ਮਹਾਰਾਸ਼ਟਰ: ਕਿਸਾਨ ਪ੍ਰੇਸ਼ਾਨ, ਪੀਣ ਵਾਲੇ ਪਾਣੀ ਨੂੰ ਤਰਸ ਰਹੇ ਨੇ ਲੋਕ

TeamGlobalPunjab
7 Min Read

-ਅਵਤਾਰ ਸਿੰਘ

ਮਹਾਰਾਸ਼ਟਰ ਵਿੱਚ ਕੋਵਿਡ-19 ਦਾ ਬੇਹੱਦ ਪ੍ਰਕੋਪ ਚੱਲ ਰਿਹਾ ਹੈ। ਕਰੋਨਾ ਦੇ ਕੇਸਾਂ ਅਤੇ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਹ ਇਕ ਚਿੰਤਾ ਦਾ ਵਿਸ਼ਾ ਹੈ। ਪਰ ਪਿਛਲੇ ਦਿਨੀਂ ਦੋ ਗੱਲਾਂ ਕਰਕੇ ਇਹ ਸੂਬਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਉਹਨਾਂ ਵਿੱਚੋਂ ਪਹਿਲੀ ਗੱਲ ਹੈ, ਮਹਾਰਾਸ਼ਟਰ ਸੂਬੇ ‘ਚ ਪਿਆ ਹੋਇਆ ਸੋਕਾ ਜਿੱਥੇ ਲੋਕੀਂ ਪੀਣ ਵਾਲੇ ਪਾਣੀ ਤੋਂ ਵੀ ਮੁਥਾਜ ਹਨ। ਪਾਣੀ ਦੀ ਘਾਟ ਨਾਲ਼ ਹਜ਼ਾਰਾਂ ਪਿੰਡਾਂ ਦੇ ਲੋਕ, ਸਮੇਤ ਬੱਚਿਆਂ ਦੇ, ਹੌਲ਼ੀ ਹੌਲ਼ੀ ਮਰ ਰਹੇ ਹਨ। ਲਗਭਗ ਉਸੇ ਹੀ ਵੇਲ਼ੇ ਜਦੋਂ ਸੋਕੇ ਨਾਲ਼ ਮਹਾਂਰਾਸ਼ਟਰ ਸੂਬੇ ‘ਚ ਤ੍ਰਾਹੀ ਮਚੀ ਪਈ ਹੈ, ਉਦੋਂ ਕ੍ਰਿਕਟ ਟੂਰਨਾਮੈਂਟ (ਆਈਪੀਐਲ) ਦਾ ਸ਼ੋਰ-ਸ਼ਰਾਬਾ ਵੀ ਇਸੇ ਸੂਬੇ ਵਿੱਚ 9 ਅਪ੍ਰੈਲ ਤੋਂ ਸ਼ੁਰੂ ਹੋ ਗਿਆ ਹੈ। ਆਈਪੀਐਲ ਦੇ ਵੀਹ ਮੈਚ ਮਹਾਰਾਸ਼ਟਰ ‘ਚ ਹੋ ਰਹੇ ਹਨ।

ਇਥੇ ਪਿੱਚਾਂ ਦਾ ਮਿਆਰ ਬਣਾਈ ਰੱਖਣ ਲਈ ਲੱਖਾਂ ਲਿਟਰ ਪਾਣੀ ਡੋਲਿਆ ਗਿਆ, ਇਸ ਤੋਂ ਇਲਾਵਾ ਮੈਚ ਵੇਖਣ ਆਈ ਵੱਡੀ ਭੀੜ ਵੱਲੋਂ ਕੀਤੀ ਗਈ ਪਾਣੀ ਦੀ ਬਰਬਾਦੀ ਅਲੱਗ। ਇੱਕੋ ਵੇਲ਼ੇ ਇੱਕੋ ਥਾਂ ਵਾਪਰ ਰਹੀਆਂ ਇਹ ਦੋ ਗੱਲਾਂ ਸਮੁੱਚੇ ਢਾਂਚੇ ਅਤੇ ਰਾਜ-ਪ੍ਰਬੰਧ ਦੇ ਲੋਕਦੋਖੀ, ਅਣਮਨੁੱਖੀ ਵਿਵਹਾਰ ਦੀਆਂ ਘਿਨੌਣੀਆਂ ਉਦਾਹਰਨਾਂ ਹਨ।

