ਲੁਧਿਆਣਾ ਪੁਲਿਸ ਮੁਸਿਬਤ ‘ਚ ਔਰਤਾਂ ਨੂੰ ਦੇਵੇਗੀ ਫਰੀ ਰਾਈਡ ਸੇਵਾ!

TeamGlobalPunjab
2 Min Read

ਇੱਕ ਪਾਸੇ ਜਿੱਥੇ ਸਮੂਹ ਸਿੱਖ ਭਾਈਚਾਰੇ ਦੇ ਨਾਲ ਦੁਨੀਆਂ ਦੇ ਲਗਭਗ ਹਰ ਫਿਰਕੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਿਲ ਕੇ ਮਨਾਇਆ ਗਿਆ ਉੱਥੇ ਹੀ ਉਨ੍ਹਾਂ ਦਾ ਉਪਦੇਸ਼ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ।।“ ਇੰਝ ਲਗਦਾ ਹੈ ਕਿ ਲੋਕਾਂ ਦੇ ਮਨੋਂ ਵਿਸਰਦਾ ਜਾ ਰਿਹਾ ਹੈ। ਅਜਿਹਾ ਕਿਹਾ ਜਾ ਰਿਹਾ ਹੈ ਔਰਤਾ ਨਾਲ ਵਾਪਰਨ ਵਾਲੀਆਂ ਘਟਨਾਵਾਂ ਨੂੰ ਦੇਖ ਕੇ। ਜੀ ਹਾਂ ਇਹ ਘਟਨਾਵਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ। ਇਸੇ ਸਿਲਸਿਲੇ ‘ਚ ਇਨ੍ਹਾਂ ਘਟਨਾਵਾਂ ਪ੍ਰਤੀ ਪ੍ਰਸ਼ਾਸਨ ਵੀ ਹੁਣ ਸੰਜੀਦਾ ਹੁੰਦਾ ਦਿਖਾਈ ਦੇ ਰਿਹਾ ਹੈ। ਲੁਧਿਆਣਾ ਪੁਲਿਸ ਵੱਲੋਂ  ਔਰਤਾਂ ਦੀ ਮਦਦ ਲਈ ਇੱਕ ਨਵੀਂ ਪਹਿਲ ਕੀਤੀ ਗਈ ਹੈ।

ਸਥਾਨਕ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਇੱਕ ਐਲਾਨ ਕੀਤਾ ਹੈ ਕਿ ਰਾਤ ਸਮੇਂ ਔਰਤਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ‘ਤੇ ਜਾਣ ਲਈ ਪੁਲਿਸ ਵੱਲੋਂ ਫਰੀ ਰਾਈਡ ਸੇਵਾ ਦਿੱਤੀ ਜਾਵੇਗੀ। ਇਸ ਸਬੰਧੀ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ। ਜਿਸ ‘ਤੇ ਕਾਲ ਕਰਕੇ ਕੋਈ ਵੀ ਔਰਤ 10 ਵਜੇ  ਤੋਂ ਸਵੇਰ 6 ਵਜੇ ਤੱਕ ਪੁਲਿਸ ਕੋਲੋਂ ਕਦੋਂ ਵੀ ਮਦਦ ਲੈ ਸਕਦੀ ਹੈ। ਇਸ ਲਈ ਪੁਲਿਸ ਵੱਲੋਂ 1091 ਅਤੇ 7837018555 ਦੋ ਹੈਲਪ ਲਾਈਨ ਨੰਬਰ ਜਾਰੀ ਕੀਤੇ ਗਏ ਹਨ।

ਦੱਸ ਦਈਏ ਕਿ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਇਹ ਸੇਵਾ ਬਿਲਕੁਲ ਫਰੀ ਹੈ ਅਤੇ ਜਦੋਂ ਵੀ ਕਦੀ ਰਾਤ ਸਮੇਂ  ਕੋਈ ਔਰਤ ਆਪਣੇ ਆਪ ਨੂੰ ਕਿਸੇ ਮੁਸ਼ਕਲ ਵਿੱਚ ਮਹਿਸੂਸ ਕਰਦੀ ਹੈ ਤਾਂ ਇਨ੍ਹਾਂ ਨੰਬਰਾਂ ‘ਤੇ ਕਾਲ ਕਰਕੇ ਉਹ ਪੁਲਿਸ ਤੋਂ ਮਦਦ ਲੈ ਸਕਦੀ ਹੈ। ਇੱਥੇ ਹੀ ਬੱਸ ਨਹੀਂ ਪੁਲਿਸ ਅਧਿਕਾਰੀਆਂ ਵੱਲੋਂ ਉਸ ਔਰਤ ਨੂੰ ਸੁਰੱਖਿਅਤ ਉਸ ਦੀ ਮੰਜਿਲ ਤੱਕ ਵੀ ਛੱਡ ਕੇ ਆਇਆ ਜਾਵੇਗਾ।

Share this Article
Leave a comment