Home / ਓਪੀਨੀਅਨ / ਸ਼ਹੀਦ ਊਧਮ ਸਿੰਘ ਦੀ ਜੀਵਨ ਯਾਤਰਾ ਅਤੇ ਸ਼ਹਾਦਤ

ਸ਼ਹੀਦ ਊਧਮ ਸਿੰਘ ਦੀ ਜੀਵਨ ਯਾਤਰਾ ਅਤੇ ਸ਼ਹਾਦਤ

-ਮਲਵਿੰਦਰ ਜੀਤ ਸਿੰਘ ਵੜੈਚ

 

ਜੀਵਨ ਯਾਤਰਾ: ਅਦਾਲਤੀ ਰਿਕਾਰਡ ਅਨੁਸਾਰ, ”ਸ਼ੇਰ ਸਿੰਘ, ਊਧਮ ਸਿੰਘ, ਉਦੇ ਸਿੰਘ, ਫਰੈਂਕ ਬਰਾਜਿਲ ਦੇ ਪਾਸਪੋਰਟ ਦਾ ਨੰਬਰ 52753 ਹੈ ਜੋ ਕਿ 20 ਮਾਰਚ 1933 ਨੂੰ ਲਾਹੌਰ ਤੋਂ ਊਧਮ ਸਿੰਘ ਦੇ ਨਾਂ ‘ਤੇ ਜਾਰੀ ਕੀਤਾ ਗਿਆ ਸੀ। ਇਹ ਤਿੰਨ ਸਾਲ ਦੀ ਉਮਰ ‘ਚ ਹੀ ਅਨਾਥ ਹੋ ਗਿਆ ਸੀ। ਇਹਦਾ ਪਾਲਣ-ਪੋਸ਼ਣ ਖਾਲਸਾ ਕਾਲਜ ਨਾਲ ਸਬੰਧਤ ਸਿੱਖ ਅਨਾਥ ਘਰ ਵਿੱਚ ਹੋਇਆ ਸੀ। ਬਾਅਦ ਵਿੱਚ ਇਹ ਵਾਹਵਾ ਘੁੰਮਿਆ-ਫਿਰਿਆ ਵੀ ਸੀ। ਊਧਮ ਸਿੰਘ ਬਾਰੇ ਸਪੈਸ਼ਲ ਬ੍ਰਾਂਚ ਦੇ ਇੰਸਪੈਕਟਰ ਵਾਈਟਹੈੱਡ ਨੇ ਵੱਖ-ਵੱਖ ਵਸੀਲਿਆਂ ਤੋਂ ਇਕੱਠੀ ਕੀਤੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:

ਊਧਮ ਸਿੰਘ ਨੇ ਬਸਰੇ ‘ਚ ਡੇਢ ਸਾਲ ਫੌਜ ਦੀ ਨੌਕਰੀ ਕੀਤੀ ਸੀ ਤੇ ਪੂਰਬੀ ਅਫਰੀਕਾ ‘ਚ ਦੋ ਸਾਲ। ਫਿਰ ਇਹ ਕੁੱਝ ਮਹੀਨਿਆਂ ਲਈ ਹਿੰਦੋਸਤਾਨ ਨੂੰ ਮੁੜ ਗਿਆ ਸੀ। ਉਥੋਂ ਇਹ ਕਿਸੇ ਪ੍ਰੀਤਮ ਸਿੰਘ ਨਾਲ ਲੰਡਨ ਨੂੰ ਆ ਗਿਆ ਸੀ; ਫਿਰ ਇਹ ਦੋਵੇਂ ਹੀ ਮੈਕਸੀਕੋ ਥਾਂਣੀ ਹੁੰਦੇ ਹੋਏ ਅਮਰੀਕਾ ਨੂੰ ਚਲੇ ਗਏ ਸਨ। ਇਹਨੇ ਦੋ ਸਾਲ ਕੈਲੈਫੋਰਨੀਆ ਤੇ ਕੁੱਝ ਮਹੀਨੇ ਡੈਟਰਾਇਟ ਅਤੇ ਸ਼ਿਕਾਗੋ ‘ਚ ਕੰਮ ਕੀਤਾ ਸੀ। ਉਥੋਂ ਇਹ ਪੂਰਬੀ ਨਿਊਯਾਰਕ ਚਲਾ ਗਿਆ, ਜਿੱਥੇ ਇਹ ਪੰਜ ਸਾਲ ਰਿਹਾ ਸੀ। ਇਹਦੇ ਆਪਣੇ ਦੱਸਣ ਅਨੁਸਾਰ ਹੀ ਇਹਨੇ ਕਈ ਅਮਰੀਕੀ ਸਮੁੰਦਰੀ ਜਹਾਜ਼ਾਂ ਦੇ ਸਫਰ ਕੀਤੇ ਸਨ। ਇਹ ਸਫਰ ਇਹਨੇ ਪੋਰਟੋਰਾਈਕਨ (Portorican) ਵਜੋਂ ਲਾਏ ਸਨ, ਕਿਉਂਕਿ ਹਿੰਦੀਆਂ ਨੂੰ ਅਮਰੀਕੀ ਜਹਾਜ਼ਾਂ ਵਿੱਚ ਨੌਕਰੀ ਨਹੀਂ ਸੀ ਦਿੱਤੀ ਜਾਂਦੀ (ਇਹਦੇ ਕੋਲ ਪੋਰਟੋਰੀਕੋ ਦੇ ਨਾਗਰਿਕ ਫਰੈਂਕ ਬਰਾਜਿਲ ਦੇ ਨਾਂ ਹੇਠ ਜਹਾਜ਼ਰਾਨੀ ਦਾ ਸਰਟੀਫਿਕੇਟ ਵੀ ਸੀ)। ਨਿਊਯਾਰਕ ਤੋਂ ਇਹ ਫਰਾਂਸ ਆਇਆ ਸੀ ਤੇ ਫੇਰ ਬੈਲਜੀਅਮ, ਜਰਮਨੀ ਹੁੰਦਾ ਹੋਇਆ ਲਿਥੋਏਨੀਆਂ ਦੇ ਸ਼ਹਿਰ ਵਿਲਨਾ ਪਹੁੰਚ ਗਿਆ ਸੀ। ਫੇਰ ਇਹ ਹੰਗਰੀ, ਪੋਲੈਂਡ, ਸਵਿਟਜ਼ਰਲੈਂਡ, ਇਟਲੀ, ਫਰਾਂਸ ਆਦਿ ਰਾਹੀਂ ਅਮਰੀਕਾ ਵਾਪਿਸ ਚਲਾ ਗਿਆ ਸੀ। ਕੁੱਝ ਮਹੀਨੇ ਉਥੇ ਕੰਮ ਕਰਕੇ ਇਹਨੇ ਫਿਰ ਜਹਾਜ਼ ਦੀ ਨੌਕਰੀ ਕਰ ਲਈ ਸੀ ਅਤੇ ਭੂ-ਮੱਧ ਸਾਗਰ ਦੀਆਂ ਕਈ ਬੰਦਰਗਾਹਾਂ ਤੇ ਗਿਆ। ਫਿਰ ਊਧਮ ਸਿੰਘ ਨੇ ਸ.ਸ. ਜਲਾਪਾ ਦੇ ਨਾਂ ਹੇਠ ਤਰਖਾਣ ਵਜੋਂ ਹੀ ਨੌਕਰੀ ਕਰ ਲਈ ਸੀ। ਇਸੇ ਜਹਾਜ਼ ਰਾਹੀਂ ਇਹ 1927 ‘ਚ ਕਰਾਚੀ ਪੁੱਜਾ ਸੀ ਤੇ ਜਹਾਜ਼ ਛੱਡ ਕੇ ਕਲਕੱਤੇ ਵੱਲ ਚਲਾ ਗਿਆ ਸੀ।

ਅਮਰੀਕਾ ‘ਚ ਰਹਿੰਦਿਆਂ ਇਹ ਗ਼ਦਰ ਪਾਰਟੀ ਦੇ ਅਸਰ ਹੇਠ ਆ ਗਿਆ ਸੀ; ਗ਼ਦਰ ਪਾਰਟੀ ਦਾ ਬਾਗ਼ੀਆਨਾ ਸਾਹਿਤ ਪੜ੍ਹਦਾ ਰਿਹਾ ਸੀ। 27 ਜੁਲਾਈ 1927 ਨੂੰ ਇਹਦੇ ਕੋਲੋਂ ਇਤਰਾਜ਼ਯੋਗ ਕਾਰਡ ਫੜੇ ਗਏ ਸਨ ਤੇ ਇਹਨੂੰ ਜ਼ੁਰਮਾਨਾ ਹੋ ਗਿਆ ਸੀ।

30 ਜੁਲਾਈ 1927 ਨੂੰ ਅੰਮ੍ਰਿਤਸਰ ‘ਚ ਇਹ ਫੇਰ ਬਿਨਾਂ ਇਜਾਜ਼ਤ ਦੇ ਹਥਿਆਰ (ਦੋ ਰਿਵਾਲਵਰ, ਇੱਕ ਪਿਸਤੌਲ ਅਤੇ ‘ਗ਼ਦਰ ਦੀ ਗੂੰਜ’ ਨਾਮੀ ਪਰਚਾ) ਰੱਖਣ ਕਰਕੇ ਗ੍ਰਿਫਤਾਰ ਕਰ ਲਿਆ ਸੀ। ਅਸਲਾ ਐਕਟ ਦੀ ਧਾਰਾ 20 ਤਹਿਤ ਇਹਦੇ ਤੇ ਮੁਕੱਦਮਾ ਚਲਾਇਆ ਗਿਆ ਸੀ ਤੇ ਪੰਜ ਸਾਲ ਬਾਮੁਸ਼ੱਕਤ ਕੈਦ ਦੀ ਸਜ਼ਾ ਹੋਈ ਸੀ। ਇਹਨੇ ਬਿਆਨ ਦਿੱਤਾ ਸੀ ਕਿ ਇਹ ਗੋਰਿਆਂ ਨੂੰ ਮਾਰਨਾ ਚਾਹੁੰਦਾ ਸੀ ਤੇ ਬਾਲਸ਼ਵਿਕਾਂ ਦਾ ਹਮਾਇਤੀ ਹੈ – ਇਹਨਾਂ ਦਾ ਮੰਤਵ ਹਿੰਦ ਨੂੰ ਵਿਦੇਸ਼ੀ ਰਾਜ ਤੋਂ ਮੁਕਤੀ ਦਿਵਾਉਣਾ ਸੀ। ਇਹ 23.10.1931 ਨੂੰ ਜੇਲ੍ਹ ‘ਚੋਂ ਰਿਹਾਅ ਹੋਇਆ ਸੀ।

1933 ਨੂੰ ਇਹ ਆਪਣੇ ਪਿੰਡ ਸੁਨਾਮ ਗੇੜਾ ਮਾਰ ਕੇ ਵਲੈਤ ਵੱਲ ਚਲ ਪਿਆ ਸੀ। 1934 ‘ਚ ਇਹ 9 ਆਲਡਰ ਸਟ੍ਰੀਟ, ਕਮੱਰਸ਼ੀਅਲ ਰੋਡ, ਪੂਰਬੀ ਲੰਡਨ ਵਿੱਚ ਰਹਿੰਦਾ ਸੀ।

ਊਧਮ ਸਿੰਘ ਨੇ 5 ਜੁਲਾਈ 1934 ਨੂੰ ਲੰਡਨ ‘ਚ ਹੀ ਆਪਣੇ ਲਾਹੌਰ ਤੋਂ ਜਾਰੀ ਹੋਏ ਪਾਸਪੋਰਟ ਨੰਬਰ 52753 ‘ਤੇ ਮੋਹਰ ਲੁਆਉਣ ਲਈ ਅਰਜ਼ੀ ਦਿੱਤੀ ਸੀ। ਇਹਨੇ ਆਪਣਾ ਪਤਾ 4 ਬੈਸਟਲੇਨ ਕੈਂਟਰਬਰੀ ਕੈਂਟ ਦਿੱਤਾ ਸੀ ਤੇ ਕਿਹਾ ਸੀ ਕਿ ਇਹ ਖੇਡਾਂ ਦੇ ਸਮਾਨ ਦਾ ਕਾਰੋਬਾਰ ਕਰਦਾ ਸੀ ਅਤੇ ਵਲੈਤ ਪਹੁੰਚ ਕੇ 9 ਮਹੀਨੇ ਤੋਂ ਕੋਈ ਕੰਮ ਨਹੀਂ ਸੀ ਕੀਤਾ। ਪਰ ਇਸ ਗੱਲ ਦਾ ਸਬੂਤ ਹੈ ਕਿ ਇਹ ਰੇਹੜੀ ਲਾਉਂਦਾ ਰਿਹਾ ਸੀ। ਇਹਨੇ ਦੱਸਿਆ ਸੀ ਕਿ ਇਹ ਮੋਟਰ ਸਾਈਕਲ ਲੈ ਕੇ ਜਰਮਨੀ, ਬੈਲਜ਼ੀਅਮ, ਪੋਲੈਂਡ, ਰੂਸ ਹੁੰਦਾ ਹੋਇਆ ਓਡੇਸਾ ਤੋਂ ਹਿੰਦੋਸਤਾਨ ਲਈ ਜਹਾਜ਼ ਫੜੇਗਾ।

ਆਜ਼ਾਦ ਨੇ 12.5.1936 ਨੂੰ 4 ਡਿਊਕ ਸਟ੍ਰੀਟ, ਸਪਿਟਲਫਲਿਡ ਪੂਰਬੀ ਲੰਡਨ ਵਾਲੇ ਪਤੇ ਤੋਂ, ਹਾਲੈਂਡ, ਜਰਮਨ, ਪੋਲੈਂਡ, ਅਸਟਰੀਆ, ਹੰਗਰੀ ਤੇ ਇਟਲੀ ਦੇਸ਼ਾਂ ਨੂੰ ਜਾਣ ਦੀ ਇਜਾਜ਼ਤ ਮੰਗੀ ਸੀ, ਜੋ ਕਿ ਮਨਜ਼ੂਰ ਕਰ ਲਈ ਗਈ ਸੀ। 16.5.1936 ਨੂੰ ਇਸਨੇ ਬਰਲਿਨ ਤੋਂ ਹੋਰ ਦੇਸ਼ਾਂ ਨੂੰ ਜਾਣ ਦੀ ਆਗਿਆ ਮੰਗੀ ਸੀ। ਜਿਹਨਾਂ ਵਿੱਚ ਪੂਰਬੀ ਯੂਰਪ ਅਤੇ ਸੋਵੀਅਤ ਯੂਨੀਅਨ ਵੀ ਸ਼ਾਮਿਲ ਸੀ, ਪਰ ਉਹਦੀ ਇਸ ਦਰਖ਼ਾਸਤ ਨੂੰ ਇਸ ਆਧਾਰ ਤੇ ਖ਼ਾਰਿਜ ਕਰ ਦਿੱਤਾ ਗਿਆ ਸੀ ਕਿ ਇਹ ਮਨਜੂਰੀ ਲੰਡਨ ਤੋਂ ਇਜ਼ਾਜਤ ਲਏ ਬਿਨਾ ਨਹੀਂ ਮਿਲ ਸਕਦੀ ਤਾਂ ਉਸਨੇ ਇਹ ਦਰਖ਼ਾਸਤ ਵਾਪਸ ਲੈ ਲਈ ਸੀ।

25 ਜੂਨ 1936 ਨੂੰ ਲੈਨਿਨਗਰਾਦ ਤੋਂ ਪਰਤਿਆ ਸੀ, ਤੇ ਕਿਸੇ ਗੋਰੀ ਨਾਲ ਲੰਡਨ ਦੇ ਵੈਸਟ ਅੇਂਡ ਇਲਾਕੇ ਵਿੱਚ ਰਹਿੰਦਾ ਰਿਹਾ ਸੀ ਅਤੇ ਕਦੇ-ਕਦੇ ਫਿਲਮ ਸਟੂਡੀਓ ‘ਚ ਐਕਸਟਰਾ ਵਜੋਂ ਕੰਮ ਵੀ ਕਰਦਾ ਸੀ। ਕਈ ਵਾਰ ਰਿਪੋਰਟ ਮਿਲੀ ਸੀ ਕਿ ਇਹ ਗਰਮ ਖਿਆਲਾਂ ਦਾ ਸੀ ਤੇ ਦਾਅਵਾ ਕਰਦਾ ਹੁੰਦਾ ਸੀ ਕਿ ਉਹ ਚੋਰੀ-ਛਿਪੇ ਹਿੰਦੋਸਤਾਨ ਹਥਿਆਰ ਭੇਜ ਦੇਵੇਗਾ।