- Advertisement -

ਜਦੋਂ ਲੋਕੀਂ ਸੋਕੇ ਕਾਰਨ ਤਿਲ ਤਿਲ ਕਰਕੇ ਮਰ ਰਹੇ ਹਨ, ਉਸ ਵੇਲੇ ਐਸੀ ਕਾਰਵਾਈ ਨੂੰ ਸਾਵੀਂ ਥਾਂ ‘ਤੇ ਇਜ਼ਾਜ਼ਤ ਦੇਣਾ, ਇੱਕ ਗੰਭੀਰ ਜੁਰਮ ਹੈ। ਮਹਾਰਾਸ਼ਟਰ ਸੂਬੇ ਅੰਦਰ ਪਏ ਸੋਕੇ ਦੇ ਪ੍ਰਭਾਵ ‘ਤੇ ਇੱਕ ਨਿਗਾਹ ਮਾਰ ਲੈਂਦੇ ਹਾਂ।

ਮਹਾਰਾਸ਼ਟਰ ਵਿੱਚ ਪਿਛਲੇ ਦੋ ਸਾਲਾਂ ਵਿੱਚ ਆਮ ਨਾਲੋਂ ਪੰਜਾਹ ਫੀਸਦੀ ਮੀਂਹ ਘੱਟ ਪਿਆ ਹੈ। ਪਿਛਲੇ ਚਾਰ ਦਹਾਕਿਆਂ ਵਿੱਚ ਸੂਬੇ ਅੰਦਰ ਪਿਆ ਇਹ ਸੋਕਾ ਸਭ ਤੋਂ ਭਿਅੰਕਰ ਹੈ, ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਸੋਕੇ ਦੀ ਵਜਾਹ ਨਾਲ ਉਜੜ ਕੇ ਹੋਰਾਂ ਥਾਵਾਂ ‘ਤੇ ਜਾਣਾ ਪਿਆ ਹੈ।

ਮਹਾਰਾਸ਼ਟਰ ਦੇ ਪੰਦਰਾਂ ਜਿਲ੍ਹੇ ਸੋਕੇ ਨਾਲ ਬੁਰੀ ਤਰਾਂ ਪ੍ਰਭਾਵਿਤ ਹੋਏ ਹਨ, ਜੋ ਕੁੱਲ ਮਹਾਂਰਾਸ਼ਟਰ ਦਾ ਪੰਜਵਾਂ ਹਿੱਸਾ ਬਣਦਾ ਹੈ, ਜਿਸ ਵਿੱਚ 14,708 ਤੋਂ ਜ਼ਿਆਦਾ ਪਿੰਡ ਆਉਂਦੇ ਹਨ।

ਬਹੁਤੇ ਲੋਕ ਜਿਉਂਦੇ ਰਹਿਣ ਲਈ ਰਾਜਧਾਨੀ ਮੁੰਬਈ ਵੱਲ ਚਲੇ ਗਏ ਹਨ ਤੇ ਕਈ ਉਹਨਾਂ ਪਿੰਡਾਂ ‘ਚ ਹੀ ਰਹਿਕੇ ਤ੍ਰਿਹਾਏ ਮਰਨ ਲਈ ਮਜ਼ਬੂਰ ਹਨ। ਕਈ ਪਿੰਡਾਂ ਵਿੱਚ ਔਰਤਾਂ ਨੂੰ ਲਗਭਗ ਤਿੰਨ ਕਿਲੋਮੀਟਰ ਦੂਰੋਂ ਪਾਣੀ ਲੈਣ ਜਾਣਾ ਪੈਂਦਾ ਹੈ, ਉਹ ਪਾਣੀ ਵੀ ਬਿਲਕੁਲ ਪੀਣਯੋਗ ਨਹੀਂ ਹੁੰਦਾ। ਜ਼ਿਆਦਾਤਰ ਪਿੰਡ ਪੀਣ ਵਾਲੇ ਪਾਣੀ ਤੋਂ ਪੂਰੀ ਤਰ੍ਹਾਂ ਸੱਖਣੇ ਹਨ।

ਇਸ ਸੋਕੇ ਕਰਕੇ ਤਕਰੀਬਨ 90 ਲੱਖ ਕਿਸਾਨਾਂ, ਜੋ ਕੁੱਲ ਜ਼ਮੀਨ ਮਾਲਕਾਂ ਦਾ 70 ਫੀਸਦੀ ਬਣਦਾ ਹੈ, ਦੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਹਨ। ਸੋਕਾ ਮਾਰੇ ਇਹ ਕਿਸਾਨਾਂ ਦੀ ਆਬਾਦੀ ਸਵੀਡਨ ਦੇਸ਼ ਦੀ ਪੂਰੀ ਆਬਾਦੀ ਤੋਂ ਵੀ ਕਿਤੇ ਜ਼ਿਆਦਾ ਹੈ।

- Advertisement -

ਫਸਲਾਂ ਸੁੱਕ ਗਈਆਂ ਹਨ। ਪਾਣੀ ਨੂੰ ਤਰਸੀਆਂ ਜ਼ਮੀਨਾਂ ਬੰਜਰ ਬਣ ਗਈਆਂ ਹਨ। ਕਿਸਾਨਾਂ ਸਿਰ ਕਰਜ਼ਿਆਂ ਦੀਆਂ ਪੰਡਾਂ ਹੋਰ ਜ਼ਿਆਦਾ ਬੋਝਲ ਹੋ ਗਈਆਂ ਹਨ ਅਤੇ ਸੋਕੇ ਮਾਰੀ ਫਸਲ ਕਾਰਨ ਕਿਸਾਨ ਕਿਸੇ ਤਰ੍ਹਾਂ ਵੀ ਕਰਜ਼ਾ ਦੇਣ ਤੋਂ ਪੂਰੀ ਤਰਾਂ ਅਸਮਰਥ ਹਨ।

ਰਿਪੋਰਟਾਂ ਮੁਤਾਬਿਕ 2015 ਦੀ ਪਹਿਲੀ ਛਿਮਾਹੀ ਵਿੱਚ ਹੀ 600 ਤੋਂ ਜ਼ਿਆਦਾ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਸੂਬਾ ਕਿਸਾਨ ਖੁਦਕੁਸ਼ੀਆਂ ਪੱਖੋਂ ਵੀ ਪੂਰੇ ਦੇਸ਼ ‘ਚੋਂ ਪਹਿਲੇ ਨੰਬਰ ‘ਤੇ ਹੈ।

ਇੱਕ ਸਰਵੇਖਣ ਮੁਤਾਬਕ ਇਸ ਸੋਕੇ ਕਾਰਨ 1.36 ਕਰੋੜ ਕਿਸਾਨ ਪ੍ਰਭਾਵਿਤ ਹੋਏ ਹਨ ਅਤੇ ਜ਼ਿਆਦਾ ਨੁਕਸਾਨ ਮਰਾਠਵਾੜਾ ਤੇ ਵਿਦਰਭਾ ਇਲਾਕੇ ‘ਚ ਹੋਇਆ ਹੈ। ਸਰਕਾਰ ਨੇ ਖੁਦ ਮੰਨਿਆ ਹੈ ਕਿ ਮਹਾਂਰਾਸ਼ਟਰ ਦੇ 60 ਫੀਸਦੀ ਦੇ ਲੱਗਭਗ ਪਿੰਡ “ਸੋਕੇ ਵਰਗੀ” ਹਾਲਤ ‘ਚ ਰਹਿ ਰਹੇ ਹਨ।

ਸੋਕੇ ਕਾਰਨ ਹੋਏ ਇਸ ਨੁਕਸਾਨ ਕਰਕੇ ਕੁਝ ਇਲਾਕਿਆਂ ‘ਚ ਖੇਤੀ ਦੀ ਪੈਦਾਵਾਰ ਅੱਧੀ ਰਹਿ ਗਈ ਹੈ। ਸੂਬਾ ਅਥਾਰਟੀ ਵੱਲ਼ੋਂ ਜਾਰੀ ਕੀਤੀ ਰਿਪੋਰਟ ਮੁਤਾਬਕ ਮਹਾਂਰਾਸ਼ਟਰ 2003 ਤੋਂ ਹੀ ਸੋਕਾ ਪੀੜਿਤ ਹੈ। ਇਸਦਾ ਕਾਰਨ ਮੌਨਸੂਨ ਰੁੱਤ ‘ਚ ਹੋਈਆਂ ਜਬਰਦਸਤ ਤਬਦੀਲੀਆਂ ਦੱਸਿਆ ਜਾ ਰਿਹਾ ਹੈ, 16 ਹਫ਼ਤਿਆਂ ਤੱਕ ਚੱਲ਼ਣ ਵਾਲਾ ਮੌਨਸੂਨ ਪਿਛਲੇ ਪੰਜ ਸਾਲਾਂ ਤੋਂ ਸਿਰਫ 3 ਹਫ਼ਤਿਆਂ ਦਾ ਹੀ ਰਹਿ ਗਿਆ ਹੈ।

