ਪ੍ਰਤਾਪ ਬਾਜਵਾ ਆਪਣੀ ‘Z+ ਸੁਰੱਖਿਆ’ ਨੂੰ ਬਚਾਉਣ ਲਈ ਭਾਜਪਾ ਦੀ ‘ਬੀ-ਟੀਮ’ ਵਜੋਂ ਕਰ ਰਹੇ ਕੰਮ

Prabhjot Kaur
2 Min Read

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ  ਬੁਲਾਏ ਗਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਰੱਦ ਕਰਵਾਉਣ ਲਈ ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸ ਅਤੇ ਭਾਜਪਾ ‘ਤੇ ਜ਼ੋਰਦਾਰ ਹਮਲਾ ਬੋਲਿਆ ਅਤੇ ਇਸ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ।

ਬੁੱਧਵਾਰ ਰਾਤ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਦਿੱਤੇ ਤਿੰਨ ਮੈਮੋਰੰਡਮ ਤੋਂ ਬਾਅਦ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਕਰਵਾਉਣ ਦੀ ਆਪਣੀ ਸਹਿਮਤੀ ਵਾਪਸ ਲੈਣ ਦੇ ਫੈਸਲੇ ‘ਤੇ ਅਫਸੋਸ ਪ੍ਰਗਟ ਕੀਤਾ ਅਤੇ ਰਾਜਪਾਲ ‘ਤੇ ਭਾਜਪਾ ਦੇ ਨਿਰਦੇਸ਼ ਅਨੁਸਾਰ ਕਾਰਵਾਈ ਕਰਨ ਦਾ ਦੋਸ਼ ਲਾਇਆ।

ਉਨ੍ਹਾਂ ਕਿਹਾ ਕਿ ਇਹ ਵਿਸ਼ੇਸ਼ ਇਜਲਾਸ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੰਵਿਧਾਨ ਅਨੁਸਾਰ ਮੰਤਰੀ ਮੰਡਲ ਦੀਆਂ ਸਿਫ਼ਾਰਸ਼ਾਂ ‘ਤੇ, ਭਾਜਪਾ ਵੱਲੋਂ ਛੇ ਮਹੀਨੇ ਪੁਰਾਣੀ ‘ਆਪ’ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਵਿਰੁੱਧ, ਭਰੋਸੇ ਦਾ ਮਤਾ ਲਿਆਉਣ ਲਈ ਸੱਦਿਆ ਗਿਆ ਸੀ।

ਹਾਲਾਂਕਿ ਸਾਰੇ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਗਵਰਨਰ ਦਫਤਰ ਨੇ ਸੈਸ਼ਨ ਰੱਦ ਕਰ ਦਿੱਤਾ, ਜੋ ਕਿ ਡਾ.ਬੀ.ਆਰ. ਅੰਬੇਡਕਰ ਦੇ ਸੰਵਿਧਾਨ ਦੀ ਉਲੰਘਣਾ ਹੈ।

- Advertisement -

ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਇਸ ਵਿਸ਼ੇਸ਼ ਸੈਸ਼ਨ ਵਿਰੁੱਧ ਰਾਜਪਾਲ ਨੂੰ ਇਤਰਾਜ਼ ਉਠਾਉਣ ਅਤੇ ਪੱਤਰ ਲਿਖਣ ਦੀ ਆਲੋਚਨਾ ਕਰਦਿਆਂ ਅਰੋੜਾ ਨੇ ਕਿਹਾ ਕਿ ਬਾਜਵਾ ਪੰਜਾਬ ‘ਚ ‘ਆਪ’ ਦੀ ਤਰੱਕੀ ਨੂੰ ਰੋਕਣ ਲਈ ਭਾਜਪਾ ਦੀ ਬੀ-ਟੀਮ ਵਜੋਂ ਕੰਮ ਕਰ ਰਹੇ ਹਨ।

ਅਰੋੜਾ ਨੇ ਕਿਹਾ, “ਵਿਰੋਧੀ ਧਿਰ ਦੇ ਨੇਤਾ ਬਾਜਵਾ ਆਪਣੀ ਜ਼ੈੱਡ+ ਸੁਰੱਖਿਆ ਦੀ ਰਾਖੀ ਲਈ ਭਾਜਪਾ ਦੀਆਂ ਧੁਨਾਂ ‘ਤੇ ਨੱਚ ਰਹੇ ਹਨ। ਉਨ੍ਹਾਂ ਨੂੰ ਲੋਕਤੰਤਰ ਦੀ ਕੋਈ ਪ੍ਰਵਾਹ ਨਹੀਂ।”

ਬਾਜਵਾ ਨੂੰ ਯਾਦ ਦਿਵਾਉਂਦੇ ਹੋਏ ਅਰੋੜਾ ਨੇ ਕਿਹਾ ਕਿ ਕਾਂਗਰਸ ਨੇ ਖੁਦ ਰਾਜਸਥਾਨ ਵਿਚ ਵੀ ਇਸੇ ਤਰ੍ਹਾਂ ਵਿਸ਼ਵਾਸ਼ ਮਤਾ ਪੇਸ਼ ਕੀਤਾ ਸੀ। ਪਿਛਲੇ 52 ਸਾਲਾਂ ਵਿਚ ਵੱਖ-ਵੱਖ ਪਾਰਟੀਆਂ ਵਲੋਂ 27 ਵਾਰ ਬੇਭਰੋਸਗੀ ਮਤੇ ਅਤੇ 12 ਵਾਰ ਭਰੋਸੇ ਦੇ ਮਤੇ ਤਲਬ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਵਿੱਚ ਭਾਜਪਾ ਦਾ ਆਪ੍ਰੇਸ਼ਨ ਲੋਟਸ ਸਫ਼ਲ ਬਣਾਉਣਾ ਚਾਹੁੰਦੀ ਹੈ ਕਿਉਂਕਿ ਦੇਸ਼ ਭਰ ਵਿੱਚ ਅਰਵਿੰਦ ਕੇਜਰੀਵਾਲ ਅਤੇ ‘ਆਪ’ ਦੀ ਵੱਧ ਰਹੀ ਲੋਕਪ੍ਰਿਅਤਾ ਤੋਂ ਭਾਜਪਾ ਬਹੁਤ ਚਿੰਤਿਤ ਹੈ।

Share this Article
Leave a comment