ਅਗਸਤ 1936 ਵਿੱਚ, ਊਧਮ ਸਿੰਘ ਨੂੰ ਲੰਡਨ ਵਿੱਚ ਹੀ ਧੱਕੇ ਨਾਲ ਪੈਸੇ ਮੰਗਣ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਜਿਊਰੀ ਪਹਿਲੇ ਮੁਕੱਦਮੇ ‘ਚ ਇਹਦੇ ਨਾਲ ਸਹਿਮਤ ਨਹੀਂ ਸੀ ਹੋਈ, ਪਰ ਇਹ ਦੂਜੀ ਵਾਰ ਬਰੀ ਹੋ ਗਿਆ ਸੀ। ਇਹਨੂੰ ਲੰਡਨ ‘ਚ ਗਰਮ ਖਿਆਲੀਆਂ ਦੀਆਂ ਮੀਟਿੰਗਾਂ ‘ਚ ਆਂਉਦੇ-ਜਾਂਦੇ ਨੂੰ ਵੀ ਕਦੇ ਨਹੀਂ ਸੀ ਦੇਖਿਆ।

ਨੈਸ਼ਨਲ ਰਜਿਸਟਰੇਸ਼ਨ ਵਾਲੇ ਦਿਨ ਇਹ ਮੋਹੰਮਦ ਸਿੰਘ ਆਜ਼ਾਦ ਦੇ ਨਾਂ ਹੇਠਾਂ ਦਰਜ ਹੋਇਆ ਸੀ। ਇਹਨੇ ਆਪਣਾ ਕਿੱਤਾ ਤਰਖਾਣ ਤੇ ਜਨਮ ਤਾਰੀਖ਼ 23 ਅਕਤੂਬਰ 1905 ਅਤੇ ਪਤਾ 581 ਵਿਮਬੋਰਨ ਰੋਡ ਬੋਰਨਮਥ ਲਿਖਾਇਆ ਸੀ।

ਦੋਸ਼ੀ ਨੇ ਕੁੱਝ ਜਾਣਕਾਰੀ ਡਿਟੈਕਟਿਵ ਸਾਰਜੈਂਟ ਲਿਸਨੈ ਨੂੰ ਵੀ ਦਿੱਤੀ ਸੀ, ਇਹ ਵੀ ਨਾਲ ਹੀ ਨੱਥੀ ਕਰ ਦਿੱਤੀ ਗਈ ਹੈ। ਏਦਾਂ ਲਗਦਾ ਹੈ ਕਿ ਇਹਦੀ ਆਖਰੀ ਨੌਕਰੀ 7 ਨਵੰਬਰ 1939 ਨੂੰ ਖ਼ਤਮ ਹੋ ਗਈ ਸੀ ਤੇ ਇਹ ਮੋਹੰਮਦ ਸਿੰਘ ਆਜ਼ਾਦ ਦੇ ਨਾਂ ਹੇਠਾਂ ਬੇਰੁਜ਼ਗਾਰੀ ਭੱਤਾ ਲੈਂਦਾ ਰਿਹਾ ਸੀ।

ਵਾਰਦਾਤ ਤੋਂ ਅਗਲੇ ਦਿਨ (ਭਾਵ 14 ਮਾਰਚ 1940) ਨੂੰ ਪੁਲਿਸ ਕੋਲ ਦਿੱਤਾ ਬਿਆਨ:

ਬਿਆਨ ਮੁਹੰਮਦ ਸਿੰਘ ਆਜ਼ਾਦ, ਉਮਰ 38 ਸਾਲ ਵਾਸੀ 8 ਮੋਰਿੰਟਨ ਟੈਰਿਸ, ਰਿਜੈਂਟ ਪਾਰਕ, ਕਿੱਤਾ ਇਨਜੀਨੀਅਰ…… ਜਦੋਂ ਮੀਟਿੰਗ ਖਤਮ ਹੋਈ ਤਾਂ ਮੈਂ ਆਪਣਾ ਪਿਸਤੌਲ ਜੇਬ ਤੋਂ ਕੱਢਿਆ ਤੇ ਗੋਲੀ ਚਲਾ ਦਿੱਤੀ – ਜਿਵੇਂ ਕੰਧ ‘ਤੇ ਚਲਾਈਦੀ ਹੈ। ਮੈਂ ਆਪਣਾ ਰੋਸ ਪ੍ਰਗਟ ਕਰਨ ਲਈ ਹੀ ਗੋਲੀ ਚਲਾਈ ਸੀ। ਬਰਤਾਨਵੀ ਸਾਮਰਾਜ ਦੀ ਛੱਤਰ-ਛਾਇਆ ਹੇਠਾਂ ਮੈਂ ਹਿੰਦੋਸਤਾਨ ਵਿੱਚ ਲੋਕਾਂ ਨੂੰ ਭੁੱਖ ਨਾਲ ਮਰਦੇ ਵੇਖਿਆ ਹੈ। ਮੈਂ ਪਿਸਤੌਲ ਤਿੰਨ ਵਾਰ ਚਲਾਇਆ ਤੇ ਇਹਦਾ ਮੈਨੂੰ ਕੋਈ ਦੁੱਖ ਵੀ ਨਹੀਂ ਹੈ। ਮੈਨੂੰ ਕਿਸੇ ਸਜ਼ਾ ਦੀ ਕੋਈ ਪਰਵਾਹ ਨਹੀਂ ਹੈ – ਦਸ ਸਾਲ, ਵੀਹ ਸਾਲ ਜਾਂ ਪੰਜਾਹ ਸਾਲ ਦੀ ਸਜ਼ਾ ਤੇ ਭਾਵੇਂ ਫਾਂਸੀ ਵੀ ਹੋ ਜਾਵੇ। ਮੈਂ ਤਾਂ ਆਪਣਾ ਫਰਜ਼ ਪੂਰਾ ਕੀਤਾ ਹੈ। ਪਰ ਮੇਰਾ ਮਕਸਦ ਕਿਸੇ ਦੀ ਜਾਨ ਲੈਣਾ ਨਹੀਂ ਸੀ, ਮੇਰਾ ਮਤਲਬ ਤਾਂ ਆਪਣਾ ਰੋਸ ਜਾਹਰ ਕਰਨਾ ਸੀ। ਮੈਂ ਇਹ ਬਿਆਨ ਪੜ੍ਹ ਲਿਆ ਹੈ ਤੇ ਇਹ ਬਿਲਕੁਲ ਠੀਕ ਹੈ। ਸਹੀ/- ਮੁਹੱਮਦ ਸਿੰਘ ਆਜ਼ਾਦ

