ਲੂਈ ਬਰੇਲ: ਦ੍ਰਿਸ਼ਟੀਹੀਣਾ ਲਈ ਬਣਿਆ ਨਵਾਂ ਸਵੇਰਾ

TeamGlobalPunjab
3 Min Read

-ਅਵਤਾਰ ਸਿੰਘ

ਜਿਸ ਇਨਸਾਨ ‘ਚ ਸਖਤ ਮਿਹਨਤ, ਇੱਛਾ ਸ਼ਕਤੀ ਤੇ ਸਮਰਪਣ ਦੀ ਭਾਵਨਾ ਹੋਵੇ ਉਹ ਜ਼ਮੀਨ ਤੋਂ ਉਠ ਕੇ ਅਸਮਾਨ ਛੋਹ ਸਕਦਾ ਹੈ। ਗਿਆਨ ਇੰਦਰੀਆਂ ਵਿੱਚੋਂ ਸਾਡੀਆਂ ਅੱਖਾਂ ਮੁੱਖ ਗਿਆਨ ਇੰਦਰੀਆਂ ਹਨ। ਇਨ੍ਹਾਂ ਰਾਹੀਂ ਅਸੀਂ ਕਾਦਰ ਦੀ ਕਾਇਨਾਤ ਦੇ ਵੱਖ-ਵੱਖ ਰੰਗ ਨਿਹਾਰਨ ਤੇ ਮਾਣਨ ਦੇ ਯੋਗ ਹੁੰਦੇ ਹਾਂ। ਇਨ੍ਹਾਂ ਤੋਂ ਬਗੈਰ ਦੁਨੀਆਂ ਹਨੇਰ ਹੀ ਹੁੰਦੀ ਹੈ। ‘ਅੱਖਾਂ ਗਈਆਂ ਜਹਾਨ ਗਿਆ’ ਪ੍ਰਸਿੱਧ ਕਹਾਵਤ ਹੈ, ਪਰ ਕੁਝ ਹਿੰਮਤੀ ਲੋਕ ਇਨ੍ਹਾਂ ਤੋਂ ਬਗੈਰ ਵੀ ‘ਬਰੇਲ ਪ੍ਰਣਾਲੀ’ ਜ਼ਰੀਏ ਅੱਖਰ ਗਿਆਨ ਰਾਹੀਂ ਆਪਣੇ ਜੀਵਨ ਵਿੱਚ ਰੌਸ਼ਨੀ ਭਰਨ ਦੀ ਸਫਲ ਕੋਸ਼ਿਸ਼ ਕਰ ਲੈਂਦੇ ਹਨ। ਬਰੇਲ ਲਿੱਪੀ ਦੀ ਖੋਜ ਕਰਨ ਵਾਲਾ ਲੂਈ ਬਰੇਲ ਖ਼ੁਦ ਵੀ ਨੇਤਰਹੀਣ ਸੀ। ਲੂਈ ਬਰੇਲ ਦਾ ਜਨਮ ਫਰਾਂਸ ਦੀ ਰਾਜਧਾਨੀ ਪੈਰਿਸ ਨੇੜੇ ਕੁਪਵਰੇ ਨਾਂ ਦੇ ਕਸਬੇ ਵਿੱਚ 4 ਜਨਵਰੀ 1809 ਨੂੰ ਚਮੜੇ ਦੇ ਕਾਰੋਬਾਰੀ ਪਿਤਾ ਸਾਈਮਨ ਰੀਨਏ ਬਰੇਲ ਦੇ ਘਰ ਹੋਇਆ। ਲੂਈ ਦੀ ਇੱਕ ਅੱਖ ਘੋੜਿਆਂ ਦੀਆਂ ਲਗਾਮਾਂ ਬਣਾਉਣ ਵਾਲੀ ਪਿਤਾ ਦੀ ਵਰਕਸ਼ਾਪ ’ਚੋਂ ਸੂਈ ਚੁੱਭਣ ਨਾਲ ਖ਼ਰਾਬ ਹੋ ਗਈ ਜਿਸ ਦਾ ਅਸਰ ਦੂਜੀ ਅੱਖ ’ਤੇ ਵੀ ਹੋ ਗਿਆ। ਇਸ ਕਾਰਨ ਉਹ ਤਿੰਨ ਕੁ ਸਾਲ ਦੀ ਉਮਰ ਤੋਂ ਬਾਅਦ ਹੀ ਅੰਨ੍ਹੇਪਣ ਦਾ ਸ਼ਿਕਾਰ ਹੋ ਗਿਆ।

