ਬਾਬਾ ਬੋਹੜ ਦੀ ਜ਼ਿੰਦਗੀ ਦੇ ਅਹਿਮ ਪੜਾਅ

Prabhjot Kaur
5 Min Read

ਚੰਡੀਗੜ੍ਹ: ਤਿੰਨ ਦਹਾਕਿਆਂ ਤੱਕ ਪੰਜਾਬ ਦੀ ਸਿਆਸਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਦਾ 95 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ 5 ਵਾਰ ਮੁੱਖ ਮੰਤਰੀ ਬਣੇ ਅਤੇ 1996 ਤੋਂ 2008 ਤੱਕ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ। ਬਾਦਲ ਸਾਲ 1970 ਵਿੱਚ ਪਹਿਲੀ ਵਾਰ ਮੁੱਖ ਮੰਤਰੀ ਬਣੇ ਤੇ ਉਹ 43 ਸਾਲ ਦੀ ਉਮਰ ‘ਚ ਭਾਰਤੀ ਸੂਬੇ ਦੇ ਮੁੱਖ ਮੰਤਰੀ ਬਣਨ ਵਾਲੇ ਸਭ ਤੋਂ ਛੋਟੀ ਉਮਰ ਦੇ ਆਗੂ ਸਨ। ਇਸ ਦੇ ਨਾਲ ਹੀ ਸਾਲ 2017 ਵਿੱਚ ਉਹ 90 ਸਾਲ ਦੀ ਉਮਰ ਦੇ ਕਿਸੇ ਭਾਰਤੀ ਸੂਬੇ ਦੇ ਸਭ ਤੋਂ ਵੱਡੀ ਉਮਰ ਦੇ ਮੁੱਖ ਮੰਤਰੀ ਰਹੇ ਸਨ।

ਪ੍ਰਕਾਸ਼ ਸਿੰਘ ਬਾਦਲ ਦੀ ਜ਼ਿੰਦਗੀ ਨਾਲ ਜੁੜੇ ਅਹਿਮ ਪੜਾਅ :

8 ਦਸੰਬਰ 1927 ‘ਚ ਜਨਮੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਮੁੱਢਲੀ ਸਿੱਖਿਆ ਇੱਕ ਸਥਾਨਕ ਅਧਿਆਪਕ ਤੋਂ ਲਈ। ਇਸ ਤੋਂ ਬਾਅਦ ਉਹ ਲੰਬੀ ਦੇ ਸਕੂਲ ਵਿੱਚ ਪੜ੍ਹਨ ਲੱਗੇ ਹਾਈ ਸਕੂਲ ਦੀ ਪੜ੍ਹਾਈ ਲਈ ਉਹ ਫਿਰੋਜ਼ਪੁਰ ਦੇ ਮਨੋਹਰ ਲਾਲ ਮੈਮੋਰੀਅਲ ਹਾਈ ਸਕੂਲ ਵਿੱਚ ਗਏ। ਕਾਲਜ ਦੀ ਪੜ੍ਹਾਈ ਲਈ ਉਨ੍ਹਾਂ ਸਿੱਖ ਕਾਲਜ ਲਾਹੌਰ ਵਿਚ ਦਾਖਲ ਲਿਆ, ਪਰ ਮਾਈਗ੍ਰੇਸ਼ਨ ਲੈ ਕੇ ਉਹ ਫੋਰਮਨ ਕ੍ਰਿਸ਼ਚੀਅਨ ਕਾਲਜ ਵਿਚ ਦਾਖਲ ਹੋ ਗਏ ਅਤੇ ਇੱਥੋਂ ਹੀ ਉਨ੍ਹਾਂ ਆਪਣੀ ਗਰੈਜ਼ੂਏਸ਼ਨ ਦੀ ਡਿਗਰੀ ਹਾਸਲ ਕੀਤੀ। ਪ੍ਰਕਾਸ਼ ਸਿੰਘ ਬਾਦਲ ਦਾ ਸੁਫਨਾ ਸੀ ਕਿ ਉਹ ਪੀਸੀਐੱਸ ਅਫਸਰ ਬਣਨ, ਪਰ ਇਸ ਦੌਰਾਨ ਅਕਾਲੀ ਆਗੂ ਗਿਆਨੀ ਕਰਤਾਰ ਸਿੰਘ ਦੇ ਪ੍ਰਭਾਵ ਹੇਂਠ ਆ ਕੇ ਉਨ੍ਹਾਂ ਦਾ ਝੁਕਾਅ ਸਿਆਸਤ ਵੱਲ ਹੋ ਗਿਆ।