ਅਦਾਲਤ ‘ਚ ਜੱਜ ਨਾਲ ਬਹਿਸ: 5.6.1940

ਜਸਟਿਸ ਅੱਟਕਿਨਸਨ ਨੇ ਊਧਮ ਸਿੰਘ ਨੂੰ ਕਿਹਾ ਕਿ ”ਉਹ ਦੱਸੇ ਕਿ ਉਹਨੂੰ ਸਜ਼ਾ ਕਿਉਂ ਨਾ ਦਿੱਤੀ ਜਾਏ।” ਜੱਜ ਵੱਲ ਮੂੰਹ ਕਰਕੇ ਉਹ ਲਲਕਾਰਿਆ, ”ਮੈਂ ਕਹਿੰਦਾ ਹਾਂ, ‘ਬ੍ਰਿਟਿਸ਼ ਸਾਮਰਾਜ ਮੁਰਦਾਬਾਦ’। ਤੁਸੀਂ ਕਹਿੰਦੇ ਹੋ ਹਿੰਦੋਸਤਾਨ ‘ਚ ਸ਼ਾਂਤੀ ਨਹੀਂ ਹੈ। ਤੁਸੀਂ ਤਾਂ ਸਾਡੇ ਪੱਲੇ ਗ਼ੁਲਾਮੀ ਹੀ ਪਾਈ ਹੈ। ਤੁਹਾਡੀ ਪੀੜ੍ਹੀ ਦਰ ਪੀੜ੍ਹੀ ਸਭਿਅਤਾ ਨੇ ਸਾਨੂੰ ਤਾਂ ਦੁਨੀਆ ਭਰ ਦੀ ਗੰਦਗੀ ਅਤੇ ਨੀਚਤਾ ਦੀ ਸੁਗਾਤ ਹੀ ਬਖਸ਼ੀ ਹੈ। ਤੁਹਾਨੂੰ ਸਿਰਫ ਆਪਣਾ ਪਿਛਲਾ ਇਤਿਹਾਸ ਪੜ੍ਹਣਾ ਚਾਹੀਦੈ; ਜੇ ਤੁਹਾਡੇ ਅੰਦਰ ਰੱਤੀ ਭਰ ਵੀ ਇਨਸਾਨੀਅਤ ਦਾ ਅੰਸ਼ ਬਚਿਐ ਤਾਂ ਤੁਹਾਨੂੰ ਸ਼ਰਮ ਨਾਲ ਡੁਬ ਮਰਨਾ ਚਾਹੀਦੈ। ਤੁਹਾਡੇ ਅਖੌਤੀ ਬੁੱਧੀਜੀਵੀ ਜੋ ਸਭਿਅਤਾ ਦੇ ਰਖਵਾਲੇ ਹੋਣ ਦੇ ਦਾਅਵੇਦਾਰ ਹਨ ਉਹ ਵੀ ਹਰਾਮੀ ਨੇ…।

ਜੱਜ: ਮੈਂ ਤੇਰੀ ਸਿਆਸੀ ਤਕਰੀਰ ਨਹੀਂ ਸੁਣਨੀ, ਜੇ ਕੋਈ ਕੇਸ ਨਾਲ ਸੰਬੰਧਤ ਗੱਲ ਹੈ ਤਾਂ ਦੱਸ। ਜਿਹੜੇ ਕਾਗਜਾਂ ਤੋਂ ਊਧਮ ਸਿੰਘ ਪੜ੍ਹ ਰਿਹਾ ਸੀ, ਉਹਨਾਂ ਨੂੰ ਹਵਾ ਵਿੱਚ ਲਹਿਰਾਉਂਦਿਆਂ ਉਹ ਬੋਲਿਆ, ”ਮੈਂ ਇਹੋ ਕੁੱਝ ਕਹਿਣੈ, ਮੈਂ ਆਪਣਾ ਰੋਸ ਪ੍ਰਗਟ ਕਰਨਾ ਸੀ।”

ਜੱਜ: ਕੀ ਇਹ ਅੰਗ੍ਰੇਜ਼ੀ ‘ਚ ਹੈ? ਊਧਮ ਸਿੰਘ: ਜੋ ਮੈਂ ਕਿਹੈ, ਉਹ ਤੁਸੀਂ ਸਮਝ ਹੀ ਲਵੋਗੇ।

ਕੁੱਝ ਬਹਿਸ ਮੁਬਾਹਸੇ ਪਿੱਛੋਂ ਊਧਮ ਸਿੰਘ ਨੇ ਆਪਣਾ ਪੱਖ ਸਪਸ਼ਟ ਕਰਦਿਆਂ ਕਿਹਾ:— (ਜ਼ੋਰ ਨਾਲ) ”ਮੈਂ ਮੌਤ ਦੀ ਸਜ਼ਾ ਤੋਂ ਨਹੀਂ ਡਰਦਾ, ਰੱਤੀ ਭਰ ਵੀ। ਮੈਨੂੰ ਮਰ ਜਾਣ ਦੀ ਕੋਈ ਪਰਵਾਹ ਨਹੀਂ। …ਮੈਂ ਕਿਸੇ ਮਕਸਦ ਲਈ ਮਰ ਰਿਹਾ ਹਾਂ।” (ਕਟਹਿਰੇ ਤੇ ਹੱਥ ਮਾਰਦਿਆਂ ਉਹ ਗਰਜਿਆ) ”ਅਸੀਂ ਅੰਗ੍ਰੇਜ਼ਾਂ ਦੀ ਅਧੀਨਤਾ ਹੇਠ ਜੂਨ ਭੋਗ ਰਹੇ ਹਾਂ।” (ਫਿਰ ਠੰਢਾ ਹੋ ਕੇ) ਕਹਿਣ ਲੱਗਾ, ”ਮੈਂ ਮਰਨ ਤੋਂ ਡਰਦਾ ਨਹੀਂ, ਸਗੋਂ ਮੈਨੂੰ ਤਾਂ ਇਸ ਤਰ੍ਹਾਂ ਮਰਨ ‘ਤੇ ਮਾਣ ਹੈ ਕਿ ਮੈਂ ਆਪਣੀ ਮਾਤਰਭੂਮੀ ਨੂੰ ਆਜ਼ਾਦ ਕਰਾਉਣ ਲਈ ਮਰਾਂਗਾ। ਮੈਨੂੰ ਆਸ ਹੈ ਮੇਰੇ ਦੇਸ਼ਵਾਸੀ ਮੇਰੀ ਰਾਹ ‘ਤੇ ਚੱਲ ਕੇ ਤੁਹਾਨੂੰ ਹਲ਼ਕੇ ਕੁਤਿਆਂ ਵਾਂਗ ਭਜਾਉਣਗੇ, ਤੇ ਮੇਰਾ ਦੇਸ਼ ਆਜ਼ਾਦ ਹੋ ਜਾਏਗਾ।

”ਜਿੱਥੇ ਕਿਤੇ ਵੀ ਤੁਹਾਡੀ ਅਖੌਤੀ ਜਮਹੂਰੀਅਤ ਦਾ ਦਬਦਬਾ ਹੈ ਉਥੇ ਤੁਹਾਡੀਆਂ ਮਸ਼ੀਨ ਗੱਨਾਂ ਹਜ਼ਾਰਾਂ ਨਿਹੱਥੇ ਔਰਤਾਂ ਅਤੇ ਬੱਚਿਆਂ ਦਾ ਕਤਲੇਆਮ ਕਰਦੀਆਂ ਹਨ, ਇਹ ਨੇ ਤੁਹਾਡੀਆਂ ਕਰਤੂਤਾਂ! …ਮੈਂ ਅੰਗ੍ਰੇਜ਼ ਸਾਮਰਾਜ ਦੀ ਗੱਲ ਕਰ ਰਿਹਾ। ਮੇਰੀ ਅੰਗ੍ਰੇਜ਼ ਜਾਤੀ ਨਾਲ ਕੋਈ ਦੁਸ਼ਮਣੀ ਨਹੀਂ ਹੈ, ਸਗੋਂ ਹਿੰਦੀਆਂ ਨਾਲੋਂ ਮੇਰੇ ਗੋਰੇ ਦੋਸਤ ਵਧੇਰੇ ਹਨ ਅਤੇ ਗੋਰੇ ਮਜ਼ਦੂਰਾਂ ਨਾਲ ਮੇਰੀ ਪੂਰੀ ਹਮਦਰਦੀ ਹੈ, ਮੈਂ ਤਾਂ ਸਿਰਫ਼ ਅੰਗ੍ਰੇਜ਼ੀ ਸਾਮਰਾਜਵਾਦ ਦੇ ਖ਼ਿਲਾਫ਼ ਹਾਂ।”

ਊਧਮ ਸਿੰਘ ਫਿਰ ਗੋਰੇ ਮਜ਼ਦੂਰਾਂ ਨੂੰ ਮੁਖਾਤਬ ਹੋ ਕੇ ਬੋਲਿਆ:

”ਸਾਥੀਓ ਤੁਸੀਂ ਵੀ ਇਹਨਾਂ ਸਾਮਰਾਜੀ ਕੁਤਿਆਂ ਤੋਂ ਦੁੱਖ ਸਹਿੰਦੇ ਹੋ ਤੇ ਅਸੀਂ ਵੀ ਦੁਖੀ ਹਾਂ। ਇਹ ਸਭ ਪਾਗ਼ਲ ਹੈਵਾਨ ਹਨ। ਹਿੰਦੋਸਤਾਨ ਗੁਲਾਮ ਹੈ, ਓਥੇ ਸਾਮਰਾਜ ਨੇ ਹੀ ਮੌਤ, ਕੱਟ-ਵੱਢ ਅਤੇ ਤਬਾਹੀ ਮਚਾਈ ਹੋਈ ਹੈ। ਵਲੈਤ ਵਿੱਚ ਇਸ ਬਾਰੇ ਕੋਈ ਪਤਾ ਨਹੀਂ ਲਗਦਾ, ਪਰ ਸਾਨੂੰ ਤਾਂ ਪਤਾ ਹੀ ਹੈ ਕਿ ਹਿੰਦੋਸਤਾਨ ਵਿੱਚ ਕੀ ਹੁੰਦਾ ਹੈ।”

