ਕੈਪਟਨ ਵੱਲੋਂ ਰੈਲੀਆਂ ਦੀ ਸਫਲਤਾ ਤੋਂ ਬੁਖਲਾ ਕੇ ਸਿਆਸੀ ਰੈਲੀਆਂ ’ਤੇ ਪਾਬੰਦੀ ਲਗਾਈ ਗਈ: ਅਕਾਲੀ ਦਲ

TeamGlobalPunjab
4 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ 30 ਅਪ੍ਰੈਲ ਤੱਕ ਸਾਰੇ ਸਿਆਸੀ ਇਕੱਠਾਂ ’ਤੇ ਰੋਕ ਸ਼੍ਰੋਮਣੀ ਅਕਾਲੀ ਦਲ ਦੀਆਂ ਪੰਜਾਬ ਮੰਗਦਾ ਜਵਾਬ ਰੈਲੀਆਂ ਦੀ ਅਪਾਰ ਸਫਲਤਾ ਨੂੰ ਵੇਖਦਿਆਂ ਲਗਾਈ ਗਈ ਹੈ ਅਤੇ ਸਰਕਾਰ ਉਸਦੇ ਖਿਲਾਫ ਲੋਕ ਰੋਹ ਨੂੰ ਹੋਰ ਭੜਕਣ ਤੋਂ ਰੋਕਣ ਦੇ ਯਤਨਾਂ ਵਿਚ ਅਜਿਹਾ ਕਰ ਰਹੀ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਨਤਕ ਮੀਟਿੰਗਾਂ ’ਤੇ ਪਾਬੰਦੀ ਦਾ ਸਬੰਧ ਕੋਰੋਨਾ ਤੋਂ ਵੀ ਜ਼ਿਆਦਾ ਕਾਂਗਰਸ ਪਾਰਟੀ ਤੇ ਇਸਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਔਖਿਆਈ ਨਾਲ ਹੈ। ਉਹਨਾਂ ਕਿਹਾ ਕਿ ਇਕ ਮਗਰੋਂ ਦੂਜੀ ਰੈਲੀ ਕਰ ਅਕਾਲੀ ਦਲ ਨੇ ਮੁੱਖ ਮੰਤਰੀ ਵੱਲੋਂ ਗੁਟਕਾ ਸਾਹਿਬ ਤੇ ਦਸਮ ਪਿਤਾ ਦੀ ਚੁੱਕੀ ਝੂਠੀ ਸਹੁੰ ਬੇਨਕਾਬ ਕਰ ਦਿੱਤੀ ਸੀ। ਇਸ ਨਾਲ ਪ੍ਰਸ਼ਾਂਤ ਕਿਸ਼ੋਰ ਦੀਆਂ ਯੋਜਨਾਵਾਂ ਵਿਚ ਗੜਬੜ ਹੋ ਗਈ ਤੇ ਉਸ ਵੱਲੋਂ ਕਾਂਗਰਸ ਪਾਰਟੀ ਦੇ ਹੋ ਰਹੇ ਨੁਕਸਾਨ ਨੁੰ ਰੋਕਣ ਲਈ ਜਨਤਕ ਇਕੱਠਾਂ ’ਤੇ ਪਾਬੰਦੀ ਲਗਾਉਣ ਦਾ ਸੁਝਾਅ ਦਿੱਤਾ ਗਿਆ।

ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਸਰਕਾਰ ਦੀ ਸੱਚਾਈ ਤੇ ਇਸ ਵੱਲੋਂ ਸਮਾਜ ਦੇ ਹਰ ਵਰਗ ਨਾਲ ਕਿਵੇਂ ਧੋਖਾ ਕੀਤਾ ਗਿਆ ਤੇ ਕਿਵੇਂ ਹਜ਼ਾਰਾਂ ਕਰੋੜਾਂ ਰੁਪਏ ਦੇ ਸਕੈਂਡਲਾਂ ਦੀ ਪ੍ਰਧਾਨਗੀ ਕੀਤੀ ਗਈ, ਇਹ ਸਭ ਲੋਕਾਂ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਸਿਰਫ ਵਿਰੋਧੀ ਧਿਰ ਦੀਆਂ ਰੈਲੀਆਂ ’ਤੇ ਹੀ ਪਾਬੰਦੀ ਨਹੀਂ ਲਗਾਉਣਾ ਚਾਹੁੰਦੀ ਸਗੋਂ ਆਪਣੇ ਉਹਨਾਂ ਮੁਲਾਜ਼ਮਾਂ ’ਤੇ ਵੀ ਪਾਬੰਦੀ ਲਗਾਉਣਾ ਚਾਹੁੰਦੀ ਹੈ ਜੋ ਸਰਕਾਰ ਦੇ ਖਿਲਾਫ ਸੜਕਾਂ ’ਤੇ ਉਤਰੇ ਹੋਏ ਹਨ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਸਰਕਾਰ ਇਸਦੀਆਂ ਤਾਨਾਸ਼ਾਹੀ ਨੀਤੀਆਂ ਦੇ ਖਿਲਾਫ ਉਠੇ ਲੋਕ ਰੋਹ ਨੂੰ ਹੋਰ ਭੜਕਣ ਤੋਂ ਰੋਕਣਾ ਚਾਹੁੰਦੀ ਹੈ।