ਮਹਾਰਾਸ਼ਟਰ ਸੂਬੇ ਦੀ ਕੁੱਲ ਖੇਤੀ ਯੋਗ 225.56 ਲੱਖ ਹੈਕਟੇਅਰ ਜਮੀਨ ਵਿੱਚੋਂ ਸਿਰਫ਼ 20 ਫੀਸਦੀ ਭਾਵ 44.19 ਲੱਖ ਹੈਕਟੇਅਰ ਜ਼ਮੀਨ ਹੀ ਨਹਿਰੀ ਪਾਣੀ ਨਾਲ ਸਿੰਜੀ ਜਾਂਦੀ ਹੈ, ਬਾਕੀ ਦਾ ਸਾਰਾ ਰਕਬਾ ਮੀਂਹਾਂ ‘ਤੇ ਨਿਰਭਰ ਹੈ।

ਪਿਛਲੇ ਪੰਜ ਸਾਲਾਂ ਤੋਂ ਵੱਡਾ ਰਕਬਾ ਸੋਕੇ ਤੋਂ ਪੀੜਿਤ ਹੈ। 2011-12 ਵਿੱਚ 31.11 ਲੱਖ ਹੈਕਟੇਅਰ ਰਕਬਾ, 2012-13 ਵਿੱਚ 48.49 ਲੱਖ ਹੈਕਟੇਅਰ ਰਕਬਾ ਸੋਕੇ ਤੋਂ ਪੀੜਿਤ ਸੀ।

2013-14 ਵਿੱਚ ਸੋਕਾ ਪੀੜਿਤ ਖੇਤਰ ਦਾ ਰਕਬਾ 68.04 ਲੱਖ ਹੈਕਟੇਅਰ ਹੋ ਗਿਆ ਹੈ। ਸੋਕੇ ਸੰਭਾਵਿਤ ਸੂਬਿਆਂ ਆਂਧਰਾਂ ਪ੍ਰਦੇਸ਼, ਕਰਨਾਟਕਾ ਤੇ ਰਾਜਸਥਾਨ ਨਾਲੋਂ ਇਹ ਰਕਬਾ ਕਿਤੇ ਵੱਡਾ ਹੈ।

ਇਨੇ ਲੰਮੇ ਸਮੇਂ ਤੋਂ ਪਾਣੀ ਦੀ ਇਸ ਗੰਭੀਰ ਸਮੱਸਿਆ ਦੇ ਹੁੰਦਿਆਂ ਹੋਇਆਂ ਵੀ ਰਾਜਭਾਗ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਨਹਿਰੀ ਪ੍ਰਬੰਧ ਨੂੰ ਵਿਕਸਤ ਕਰਨ ਲਈ ਕਿਸੇ ਤਰ੍ਹਾਂ ਦੀ ਕੋਈ ਖੇਚਲ ਹਾਲੇ ਤੱਕ ਨਹੀਂ ਕੀਤੀ ਗਈ।

