ਅਧਿਕਾਰੀ ਹੈ। ਪ੍ਰੋ. ਚੰਦੂਮਾਜਰਾ ਅਤੇ ਜਥੇਦਾਰ ਟੌਹੜਾ ਭਾਸ਼ਾ ਵਿਭਾਗ ਤੋਂ ਚੰਡੀਗੜ੍ਹ ਲਈ ਤੁਰ ਪਏ ਜਿੱਥੇ ਕਿ ਬਾਦਲ ਨਾਲ ਮੁਲਾਕਾਤ ਪਹਿਲਾਂ ਹੀ ਤੈਅ ਸੀ। ਦੋਹਾਂ ਆਗੂਆਂ ਦੀ ਗੱਡੀ ਅਜੇ ਪਟਿਆਲਾ ਦੇ ਬੱਸ ਸਟੈਂਡ ਕੋਲ ਪੁਜੀ ਹੀ ਸੀ ਕਿ ਪ੍ਰਦੇਸ਼ਿਕ ਸਮਾਚਾਰ ਵਿੱਚ ਰੇਡੀਓ ਤੋਂ ਖਬਰ ਆ ਗਈ ਕਿ ਕਰਨਲ ਜ.ਸ. ਬਾਲਾ ਨੂੰ ਅਕਾਲੀ ਦਲ ਨੇ ਪ੍ਰਧਾਨ ਬਾਦਲ ਨੇ ਪਾਰਟੀ ਵਿੱਚੋਂ ਬਰਤਰਫ ਕਰ ਦਿੱਤਾ ਹੈ। ਕਰਨਲ ਬਾਲਾ ਜਥੇਦਾਰ ਟੌਹੜਾ ਦੇ ਬਹੁਤ ਨਜ਼ਦੀਕੀਆਂ ਵਿਚੋਂ ਇੱਕ ਸਨ। ਜਥੇਦਾਰ ਟੌਹੜਾ ਉਥੋਂ ਹੀ ਵਾਪਸ ਮੁੜ ਗਏ ਅਤੇ ਚੰਡੀਗੜ੍ਹ ਦੀ ਥਾਂ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਪਟਿਆਲਾ ਚਲੇ ਗਏ। ਉਸ ਲੜਾਈ ਬਾਅਦ ਪੰਜਾਬ ਵਿੱਚ ਅਕਾਲੀ ਦਲ ਦੀ ਅਗਲੀ ਸਰਕਾਰ ਨਾ ਬਣੀ ਪਰ ਜਥੇਦਾਰ ਟੌਹੜਾ ਅਕਾਲੀ ਦਲ ‘ਚ ਮੁੱਖ ਮੰਤਰੀ ਅਤੇ ਪ੍ਰਧਾਨਗੀ ਦਾ ਅਹੁਦਾ ਇਕੋ ਨੇਤਾ ਕੋਲ ਨਾ ਰੱਖਣ ਦੀ ਆਪਣੀ ਜ਼ਿੰਦਗੀ ਦੀ ਆਖਰੀ ਲੜਾਈ ਵੀ ਹਾਰ ਗਏ। (ਇਸ ਲੇਖ ਦਾ ਬਾਕੀ ਹਿੱਸਾ 2 ਅਪ੍ਰੈਲ ਨੂੰ ਓਪੀਨੀਅਨ ਪੇਜ਼ ਵਿੱਚ ਹੀ ਪੜ੍ਹਿਆ ਜਾਵੇ)

ਸੰਪਰਕ : 9814002186

- Advertisement -

Share this Article
Leave a comment