ਡਾ. ਚੀਮਾ ਨੇ ਬਿਨਾਂ ਵਿਗਿਆਨਕ ਆਧਾਰ ’ਤੇ ਲਾਕ ਡਾਊਨ ਲਗਾਉਣ ’ਤੇ ਮੁੱਖ ਮੰਤਰੀ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਵਿਚ ਤਾਂ ਪਹਿਲਾਂ ਹੀ ਲੋਕ ਆਰਥਿਕ ਤੌਰ ’ਤੇ ਤਬਾਹ ਹੋਏ ਪਏ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪਹਿਲਾਂ ਮਿਉਂਸਪਲ ਚੋਣਾਂ ਕਰਵਾਉਣ ਦੀ ਆਗਿਆ ਦੇ ਦਿੱਤੀ। ਦੇਸ਼ ਦੇ ਪੰਜ ਰਾਜਾਂ ਵਿਚ ਵਿਘਾਨ ਸਭਾ ਚੋਣਾਂ ਹੋ ਰਹੀਆਂ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਇਸੇ ਤਰੀਕੇ ਹਾਲ ਹੀ ਵਿਚ ਕੁੰਭ ਮੇਲਾ ਹੋ ਕੇ ਹਟਿਆ ਹੈ ਜਿਸ ਵਿਚ ਲੋਕਾਂ ਲੋਕਾਂ ਨੇ ਭਾਗ ਲਿਆ। ਉਹਨਾਂ ਕਿਹਾ ਕਿ ਜਦੋਂ ਇਹ ਸਭ ਕੁਝ ਹੋ ਰਿਹਾ ਸੀ ਤਾਂ ਉਸ ਵੇਲੇ ਪੰਜਾਬ ਸਰਕਾਰ ਨੇ ਰਾਤ ਵੇਲੇ ਕਰਫਿਊ ਲਗਾਉਣ ਦਾ ਐਲਾਨ ਕਰ ਦਿੱਤਾ ਅਤੇ ਵਿਆਹਾਂ ਤੇ ਪਾਰਟੀਆਂ ਸਮੇਤ ਜਨਤਕ ਤੇ ਪ੍ਰਾਈਵੇਟ ਸਮਾਗਮਾਂ ਵਿਚ ਲੋਕਾਂ ਦੇ ਇਕੱਠੇ ਹੋਣ ’ਤੇ ਰੋਕ ਲਗਾ ਦਿੱਤੀ। ਉਹਨਾਂ ਕਿਹਾ ਕਿ ਇਸ ਨਾਲ ਵਪਾਰੀਆਂ ਦਾ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ ਤੇ ਸੂਬੇ ਤੋਂ ਪੈਸਾ ਗੁਆਂਢੀ ਰਾਜਾਂ ਵਿਚ ਜਾਣ ਲੱਗ ਪਿਆ ਹੈ ਕਿਉਂਕਿ ਉਹਨਾਂ ਨੇ ਆਪਣੇ ਇਥੇ ਇਹ ਸਾਰੀਆਂ ਗਤੀਵਿਧੀਆਂ ਬਿਨਾਂ ਰੁਕਾਵਟ ਜਾਰੀ ਰੱਖੀਆਂ ਹੋਈਆਂ ਹਨ।

- Advertisement -

ਅਕਾਲੀ ਆਗੂ ਨੇ ਕਿਹਾ ਕਿ ਬਜਾਏ ਹਫੜਾ ਦਫੜੀ ਵਿਚ ਫੈਸਲ ਲੈਣ ਦੇ, ਸਰਕਾਰ ਨੂੰ ਹਸਪਤਾਲਾਂ ਵਿਚ ਤੀਜੇ ਪੱਧਰ ਦੀ ਸਿਹਤ ਸੰਭਾਲ ਵਿਚ ਸੁਧਾਰ ਵੱਲ ਅਤੇ ਮੈਡੀਕਲ ਬੁਨਿਆਦੀ ਢਾਂਚੇ ਨੁੰ ਅਪਗਰੇਡ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਨਾਲੋਂ ਲਾਲ ਵੈਕਸੀਨ ਮੁਹਿੰਮ ਵੀ ਤੇਜ਼ੀ ਨਾਲ ਚਲਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਕਦਮ ਸਮੇਂ ਦੀ ਜ਼ਰੂਰਤ ਹਨ ਨਾ ਕਿ ਜਨਤਕ ਇਕੱਠਾਂ ’ਤੇ ਰੋਕ ਲਗਾ ਕੇ ਸਕੂਲ ਤੇ ਕਾਲਜ ਬੰਦ ਕਰਨੇ ਚਾਹੀਦੇ ਹਨ।

Share this Article
Leave a comment