ਲੁਧਿਆਣਾ ’ਚ ਈ-ਕਾਮਰਸ ਪਾਰਸਲ ’ਚੋਂ 1 ਕਿਲੋ ਤੋਂ ਜ਼ਿਆਦਾ ਅਫੀਮ ਬਰਾਮਦ, ਨੌਜਵਾਨ ਕਾਬੂ

Global Team
2 Min Read

ਸਾਹਨੇਵਾਲ: ਲੁਧਿਆਣਾ ਦੇ ਸਾਹਨੇਵਾਲ ਥਾਣੇ ਦੀ ਪੁਲਿਸ ਨੇ ਇੱਕ ਨੌਜਵਾਨ ਨੂੰ 1 ਕਿਲੋ 138 ਗ੍ਰਾਮ ਅਫੀਮ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਦੀਪਕ ਭਾਟੀਆ ਵਾਸੀ ਡੀਐਚਐਲ-55, ਜੀਟੀ ਰੋਡ, ਢੰਡਾਰੀ ਖੁਰਦ ਵਜੋਂ ਹੋਈ ਹੈ। ਪੁਲਿਸ ਨੇ ਉਸ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ 18 ਅਤੇ 61-85 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸੂਚਨਾ ਮਿਲਣ ’ਤੇ ਪਾਰਸਲ ਦੀ ਜਾਂਚ

ਪੁਲਿਸ ਮੁਤਾਬਕ 11 ਅਗਸਤ ਨੂੰ ਐਸਆਈ ਕਰਮਜੀਤ ਸਿੰਘ ਪੁਲਿਸ ਟੀਮ ਸਮੇਤ ਢੰਡਾਰੀ ਕਲਾਂ ਵਿੱਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਨਾਰਕੋਟਿਕਸ ਕੰਟਰੋਲ ਬਿਊਰੋ, ਸੈਕਟਰ-66 ਮੋਹਾਲੀ ਦੇ ਇੰਸਪੈਕਟਰ ਅਜੈ ਕੁਮਾਰ ਵੱਲੋਂ ਭੇਜੀ ਗਈ ਟਾਈਪ ਕੀਤੀ ਸੂਚਨਾ ਦੀ ਫੋਟੋਕਾਪੀ ਪੁਲਿਸ ਨੂੰ ਮਿਲੀ। ਇਸ ਦੇ ਆਧਾਰ ’ਤੇ ਟੀਮ ਢੰਡਾਰੀ ਖੁਰਦ ਸਥਿਤ ਡੀਐਚਐਲ ਦਫ਼ਤਰ ਪਹੁੰਚੀ।

ਪੁਲਿਸ ਅਨੁਸਾਰ ਦੀਪਕ ਭਾਟੀਆ ਦੇ ਨਾਂ ’ਤੇ ਆਏ ਪਾਰਸਲ ਨੂੰ ਈ-ਕਾਮਰਸ ਪ੍ਰਕਿਰਿਆ ਤਹਿਤ ਮੌਕੇ ’ਤੇ ਵੀਡੀਓਗ੍ਰਾਫੀ ਕਰਦਿਆਂ ਖੋਲ੍ਹਿਆ ਗਿਆ। ਪਾਰਸਲ ਵਿੱਚ ਕੱਪੜਿਆਂ ਤੋਂ ਇਲਾਵਾ ਹੋਰ ਸਮਾਨ ਵੀ ਮੌਜੂਦ ਸੀ। ਜਾਂਚ ਦੌਰਾਨ ਇਸ ਵਿੱਚ ਇੱਕ ਇਲੈਕਟ੍ਰਿਕ ਰੋਟੀ ਮੇਕਰ ਵੀ ਮਿਲਿਆ, ਜਿਸ ਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ।

ਰੋਟੀ ਮੇਕਰ ਦੇ ਅੰਦਰ ਲੁਕਾਈ ਸੀ ਅਫੀਮ

ਪੁਲਿਸ ਨੇ ਦੱਸਿਆ ਕਿ ਰੋਟੀ ਮੇਕਰ ਦੇ ਉੱਪਰ ਅਤੇ ਹੇਠਾਂ ਕਾਲੇ ਰੰਗ ਦੇ ਦੋ ਮੋਮੀ ਲਿਫ਼ਾਫੇ ਲੁਕਾਏ ਹੋਏ ਸਨ। ਇਨ੍ਹਾਂ ਨੂੰ ਖੋਲ੍ਹਣ ’ਤੇ ਕੁੱਲ 1 ਕਿਲੋ 138 ਗ੍ਰਾਮ ਅਫੀਮ ਬਰਾਮਦ ਹੋਈ। ਪੁਲਿਸ ਨੇ ਨਸ਼ੀਲਾ ਪਦਾਰਥ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।

ਨਸ਼ਾ ਕਿੱਥੋਂ ਆਇਆ, ਜਾਂਚ ਜਾਰੀ

ਸਾਹਨੇਵਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਹੁਣ ਇਸ ਗੱਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਇਹ ਅਫੀਮ ਕਿੱਥੋਂ ਲਿਆਂਦੀ ਗਈ ਸੀ ਅਤੇ ਇਸ ਦੀ ਸਪਲਾਈ ਕਿਸ ਨੂੰ ਕੀਤੀ ਜਾਣੀ ਸੀ। ਇਸ ਦੇ ਨਾਲ ਹੀ ਪੁਲਿਸ ਵੱਲੋਂ ਪਾਰਸਲ ਰਾਹੀਂ ਨਸ਼ਾ ਭੇਜਣ ਵਾਲੇ ਸੰਭਾਵਿਤ ਨੈੱਟਵਰਕ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment