ਲੁਧਿਆਣਾ ‘ਚ ਬੀਤੀ ਰਾਤ ਇਕ ਨੌਜਵਾਨ ‘ਤੇ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਖੂਨ ਨਾਲ ਲੱਥਪੱਥ ਨੌਜਵਾਨ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਦੀ ਲੱਤ ‘ਤੇ ਟਾਂਕੇ ਲਾਏ। ਨੌਜਵਾਨ ਦੀ ਲੱਤ ਦਾ ਕਿੰਨਾ ਹਿੱਸਾ ਟੁੱਟਿਆ ਹੈ, ਇਹ ਅੱਜ ਐਕਸਰੇ ਤੋਂ ਬਾਅਦ ਹੀ ਪਤਾ ਲੱਗੇਗਾ। ਜ਼ਖਮੀ ਨੌਜਵਾਨ ਬੀਤੀ ਰਾਤ ਆਪਣੇ ਘਰ ਨੇੜੇ ਆਪਣੀ ਪ੍ਰੇਮਿਕਾ ਨੂੰ ਮਿਲਣ ਗਿਆ ਸੀ ਪਰ ਅਚਾਨਕ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਦੇਖ ਲਿਆ, ਜਿਸ ਤੋਂ ਬਾਅਦ ਇਲਾਕੇ ‘ਚ ਭਾਰੀ ਵਿਵਾਦ ਪੈਦਾ ਹੋ ਗਿਆ। ਉਨ੍ਹਾਂ ਲੋਕਾਂ ਨੇ ਉਸ ਨੌਜਵਾਨ ‘ਤੇ ਹਮਲਾ ਕਰ ਦਿੱਤਾ।
ਜਾਣਕਾਰੀ ਦਿੰਦਿਆਂ ਜ਼ਖਮੀ ਨੌਜਵਾਨ ਲਵਪ੍ਰੀਤ ਨੇ ਦੱਸਿਆ ਕਿ ਉਸ ਦੀ ਪ੍ਰੇਮਿਕਾ ਜੱਸੀਆਂ ਰੋਡ ‘ਤੇ ਗਾਂਜਾ ਵੇਚਣ ਦਾ ਕੰਮ ਕਰਦੀ ਹੈ। ਉਹ ਉਸ ਨੂੰ ਮਿਲਣ ਗਿਆ ਸੀ। ਉਸਨੂੰ ਨਹੀਂ ਪਤਾ ਸੀ ਕਿ ਪੁਲਿਸ ਨੇ ਪਹਿਲਾਂ ਉਸਦੀ ਪ੍ਰੇਮਿਕਾ ਨੂੰ ਥਾਣੇ ਬੁਲਾਇਆ ਸੀ। ਜਦੋਂ ਉਹ ਉਸ ਨੂੰ ਮਿਲਣ ਗਿਆ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕੁੜੀ ਦੇ ਪਰਿਵਾਰਕ ਮੈਂਬਰ ਉਸਨੂੰ ਕਹਿਣ ਲੱਗੇ ਕਿ ਤੂੰ ਹੀ ਪੁਲਿਸ ਨੂੰ ਸੂਚਿਤ ਕੀਤਾ ਹੈ ਕਿ ਉਹਨਾਂ ਦੀ ਲੜਕੀ ਗਾਂਜਾ ਵੇਚਦੀ ਹੈ।
ਕਰੀਬ 5 ਤੋਂ 6 ਵਿਅਕਤੀਆਂ ਨੇ ਹਮਲਾ ਕੀਤਾ। ਲਵਪ੍ਰੀਤ ਨੇ ਦੱਸਿਆ ਕਿ ਉਸ ਦੀ ਆਪਣੀ ਪ੍ਰੇਮਿਕਾ ਨਾਲ 1 ਮਹੀਨੇ ਤੋਂ ਦੋਸਤੀ ਚੱਲ ਰਹੀ ਹੈ। ਬੀਤੀ ਰਾਤ ਉਹ ਸਿਗਰਟ ਪੀਣ ਦੇ ਬਹਾਨੇ ਆਪਣੀ ਦੁਕਾਨ ‘ਤੇ ਗਿਆ ਸੀ। ਲਵਪ੍ਰੀਤ ਨੇ ਦੱਸਿਆ ਕਿ ਉਸ ਦਾ ਗਿੱਟਾ ਟੁੱਟ ਗਿਆ ਹੈ। ਉਸ ਨੇ ਜ਼ਖਮੀ ਹਾਲਤ ‘ਚ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ। ਜਿਸ ਨੇ ਮੌਕੇ ‘ਤੇ ਪਹੁੰਚ ਕੇ ਉਸ ਨੂੰ ਸੰਭਾਲ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ। ਉਹ ਸਵੇਰੇ ਹਮਲਾਵਰਾਂ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਏਗਾ।