ਨਵੀਂ ਦਿੱਲੀ : ਜਿਸ ਦਿਨ ਤੋਂ ਚੰਦਰਯਾਨ ਚੰਦਰਮਾਂ ਦੇ ਸਫਰ ਲਈ ਰਵਾਨਾ ਹੋਇਆ ਹੈ ਉਸੇ ਦਿਨ ਤੋਂ ਹੀ ਪੂਰੇ ਭਾਰਤ ਦੀਆਂ ਅੱਖਾਂ ਇਸੇ ‘ਤੇ ਹੀ ਟਿਕੀਆਂ ਹੋਈਆਂ ਹਨ। ਚੰਦਰਯਾਨ ਨਾਲ ਸਬੰਧਤ ਆਉਣ ਵਾਲੀਆਂ ਸਾਰੀਆਂ ਖਬਰਾਂ ਦਾ ਲਗਭਗ ਹਰ ਭਾਰਤੀ ਬੜੀ ਬੇਸਬਰੀ ਨਾਲ ਇੰਤਜਾਰ ਕਰ ਰਿਹਾ ਹੈ। ਵਿਕਰਮ ਲੈਂਡਰ ਨਾਲ ਟੁੱਟੇ ਸੰਪਰਕ ਤੋਂ ਬਾਅਦ ਜਦੋਂ ਪੂਰੇ ਭਾਰਤ ਅੰਦਰ ਨਿਰਾਸ਼ਾ ਫੈਲੀ ਤਾਂ ਬੀਤੀ ਕੱਲ੍ਹ ਇੱਕ ਚੰਗੀ ਖ਼ਬਰ ਆਈ ਕਿ ਵਿਕਰਮ ਲੈਂਡਰ ਨੂੰ ਲੱਭ ਲਿਆ ਹੈ ਤੇ ਇਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਅਜੇ ਤੱਕ ਇਹ ਸੰਪਰਕ ਲੈਂਡਰ ਨਾਲ ਜੁੜ ਨਹੀਂ ਸਕਿਆ।
ਵਿਕਰਮ ਲੈਂਡਰ ਨਾਲ ਸੰਪਰਕ ਨਾ ਜੁੜ ਸਕਣ ਬਾਰੇ ਜਾਣਕਾਰੀ ਦਿੰਦਿਆਂ ਚੰਦਰਯਾਨ ਦੇ ਡਾਇਰੈਕਟਰ ਮਾਇਲਸਵਾਮੀ ਅੰਨਾਦੁਰਾਈ ਨੇ ਦੱਸਿਆ ਕਿ ਲੈਂਡਰ ਚੰਦ ਦੀ ਸਤ੍ਹਾ ਦੇ ਅਜਿਹੇ ਹਿੱਸੇ ‘ਤੇ ਉਤਰਿਆ ਹੈ ਜਿੱਥੇ ਰੁਕਾਵਟਾਂ ਉਸ ਨਾਲ ਸੰਪਰਕ ਕਾਇਮ ਨਹੀਂ ਹੋਣ ਦੇ ਰਹੀਆਂ। ਅੰਨਾਦੁਰਾਈ ਅਨੁਸਾਰ ਉਨ੍ਹਾਂ ਵੱਲੋਂ ਲਗਾਤਾਰ ਵਿਕਰਮ ਨਾਲ ਸੰਪਰਕ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹੈ।
ਡਾਇਰੈਕਟਰ ਐਮ ਅੰਨਾਦੁਰਾਈ ਮੁਤਾਬਿਕ ਵਿਕਰਮ ਜਿੱਥੇ ਉਤਰਿਆ ਹੈ ਉਹ ਜਗ੍ਹਾ ਲੈਂਡਿਗ ਲਈ ਅਨੁਕੂਲ ਨਹੀਂ ਸੀ ਕਿਉਂਕਿ ਉੱਥੇ ਕਈ ਤਰ੍ਹਾਂ ਦੀਆਂ ਰੁਕਾਵਟਾਂ ਹਨ। ਉਨ੍ਹਾਂ ਦੱਸਿਆ ਕਿ ਸੰਪਰਕ ਕਾਇਮ ਕਰਨ ਲਈ ਉਨ੍ਹਾਂ ਵੱਲੋਂ ਆਰਬਿਟਰ ਭੇਜਿਆ ਗਿਆ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਉਹ ਕਿੰਨੇ ਸਮੇਂ ਅੰਦਰ ਇਸ ਨਾਲ ਸੰਪਰਕ ਕਾਇਮ ਕਰਨ ‘ਚ ਕਾਮਯਾਬ ਹੋਵੇਗਾ ਅਤੇ ਲੈਂਡਰ ਸਿਗਨਲ ਫੜ੍ਹੇਗਾ ਵੀ ਜਾਂ ਨਹੀਂ?