ਓਟਵਾ: ਕੈਨੇਡਾ ‘ਚ ਹੈਂਡ ਗੰਨਜ਼ ਦੀ ਵਿਕਰੀ, ਖਰੀਦ ਜਾਂ ਟ੍ਰਾਂਸਫਰ ਗੈਰਕਾਨੂੰਨੀ ਹੋ ਚੁੱਕੀ ਹੈ। ਟਰੂਡੋ ਸਰਕਾਰ ਦੇ ਗੰਨ ਕੰਟਰੋਲ ਬਿੱਲ ਨੂੰ ਸੈਨੇਟ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ। ਹਾਊਸ ਆਫ਼ ਕਾਮਨਜ਼ ਵੱਲੋਂ ਬਿਲ ਸੀ-21 ‘ਤੇ ਮਈ ਮਹੀਨੇ ਦੌਰਾਨ ਮੋਹਰ ਲਾਈ ਗਈ ਅਤੇ ਹੁਣ ਸੈਨੇਟ ਵਿੱਚ ਵੋਟਿੰਗ ਦੌਰਾਨ ਬਿੱਲ ਦੇ ਹੱਕ ਵਿੱਚ 60 ਅਤੇ ਵਿਰੋਧ ਵਿਚ 24 ਵੋਟਾਂ ਪਈਆਂ। ਨਵੇਂ ਕਾਨੂੰਨ ਤਹਿਤ ਬੰਦੂਕਾਂ ਦੀ ਤਸਕਰੀ ਕਰਨ ਵਾਲਿਆ ਦੀ ਸਜ਼ਾ 10 ਸਾਲ ਤੋਂ ਵਧਾ ਕੇ 14 ਸਾਲ ਕਰ ਦਿੱਤੀ ਗਈ ਹੈ ਅਤੇ ਇਹ ਅਸਾਲਟ ਸਟਾਈਲ ਰਾਈਫਲਾਂ ‘ਤੇ ਮੁਕੰਮਲ ਪਾਬੰਦੀ ਲਾਉਂਦਾ ਹੈ।
ਇਸ ਤੋਂ ਇਲਾਵਾ ਗੈਰਕਾਨੂੰਨੀ ਤਰੀਕ ਨਾਲ ਤਿਆਰ ਕੀਤੇ ਹਥਿਆਰ ਵੀ ਪਾਬੰਦੀਸ਼ੁਦਾ ਦੇ ਘੇਰੇ ਵਿਚ ਆਉਣਗੇ, ਭਾਵੇਂ ਹਥਿਆਰ ਤਿਆਰ ਕਰਨ ਦਾ ਮਕਸਦ ਕੋਈ ਵੀ ਹੋਵੇ। ਕੰਜ਼ਰਵੇਟਿਵ ਪਾਰਟੀ ਦਾ ਦਾਅਵਾ ਹੈ ਕਿ ਹੈਂਡਗੰਨਜ਼ ‘ਤੇ ਪਾਬੰਦੀ ਨਾਲ ਅਪਰਾਧ ਘਟਾਏ ਨਹੀਂ ਜਾ ਸਕਦੇ ਪਰ ਦੂਜੇ ਪਾਸੇ ਗੋਲੀਬਾਰੀ ਦੀਆਂ ਵਾਰਦਾਤਾਂ ਦੇ ਪੀੜਤ ਪਰਵਾਰਾਂ ਨਵੇਂ ਕਾਨੂੰਨ ਦਾ ਸਵਾਗਤ ਕੀਤਾ ਗਿਆ ਹੈ। 1989 ਵਿਚ ਮੌਂਟਰੀਅਲ ਦੇ ਇੱਕ ਪੌਲੀਟੈਕਨਿਕ ‘ਚ ਗੋਲੀਬਾਰੀ ਦੌਰਾਨ ਜ਼ਖਮੀ ਹੋਈ ਨੈਟਲੀ ਪ੍ਰੋਸਟ ਦਾ ਕਹਿਣਾ ਸੀ ਕਿ ਇਸ ਕਾਨੂੰਨ ਰਾਹੀਂ ਕਈ ਜਾਨਾਂ ਬਚਾਈਆਂ ਜਾ ਸਕਣਗੀਆਂ। ਉਧਰ ਕੰਜ਼ਰਵੇਟਿਵ ਪਾਰਟੀ ਨਾਲ ਸਬੰਧਤ ਸੈਨੇਟ ਮੈਂਬਰਾਂ ਨੇ ਕਿਹਾ ਕਿ ਬਿੱਲ ਸੀ- 21 ਵਿਚ ਭਾਵੇਂ ਇਸ ਵੇਲੇ ਕੋਈ ਸੋਧ ਕਰਨੀ ਸੰਭਵ ਨਹੀਂ ਹੋ ਸਕੀ ਪਰ ਭਵਿੱਖ ਦੀ ਸਰਕਾਰ ਕਾਨੂੰਨ ਵਿਚਲੀਆਂ ਗੰਭੀਰ ਤਰੁੱਟੀਆਂ ਨੂੰ ਦੂਰ ਕਰੇਗੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।