ਨਾਕਸ ਨਹਿਰੀ ਪ੍ਰਬੰਧ ਹੋਣ ਕਰਕੇ ਪਾਣੀ ਅਣਵਰਤਿਆ ਹੀ ਸਮੁੰਦਰਾਂ ‘ਚ ਵਾਪਸ ਚਲਾ ਜਾਂਦਾ ਹੈ। ਸੋਕੇ ਦੇ ਹੱਲ ਦੇ ਨਾਂ ‘ਤੇ ਕਈ ਜਿਲ੍ਹਿਆਂ ਵਿੱਚ ਪਾਣੀ ਦੀ ਸਪਲਾਈ ਰੇਲ ਗੱਡੀ ਰਾਹੀਂ ਕੀਤੀ ਜਾ ਰਹੀ ਹੈ, ਜੋ ਕਿਸੇ ਵੀ ਤਰ੍ਹਾਂ ਲੋਕਾਂ ਦੀਆਂ ਇਕੱਲੀਆਂ ਪੀਣ ਵਾਲੇ ਪਾਣੀ ਦੀਆਂ ਦੀ ਲੋੜਾਂ ਨੂੰ ਵੀ ਪੂਰਾ ਨਹੀਂ ਕਰਦੀ। ਪ੍ਰਸ਼ਾਸ਼ਨ ਦੀ ਅਣਗਹਿਲੀ ਇਸ ਹੱਦ ਤੱਕ ਦੀ ਹੈ ਕਿ ਲਾਤੂਰ ਤੇ ਬੀੜ ਜਿਲ੍ਹਿਆਂ ਦੇ ਪਿੰਡਾਂ ਵਿੱਚ 15-15 ਦਿਨਾਂ ਬਾਦ ਪਾਣੀ ਦਾ ਇੱਕ-ਇੱਕ ਟੈਂਕਰ ਭੇਜ ਦਿੱਤਾ ਜਾਂਦਾ ਹੈ, ਜੋ ਏਨੇ ਲੋਕਾਂ ਨਾਲ ਇੱਕ ਕੋਝੇ ਮਜ਼ਾਕ ਤੋਂ ਵਧਕੇ ਹੋਰ ਕੁਝ ਵੀ ਨਹੀਂ।

ਰਾਜਭਾਗ ਦਾ ਅਵਾਮ ਪ੍ਰਤੀ ਇਹ ਨਜ਼ਰੀਆ, ਹਾਕਮਾਂ ਦੇ ਲੋਕ-ਦੋਖੀ ਕਾਤਲ ਚਿਹਰੇ ਨੂੰ ਸਾਡੇ ਸਾਹਮਣੇ ਨੰਗਾ ਕਰ ਦਿੰਦਾ ਹੈ ਕਿ ਕਿਵੇਂ ਲੰਮੇ ਸਮੇਂ ਤੋਂ ਚੱਲੇ ਆ ਰਹੇ ਇਸ ਸੰਕਟ ਦੇ ਨਿਪਟਾਰੇ ਲਈ ਹਾਕਮਾਂ ਦਾ ਰਵੱਈਆ ਪੂਰੀ ਤਰਾਂ ਅਵੇਸਲਾ ਰਿਹਾ ਹੈ। ਐਸੇ ਮਹੌਲ ਤੋਂ ਹਾਕਮਾਂ ਦੇ ਵਿਕਾਸ ਦੇ ਨਾਹਰਿਆਂ ਦੀ ਸੁਰ ਵੀ ਪਛਾਣੀ ਜਾ ਸਕਦੀ ਹੈ ਕਿ ਵਿਕਾਸ ਆਖਰ ਕਿਸਦਾ?

ਲੋਕਾਂ ਦਾ ਜਾਂ ਇਹਨਾਂ ਦੇ ਮਾਲਕ ਧਨਾਢਾਂ ਦਾ? ਨਾਲ਼-ਨਾਲ਼ ਦੂਜੇ ਪਾਸੇ ਦੇਸ਼ ਦੇ ਲੋਕਾਂ ਲਈ ਵੀ ਸੋਚਣ ਦਾ ਮਸਲਾ ਹੈ ਕਿ ਜਦੋਂ ਅਸੀਂ ਮਹਿਜ਼ ‘ਮਨੋਰੰਜਨ’ ਖਾਤਰ ਆਈਪੀਐਲ ਦੇ ਮੈਚ ਵੇਖ ਰਹੇ, ਉਸੇ ਵੇਲੇ ਸਾਵੇਂ ਥਾਂ ‘ਤੇ ਲੋਕੀਂ ਪਾਣੀ ਥੁੜੋਂ ਵੀ ਜ਼ਿੰਦਗੀ ਦੇ ਆਖ਼ਰੀ ਸਾਹ ਗਿਣ ਰਹੇ ਹਨ।

Share this Article
Leave a comment