ਸਿਆਸੀ ਸਫਰ

- Advertisement -

ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਸਫਰ ਦੀ ਸ਼ੁਰੂਆਤ ਸਾਲ 1947 ਤੋਂ ਹੋਈ। ਉਹ ਸਭ ਤੋਂ ਪਹਿਲਾਂ ਬਾਦਲ ਪਿੰਡ ਦੇ ਸਰਪੰਚ ਬਣੇ ਤੇ ਇਸ ਤੋਂ ਬਾਅਦ ਉਨ੍ਹਾਂ ਦੀ ਲੰਬੀ ਬਲਾਕ ਸਮਿਤੀ ਦੇ ਚੇਅਰਮੈਨ ਵਜੋਂ ਨਿਯੁਕਤੀ ਹੋਈ। ਬਾਦਲ ਨੇ 1957 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜੀ ਤੇ ਪਹਿਲੀ ਵਾਰ ਵਿਧਾਇਕ ਬਣ ਗਏ, ਪਰ ਬਾਦਲ ਖੁਦ ਕਹਿੰਦੇ ਸਨ ਕਿ ਉਹ ਸ਼ੁਰੂ ਤੋਂ ਕਾਂਗਰਸ ਦੇ ਕੱਟੜ ਆਲੋਚਕ ਰਹੇ ਹਨ। ਪੰਜਾਬੀ ਸੂਬੇ ਮੋਰਚੇ ਤੋਂ ਲੈ ਕੇ ਧਰਮਯੁੱਧ ਮੋਰਚੇ ਤੱਕ ਅਤੇ ਪੰਜਾਬ ਵਿੱਚ ਸੱਤਾ ਦੀ ਲੜਾਈ ਲਈ ਉਨ੍ਹਾਂ ਨੂੰ ਹਮੇਸ਼ਾ ਕਾਂਗਰਸ ਨਾਲ ਟੱਕਰ ਲੈਣੀ ਪਈ ਹੈ। ਬਾਦਲ ਕਹਿੰਦੇ ਸਨ ਕਿ ਮੈਨੂੰ ਕਾਂਗਰਸ ‘ਤੇ ਸ਼ੁਰੂ ਤੋਂ ਹੀ ਕਦੇ ਭਰੋਸਾ ਨਹੀਂ ਰਿਹਾ ਸੀ।


ਮੋਰਚੇ

25 ਜੂਨ 1975 ਨੂੰ ਲੱਗੀ ਐਮਰਜੈਂਸੀ ਦੌਰਾਨ ਰਾਤੋਂ ਰਾਤੋ ਵੱਡੇ ਵੱਡੇ ਆਗੂ ਜੇਲ੍ਹਾਂ ਵਿਚ ਬੰਦ ਕਰ ਦਿੱਤੇ ਗਏ। ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਦਾ ਕਹਿਣਾ ਹੈ ਕਿ ਇਸ ਦੌਰਾਨ ਇੰਦਰਾ ਗਾਂਧੀ ਅਕਾਲੀ ਦਲ ਨਾਲ ਸਮਝੌਤਾ ਕਰਨ ਬਾਰੇ ਸੋਚ ਰਹੀ ਸੀ। ਅਕਾਲੀ ਦਲ ਦੇ ਪਹਿਲੇ ਜਥੇ ਨੇ 9 ਜੁਲਾਈ 1975 ਨੂੰ ਗ੍ਰਿਫਤਾਰੀ ਦਿੱਤੀ ਸੀ ਤੇ ਇਸ ਤੋਂ ਪਹਿਲਾਂ 15 ਦਿਨ ਕਿਸੇ ਸਿੱਖ ਆਗੂ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬੀ ਸੂਬਾ ਮੋਰਚਾ, ਕਪੂਰੀ ਮੋਰਚਾ ਅਤੇ ਧਰਮ ਯੁੱਧ ਮੋਰਚਿਆਂ ‘ਚ ਸ਼ਮੂਲੀਅਤ ਕੀਤੀ। ਬਾਦਲ ਦੇ ਕਈ ਸਾਲ ਜੇਲ੍ਹ ‘ਚ ਬੀਤੇ ਹਨ, ਉਨ੍ਹਾਂ ਮੀਡੀਆ ਸਾਹਮਣੇ ਖੁਦ ਦਾਅਵਾ ਕੀਤਾ ਕਿ ਉਨ੍ਹਾਂ ਨੇ 17 ਸਾਲ ਜੇਲ੍ਹ ਕੱਟੀ ਹੈ। ਨੈਲਸਨ ਮੰਡੇਲਾ ਤੋਂ ਬਾਅਦ ਬਾਦਲ ਨੂੰ ਦੂਜਾ ਸਭ ਤੋਂ ਵੱਧ ਜੇਲ੍ਹ ਕੱਟਣ ਵਾਲਾ ਸਿਆਸਤਦਾਨ ਦੱਸਦੇ ਹਨ।