ਲੂਈ ਨੂੰ ਪਹਿਲਾਂ ਆਮ ਸਕੂਲ ਵਿੱਚ ਪੜ੍ਹਨੇ ਪਾਇਆ ਗਿਆ ਜਿੱਥੇ ਉਸ ਨੇ ਦ੍ਰਿਸ਼ਟੀ ਦੇ ਪੱਖ ਤੋਂ ਆਪਣੀ ਅਸਮਰੱਥਾ ਦੇ ਬਾਵਜੂਦ ਆਪਣੀ ਲਿਆਕਤ ਨਾਲ ਆਮ ਬੱਚਿਆਂ ਨਾਲੋਂ ਵਧ-ਚੜ੍ਹ ਕੇ ਸਿੱਖਿਆ ਕਿਰਿਆਵਾਂ ਵਿੱਚ ਭਾਗ ਲੈ ਕੇ ਆਪਣੇ ਅੰਦਰ ਛੁਪੀ ਯੋਗਤਾ ਨੂੰ ਪ੍ਰਗਟ ਕਰਨ ਦਾ ਯਤਨ ਕੀਤਾ। ਇਸ ਤੋਂ ਬਾਅਦ ਉਸ ਨੂੰ ਨੇਤਰਹੀਣਾਂ ਲਈ ਵਿਸ਼ੇਸ਼ ਸਕੂਲ ਰਾਇਲ ਇੰਸਟੀਚਿਊਸ਼ਨ ਫਾਰ ਬਲਾਈਂਡ ਯੂਥ, ਪੈਰਿਸ ਵਿੱਚ ਭੇਜਿਆ ਗਿਆ। ਇੱਥੇ ਵੀ ਵਿੱਦਿਅਕ ਮੱਲਾਂ ਮਾਰਦਿਆਂ ਲੂਈ ਵਿਗਿਆਨ ਅਤੇ ਸੰਗੀਤ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਦਿਆਂ ਹੁਸ਼ਿਆਰ ਵਿਦਿਆਰਥੀਆਂ ਦੀ ਸੂਚੀ ਵਿੱਚ ਸ਼ਾਮਲ ਹੋਇਆ ਤੇ ਅਧਿਆਪਕਾਂ ਦਾ ਹਰਮਨ ਪਿਆਰਾ ਵਿਦਿਆਰਥੀ ਬਣ ਗਿਆ।

ਫਰਾਂਸੀਸੀ ਤੋਪਖਾਨੇ ਦੇ ਜਨਰਲ ਮੇਜਰ ਚਾਰਲਸ ਬਾਰਬਰੀਅਰ ਨੇ ‘ਸੈਨੋਗ੍ਰਾਫੀ /ਨਾਈਟ ਰਾਟਿੰਗ’ (ਆਵਾਜ਼ ਕੱਢਣ ਵਾਲੇ ਲਿਪੀ ਯੰਤਰ) ਦੀ ਖੋਜ ਕੀਤੀ। ਇਹ ਯੰਤਰ ਲੂਈ ਦੇ ਸਕੂਲ ਵਿੱਚ ਆਇਆ ਤਾਂ ਤੀਖਣ ਬੁੱਧੀ ਵਾਲੇ ਲੂਈ ਨੇ ਇਸ ਦੀ ਬਣਤਰ ਤੇ ਉਪਯੋਗੀ ਵਿਧੀ ਨੂੰ ਅਨੁਭਵ ਕੀਤਾ। ਇਸ ਦੇ ਆਧਾਰ ’ਤੇ ਤਿੰਨ ਸਾਲਾਂ ਬਾਅਦ ਯਾਨੀ ਪੰਦਰਾਂ ਸਾਲ ਦੀ ਉਮਰ ਵਿੱਚ ਹੀ ਉਸ ਨੇ ‘ਬਰੇਲ ਪ੍ਰਣਾਲੀ’ ਰਾਹੀਂ ਨੇਤਰਹੀਣਾਂ ਵਾਸਤੇ ਅੱਖਰ ਗਿਆਨ ਪ੍ਰਾਪਤ ਕਰਨਾ ਹੋਰ ਸਰਲ ਬਣਾ ਦਿੱਤਾ। ਅੰਤਾਂ ਦੇ ਆਤਮ-ਵਿਸ਼ਵਾਸੀ ਲੂਈ ਨੇ ਅਧਿਆਪਕ ਵਜੋਂ ਨੌਕਰੀ ਵੀ ਕੀਤੀ। 1829 ਵਿੱਚ ਉਸ ਨੇ ਬਰੇਲ ਪ੍ਰਣਾਲੀ ਵਿੱਚ ‘ਮੈਥਡ ਆਫ ਰਾਈਟਿੰਗ ਵਰਡਜ਼, ਮਿਊਜ਼ਿਕ ਐਂਡ ਪਲੇਨ ਸੌਂਗਜ਼ ਬਾਏ ਮੀਨਜ਼ ਆਫ ਡਾਟਸ ਫਾਰ ਯੂਜ਼ ਬਾਏ ਦਿ ਬਲਾਈਂਡ ਐਂਡ ਅਰੇਂਜ਼ਡ ਫਾਰ ਦੈਮ’ ਪੁਸਤਕ ਵੀ ਪ੍ਰਕਾਸ਼ਿਤ ਕਰਵਾਈ।

- Advertisement -

ਇਸ ਤੋਂ ਕਰੀਬ ਦਸ ਸਾਲ ਬਾਅਦ 1839 ਵਿੱਚ ਆਪਸੀ ਵਿਚਾਰ ਵਟਾਂਦਰੇ ਦੇ ਸੰਚਾਲਨ ਲਈ ਡਾਟ ਪ੍ਰਣਾਲੀ ਵਿਕਸਤ ਕੀਤੇ ਢੰਗਾਂ ਨੂੰ ਵੀ ਪ੍ਰਕਾਸ਼ਿਤ ਕੀਤਾ। ਲੁੂਈ ਇੱਕ ਵਿਦਵਾਨ ਹੋਣ ਦੇ ਨਾਲ-ਨਾਲ ਵਧੀਆ ਵਾਇਲਨ ਵਾਦਕ ਵੀ ਸੀ। ਇਹ ਕਰਮਯੋਗੀ 43 ਸਾਲ ਦੀ ਉਮਰ ਵਿੱਚ 6 ਜਨਵਰੀ 1852 ਨੂੰ ਇਸ ਫਾਨੀ ਸੰਸਾਰ ਤੋਂ ਸਦਾ ਲਈ ਕੂਚ ਕਰ ਗਿਆ।

Share this Article
Leave a comment