ਜੱਜ: ”ਮੈਂ ਤੇਰੀ ਤਕਰੀਰ ਨੂੰ ਹੋਰ ਨਹੀਂ ਸੁਣਾਂਗਾ।” ਊਧਮ ਸਿੰਘ: ”ਮੈਂ ਤੈਨੂੰ ਪੁਛਿਆ ਸੀ ਕਿ ਮੈਂ ਕੀ ਕੀ ਕਹਿਣਾ ਹੈ? ਹੁਣ ਮੈਂ ਉਹੀ ਕੁੱਝ ਹੀ ਕਹਿ ਰਿਹਾ ਹਾਂ। ਦਰਅਸਲ ਤੁਸੀਂ ਬੜੀ ਕਮੀਨੀ ਸੋਚ ਵਾਲੇ ਹੋ। ਤੁਸੀਂ ਹਿੰਦੋਸਤਾਨ ‘ਚ ਕੀਤੇ ਕੁਕਰਮਾਂ ਬਾਰੇ ਮੈਥੋਂ ਸੁਣ ਹੀ ਨਹੀਂ ਸਕਦੇ।” ਊਧਮ ਸਿੰਘ ਨੇ ਹਿੰਦੀ ‘ਚ ਤਿੰਨ ਨਾਅਰੇ ਮਾਰੇ ਤੇ ਫਿਰ ਲਲਕਾਰਿਆ, ”ਸਾਮਰਾਜ ਮੁਰਦਾਬਾਦ…।”

ਊਧਮ ਸਿੰਘ ਦੀ ਵਿਚਾਰਧਾਰਾ ਗ਼ਦਰ ਲਹਿਰ ਵਾਲੀ ਹੀ ਸੀ। ਭਾਵੇਂ ਊਧਮ ਸਿੰਘ ਦੀ ਸੋਚ ਬਾਰੇ ਵੱਖੋ-ਵੱਖ ਧਾਰਨਾਵਾਂ ਨੇ, ਪਰ ਉਹ ਹੈ ਸੀ ਗ਼ਦਰ ਪਾਰਟੀ ਦੀ ਵਿਚਾਰਧਾਰਾ ਨੂੰ ਅਪਣਾਇਆ ਹੋਇਆ ਤੇ ਇਨਕਲਾਬੀ ਨਜ਼ਰੀਏ ਦਾ ਹੀ ਸੀ ਧਾਰਨੀ।

13 ਮਾਰਚ 1940 ਸ਼ਾਮੀਂ ਸਰ ਮਾਈਕਲ ਓ-ਡਵਾਇਰ ਦੀ ਹੱਤਿਆ ਮਗਰੋਂ ਖੁਦ ਨੂੰ ਗ੍ਰਿਫਤਾਰੀ ਲਈ ਪੇਸ਼ ਕਰਦਿਆਂ ਉਹਨੇ ਹਰੇਕ ਪੜ੍ਹਾਅ ਤੇ ਹਿਕ ਠੋਕ ਕੇ ਆਪਣੇ ਜ਼ੁਰਮ ਦਾ ਕੇਵਲ ਇਕਬਾਲ ਹੀ ਨਹੀਂ ਕੀਤਾ, ਬਲਕਿ ਭਗਤ ਸਿੰਘ ਵਰਗੇ ਸ਼ਹੀਦਾਂ ਵਾਂਗ ਆਪਣੇ ਕਾਰਨਾਮੇ ਦੀ ਇਤਿਹਾਸਿਕ ਪ੍ਰਸੰਗ ਵਿੱਚ ਪ੍ਰਤੱਖ ਵਿਆਖਿਆ ਵੀ ਕੀਤੀ ਸੀ, ਜਿਸ ਆਧਾਰ ‘ਤੇ ਉਹਦੀ ਭੂਮਿਕਾ ਮਦਨ ਲਾਲ ਢੀਂਗਰਾ, ਕਰਤਾਰ ਸਿੰਘ ਸਰਾਭਾ ਅਤੇ ਭਗਤ ਸਿੰਘ ਜਹੇ ਪਰਵਾਨਿਆਂ ਵਾਲੀ ਹੀ ਹੈ।

ਜਿਵੇਂ ਆਪਣੇ ਅਦਾਲਤੀ ਬਿਆਨ ‘ਚ ਉਹਨੇ ਦੱਸਿਐ:

”ਮੈਂ ਕਿਸੇ ਮਕਸਦ ਲਈ ਮਰ ਰਿਹਾ ਹਾਂ, ਅਸੀਂ ਅੰਗ੍ਰੇਜ਼ਾਂ ਦੀ ਅਧੀਨਤਾ ਹੇਠ ਜੂਨ ਭੋਗ ਰਹੇ ਹਾਂ। ਮੈਂ ਮਰਨ ਤੋਂ ਡਰਦਾ ਨਹੀਂ, ਸਗੋਂ ਮੈਨੂੰ ਤਾਂ ਇਸ ਮਰਨ ਤੇ ਮਾਨ ਹੈ ਕਿ ਮੈਂ ਆਪਣੀ ਮਾਤਰ ਭੂਮੀ ਨੂੰ ਆਜ਼ਾਦ ਕਰਾਉਣ ਲਈ ਮਰਾਂਗਾ। ਮੈਨੂੰ ਆਸ ਹੈ ਕਿ ਮੇਰੇ ਦੇਸ਼ ਵਾਸੀ ਮੇਰੇ ਰਾਹ ਤੇ ਚੱਲ ਕੇ ਤੁਹਾਨੂੰ (ਅੰਗ੍ਰੇਜ਼ਾਂ ਨੂੰ) ਹਲ਼ਕੇ ਕੁਤਿਆਂ ਵਾਂਗ ਭਜਾ ਦੇਣਗੇ ਤੇ ਮੇਰਾ ਦੇਸ਼ ਆਜ਼ਾਦ ਹੋ ਜਾਏਗਾ।

