ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਪੀ.ਏ.ਯੂ ‘ਚ ਪੜ੍ਹਨ ਵਾਲੇ ਅਫਗਾਨੀ ਵਿਦਿਆਰਥੀ ਸਹਿਮੇ ਹੋਏ,ਜ਼ਾਹਿਰ ਕੀਤੀ ਆਪਣੀ ਚਿੰਤਾ

TeamGlobalPunjab
2 Min Read

ਲੁਧਿਆਣਾ: ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ  ਵਿਚ ਪੜ੍ਹਨ ਵਾਲੇ ਅਫਗਾਨੀ ਵਿਦਿਆਰਥੀ ਸਹਿਮੇ ਹੋਏ ਹਨ। ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਦੇਸ਼ ਛੱਡ ਕੇ ਜਾ ਚੁੱਕੇ ਹਨ, ਜਿਸ ਨੂੰ ਲੈ ਕੇ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ‘ਚ ਪੜ੍ਹਨ ਵਾਲੇ ਵਿਦਿਆਰਥੀ ਚਿੰਤਿਤ ਹਨ। ਹਾਲਾਂਕਿ ਇਨ੍ਹਾਂ ਵਿਦਿਆਰਥੀਆਂ ਨੇ ਕੈਮਰੇ ਦੇ ਅੱਗੇ ਆਉਣ ਤੋਂ ਇਨਕਾਰ ਕਰ ਦਿੱਤਾ ਪਰ ਇੱਕ ਵਿਦਿਆਰਥੀ ਅਹਿਮਦ ਨੇ ਦੱਸਿਆ ਕਿ ਉੱਥੇ ਹਾਲਾਤ ਬਹੁਤ ਖਰਾਬ ਹਨ ਅਤੇ ਹੁਣ ਉਨ੍ਹਾਂ ਨੂੰ ਆਪਣਾ ਭਵਿੱਖ ਧੁੰਦਲਾ ਵਿਖਾਈ ਦੇ ਰਿਹਾ ਹੈ।

ਅਫਗਾਨੀ ਵਿਦਿਆਰਥੀ ਅਹਿਮਦ ਨੇ ਦੱਸਿਆ ਕਿ ਆਪਣੇ ਪਰਿਵਾਰ ਨਾਲ ਗੱਲ ਕੀਤੇ ਹੋਏ ਉਸ ਨੂੰ ਦੋ ਦਿਨ ਹੋ ਚੁੱਕੇ ਹਨ, ਕਿਉਂਕਿ ਉੱਥੇ ਨੈੱਟਵਰਕ ਨਹੀਂ ਆ ਰਿਹਾ। ਆਰਮੀ ਨੇ ਨੈੱਟਵਰਕ ਜਾਮ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਕਿਹੋ ਜਿਹੇ ਹਾਲਾਤ ਵਿੱਚ ਰਹਿ ਰਹੇ ਹਨ, ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ, ਉਹ ਬੱਸ ਅਰਦਾਸ ਕਰਦੇ ਹਨ ਕਿ ਉਹ ਉੱਥੇ ਸੁਰੱਖਿਅਤ ਰਹਿਣ। ਉਸ ਨੇ ਦੱਸਿਆ ਕਿ ਇੱਥੇ ਰਹਿਣ ਵਾਲੇ ਵਿਦਿਆਰਥੀ ਵੀ ਘਬਰਾਏ ਹੋਏ ਹਨ ਅਤੇ ਉਹ ਹੁਣ ਭਾਰਤ ਛੱਡ ਕੇ ਨਹੀਂ ਜਾਣਾ ਚਾਹੁੰਦੇ ਕਿਉਂਕਿ ਉਸ ਥਾਂ ‘ਤੇ ਹਾਲਾਤ ਸਹੀ ਨਹੀਂ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਹੁਣ ਆਪਣਾ ਭਵਿੱਖ ਵੀ ਅਫ਼ਗਾਨਿਸਤਾਨ ਵਿੱਚ ਧੁੰਦਲਾ ਨਜ਼ਰ ਆਉਂਦਾ ਹੈ ਕਿਉਂਕਿ ਤਾਲਿਬਾਨ ਆਧੁਨਿਕ ਸਿੱਖਿਆ ਨੂੰ ਸਮਰਥਨ ਨਹੀਂ ਦਿੰਦਾ। ਇਸ ਕਰਕੇ ਉਹ ਉਨ੍ਹਾਂ ਨੂੰ ਕੱਟੜਵਾਦ ਵੱਲ ਧੱਕ ਰਹੇ ਹਨ।  ਉਸ ਨੇ ਕਿਹਾ ਕਿ ਤਾਲਿਬਾਨੀ ਉਨ੍ਹਾਂ ਨੂੰ ਪੱਗ ਬੰਨ੍ਹਣ ਲਈ ਦਾੜ੍ਹੀ ਰੱਖਣ ਲਈ ਆਖਦੇ ਹਨ। ਪਰ ਉਹ ਇਸ ਪਹਿਰਾਵੇ ਦੇ ਵਿੱਚ ਆਪਣੇ ਆਪ ਨੂੰ ਆਰਾਮਦਾਇਕ ਨਹੀਂ ਸਮਝਦੇ। ਉਨ੍ਹਾਂ ਕਿਹਾ ਕਿ ਉਥੇ ਲੜਕੀਆਂ ‘ਤੇ ਵੀ ਕਈ ਪਾਬੰਦੀਆਂ ਹਨ, ਜਿਸ ਨੂੰ ਸਵੀਕਾਰ ਕਰਨਾ ਨਵੀਂ ਪੀੜ੍ਹੀ ਲਈ ਕਾਫ਼ੀ ਮੁਸ਼ਕਿਲ ਹੈ।  ਉਹ ਭਾਰਤ ਛੱਡ ਕੇ ਹੁਣ ਨਹੀਂ ਜਾਣਾ ਚਾਹੁੰਦੇ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਜੇਕਰ ਉਹ ਉਥੇ ਗਏ ਤਾਂ ਸ਼ਾਇਦ ਉਨ੍ਹਾਂ  ਨੂੰ ਵੀ ਮਾਰ ਦਿੱਤਾ ਜਾਵੇਗਾ।

Share this Article
Leave a comment