ਭ੍ਰਿਸ਼ਟਾਚਾਰ ਦਾ ਮੁੱਦਾ

ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਸਰਕਾਰ ‘ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ। ਸਾਲ 2002 ਦੀਆਂ ਚੋਣਾਂ ਵਿੱਚ ਕਾਂਗਰਸ ਨੇ ਭ੍ਰਿਸ਼ਟਾਚਾਰ ਨੂੰ ਮੁੱਦਾ ਬਣਾਇਆ ਅਤੇ ਬਾਦਲਾਂ ਨੂੰ ਜੇਲ੍ਹ ਭੇਜਣ ਦੇ ਨਾਂ ਉੱਤੇ ਚੋਣਾਂ ਲੜੀਆਂ। ਸਰਕਾਰ ਬਣਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਪਰਿਵਾਰ ‘ਤੇ ਆਮਦਨ ਤੋਂ ਵੱਧ ਜਾਇਦਾਦ ਦੇ ਇਲਜ਼ਾਮਾਂ ਦੀ ਜਾਂਚ ਵਿਜ਼ੀਲੈਂਸ ਬਿਊਰੋ ਨੂੰ ਸੌਂਪੀ। ਇਸ ਮਾਮਲੇ ‘ਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਗ੍ਰਿਫ਼ਤਾਰੀ ਵੀ ਹੋਈ, ਪਰ ਕੁਝ ਦਿਨ ਬਾਅਦ ਉਹ ਜ਼ਮਾਨਤ ਉੱਤੇ ਰਿਹਾਅ ਹੋ ਗਏ। ਇਸ ਤੋਂ ਇਲਾਵਾ ਉਨ੍ਹਾਂ ‘ਤੇ ਕਈ ਇਲਜ਼ਾਮ ਲੱਗਦੇ ਰਹੇ ਪਰ ਇਹ ਕਿਸੇ ਅਦਾਲਤ ‘ਚ ਸਾਬਤ ਨਹੀਂ ਹੋ ਸਕੇ।

- Advertisement -

ਸਨਮਾਨ ਤੇ ਵਿਵਾਦ

ਪ੍ਰਸਿੱਖ ਇਤਿਹਾਸ ਅਤੇ ਵਿਰਾਸਤ ਦੀਆਂ ਯਾਦਗਾਰਾਂ ਉਸਾਰਨ ਅਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਵਿੱਚ ਪਾਏ ਯੋਗਦਾਨ ਲਈ ਕਾਸ਼ ਸਿੰਘ ਬਾਦਲ ਨੂੰ ਸਾਲ 2011 ਵਿੱਚ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਨੇ ਪੰਥ ਰਤਨ, ਫਖ਼ਰ-ਏ-ਕੌਮ ਦਾ ਸਨਮਾਨ ਦਿੱਤਾ ਗਿਆ। ਪਰ ਬੇਅਦਬੀ ਕਾਂਡ ਤੋਂ ਬਾਅਦ ਸਿੱਖ ਸੰਗਠਨਾਂ ਨੇ ਨਵੰਬਰ 2015 ਵਿੱਚ ‘ਸਰਬੱਤ ਖਾਲਸਾ’ ਦੇ ਨਾਮ ‘ਤੇ ਇਕੱਠ ਬੁਲਾ ਕੇ ਪੰਥ ਰਤਨ ਤੇ ਫਖ਼ਰ ਕੌਮ ਦਾ ਸਨਮਾਨ ਵਾਪਸ ਲੈਣ ਦਾ ਮਤਾ ਪਾਸ ਕੀਤਾ ਸੀ।

ਉੱਥੇ ਹੀ ਦੂਜੇ ਪਾਸੇ ਅਕਾਲੀ-ਭਾਜਪਾ ਸਰਕਾਰ ਦੌਰਾਨ ਮਾਰਚ 2015 ਵਿੱਚ ਉਨ੍ਹਾਂ ਨੂੰ ਮੁਲਕ ਦੇ ਵੱਕਾਰੀ ਸਨਮਾਨ ‘ਪਦਮ ਵਿਭੂਸ਼ਨ’ ਨਾਲ ਨਵਾਜ਼ਿਆ ਗਿਆ।

Share this Article
Leave a comment