ਉਸਨੇ ਆਪਣੀ ਗ੍ਰਿਫਤਰਾਰੀ ਤੋਂ ਅਗਲੇ ਦਿਨ ਪੁਲਿਸ ਕੋਲ ਦਰਜ ਕਰਾਏ ਬਿਆਨ ਵਿੱਚ ਵੀ ਸਪਸ਼ਟ ਤੌਰ ਤੇ ਕਿਹਾ ਸੀ ਕਿ ”ਮੇਰਾ ਮਕਸਦ ਕਿਸੇ ਦੀ ਜਾਨ ਲੈਣਾ ਨਹੀਂ ਸੀ, ਮੇਰਾ ਮਕਸਦ ਤਾਂ ਆਪਣਾ ਰੋਸ ਜਾਹਿਰ ਕਰਨਾ ਸੀ।”

ਅਦਾਲਤੀ ਰਿਕਾਰਡ ਅਨੁਸਾਰ ਊਧਮ ਸਿੰਘ ਕੋਈ ਢਾਈ ਸਾਲ ਦੀ ਬਸਰਾ ਅਤੇ ਪੂਰਬੀ ਅਫਰੀਕਾ ‘ਚ (ਫੌਜੀ) ਤਾਈਨਾਤੀ ਪਿੱਛੋਂ ਦੇਸ਼ ਪਰਤ ਕੇ ਕੁੱਝ ਮਹੀਨਿਆਂ ਪਿਛੋਂ ਫਿਰ ਵਿਦੇਸ਼ ਚਲਾ ਗਿਆ, ਜਿਥੋਂ ਉਹ ਘੱਟੋਂ ਘੱਟ 9 ਸਾਲਾਂ ਪਿਛੋਂ ਫਿਰ ਵਿਦੇਸ਼ ਚਲਾ ਗਿਆ ਜਿਥੋਂ ਉਹ ਲੱਗਭੱਗ 9 ਸਾਲਾਂ ਪਿਛੋਂ ਜੁਲਾਈ 1927 ‘ਚ ਵਾਪਸ ਹਿੰਦੋਸਤਾਨ ਆਇਆ ਸੀ। ਹੁਣ ਚੂੰਕਿ ਉਹਦਾ ਜਨਮ 26 ਦਸੰਬਰ 1899 ਨੂੰ ਹੋਇਆ ਸੀ, ਇਸ ਹਿਸਾਬ ਨਾਲ ਉਹ 17 ਸਾਲ ਦੀ ਉਮਰ ਵਿੱਚ ਫੌਜ ‘ਚ ਭਰਤੀ ਹੋ ਜਾਣ ਪਿਛੋਂ ਅਤੇ 1927 ਤੋਂ ਪਹਿਲਾਂ ਕੁੱਝ ਮਹੀਨਿਆਂ ਲਈ ਹੀ ਭਾਰਤ ਪਰਤਿਆ ਸੀ।

ਉਕਤ ਤੱਥਾਂ ਦੇ ਮੱਦੇਨਜ਼ਰ ਕਿਹਾ ਜਾ ਸਕਦਾ ਹੈ ਕਿ ਊਧਮ ਸਿੰਘ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ਼ ਦੇ ਕਤਲੇਆਮ ਵੇਲ਼ੇ ਪੂਰਬੀ ਅਫ਼ਰੀਕਾ ਵਿਖੇ ਸੀ, ਭਾਵ ਉਹ ਉਸ ਦਿਨ ਅੰਮ੍ਰਿਤਸਰ ਵਿੱਚ ਮੌਜੂਦ ਨਹੀਂ ਸੀ ਅਤੇ ਉਸ ਵਿੱਚ ਬਾਗ਼ੀਆਨਾ ਸੋਚ ਅਮਰੀਕਾ ‘ਚ ਰਹਿੰਦਿਆਂ ਗ਼ਦਰ ਪਾਰਟੀ ਦੇ ਅਸਰ ਹੇਠ ਹੀ ਪਨਪੀ ਸੀ।

ਸੰਪਰਕ: 0172-2556314

Check Also

ਛੋਟੀ ਉਮਰ ਵਿੱਚ ਫਾਂਸੀ ਦਾ ਰੱਸਾ ਚੁੰਮਣ ਵਾਲਾ ਦੇਸ਼ ਭਗਤ – ਖੁਦੀ ਰਾਮ ਬੋਸ

-ਅਵਤਾਰ ਸਿੰਘ ਦੇਸ਼ ਭਗਤ ਖੁਦੀ ਰਾਮ ਬੋਸ ਆਜ਼ਾਦੀ ਦੀ ਲੜਾਈ ਵਿਚ ਛੋਟੀ ਉਮਰ ਦੇ ਸ਼ਹੀਦਾਂ …

Leave a Reply

Your email address will not be published. Required fields are marked *