ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੇ ਮੁੱਦੇ ‘ਤੇ ਜਸਟਿਸ ਰਣਜੀਤ ਸਿੰਘ ਨੇ ਲਿਖਿਆ ਮੁੱਖ ਮੰਤਰੀ ਨੂੰ ਪੱਤਰ

TeamGlobalPunjab
4 Min Read

-ਬਿੰਦੂ ਸਿੰਘ

ਜਸਟਿਸ ਰਣਜੀਤ ਸਿੰਘ (ਰਿਟਾਇਰ) ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਦੀ ਘੋਖ-ਪੜਤਾਲ ਕਰਕੇ ਇੱਕ ਰਿਪੋਰਟ ਤਿਆਰ ਕੀਤੀ ਸੀ, ਜਿਸ ‘ਤੇ ਬਹਿਸ ਲਈ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਬੁਲਾਇਆ ਗਿਆ ਸੀ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਮੌਤ ਦੇ ਮੁੱਦੇ ‘ਤੇ ਇੱਕ ਪੱਤਰ ਲਿਖਿਆ ਹੈ। ਜਸਟਿਸ ਰਣਜੀਤ ਸਿੰਘ ਨੇ ਆਪਣੇ ਪੱਤਰ ‘ਚ ਸਾਫ ਕਿਹਾ ਕਿ ਇਸ ਮਾਮਲੇ ‘ਚ ਅਸੀਂ (ਤੰਤਰ) ਨਿਆਂ ਦਵਾਉਣ ‘ਚ ਪੂਰੀ ਤਰ੍ਹਾਂ ਫੇਲ੍ਹ ਹੋਏ ਹਾਂ।

ਜਸਟਿਸ ਰਣਜੀਤ ਸਿੰਘ (ਰਿਟਾਇਰ) ਨੇ ਮੁੱਖ ਮੰਤਰੀ ਨੂੰ ਭੇਜੇ ਪੱਤਰ ‘ਚ ਲਿਖਿਆ ਹੈ ਕਿ ਪਿੰਡ ਬਹਿਬਲ ਕਲਾਂ (ਫਰੀਦਕੋਟ) ਦੇ ਰਹਿਣ ਵਾਲੇ ਮ੍ਰਿਤਕ ਗਵਾਹ ਸੁਰਜੀਤ ਸਿੰਘ ਦੀ ਪਤਨੀ ਨੇ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਫੋਨ ‘ਤੇ ਗੱਲਬਾਤ ਰਾਹੀਂ ਇਹ ਜਾਣਕਾਰੀ ਦਿੱਤੀ ਸੀ ਕਿ ਉਸ ਦਾ ਪਤੀ (ਸੁਰਜੀਤ ਸਿੰਘ) ਬਹਿਬਲ ਕਲਾਂ ਗੋਲੀਕਾਂਡ ਦਾ ਮੁੱਖ ਗਵਾਹ ਸੀ। ਉਸ ਨੇ ਅੱਗੇ ਦੱਸਿਆ ਕਿ ਕੁੱਝ ਵਿਅਕਤੀਆਂ ਤੇ ਏਜੰਸੀਆਂ ਵੱਲੋਂ ਉਸ ਦੇ ਪਤੀ ਨੂੰ ਬਹਿਬਲ ਕਲਾਂ ਗੋਲੀਕਾਂਡ ‘ਚ ਦਿੱਤੀ ਗਈ ਗਵਾਹੀ ਨੂੰ ਲੈ ਕੇ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਸੀ। ਪੱਤਰ ‘ਚ ਲਿਖਿਆ ਗਿਆ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਇੰਝ ਲੱਗਦਾ ਹੈ ਕਿ ਸੁਰਜੀਤ ਸਿੰਘ ਦੀ ਮੌਤ ਕੁਝ ਵਿਅਕਤੀਆਂ, ਵਿਭਾਗਾਂ ਤੇ ਪੁਲਿਸ ਵੱਲੋਂ ਲਗਾਤਾਰ ਪਾਏ ਜਾ ਰਹੇ ਮਾਨਸਿਕ ਤਣਾਅ ਦੀ ਵਜ੍ਹਾ ਕਾਰਨ ਹੋਈ ਹੈ।

ਜਸਟਿਸ ਰਣਜੀਤ ਸਿੰਘ (ਰਿਟਾਇਰ) ਨੇ ਪੱਤਰ ‘ਚ ਕਿਹਾ ਕਿ ਮ੍ਰਿਤਕ ਸੁਰਜੀਤ ਸਿੰਘ ਨੇ ਇਸ ਸਬੰਧੀ ਇੱਕ ਤੋਂ ਵੱਧ ਵਾਰ ਉਨ੍ਹਾਂ ਕੋਲ ਪਹੁੰਚ ਕੀਤੀ ਤੇ ਉਨ੍ਹਾਂ ਨੇ ਇਸ ਬਾਬਤ ਐੱਸਐੱਸਪੀ ਫਰੀਦਕੋਟ ਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਸੁਰਜੀਤ ਸਿੰਘ ਦੀ ਸ਼ਿਕਾਇਤ ਸੁਣਨ ਲਈ ਕਿਹਾ ਸੀ।

- Advertisement -

ਜਸਟਿਸ ਰਣਜੀਤ ਸਿੰਘ (ਰਿਟਾਇਰ) ਨੇ ਅੱਗੇ ਕਿਹਾ ਕਿ ਇਸ ਸਭ ਦੇ ਬਾਵਜੂਦ ਸੁਰਜੀਤ ਸਿੰਘ ਦੀ ਕਿਤੇ ਵੀ ਸੁਣਵਾਈ ਨਾ ਹੋਣ ਕਾਰਨ ਉਹ ਵਾਰ-ਵਾਰ ਉਨ੍ਹਾਂ ਕੋਲ ਗਿਆ ਤੇ ਅਖੀਰ ‘ਚ ਉਨ੍ਹਾਂ ਨੇ ਸੁਰਜੀਤ ਸਿੰਘ ਨੂੰ ਹਾਈਕੋਰਟ ‘ਚ ਆਪਣੀ ਸ਼ਿਕਾਇਤ ਨੂੰ ਲੈ ਕੇ ਪਟੀਸ਼ਨ ਦਾਇਰ ਕਰਨ ਦੀ ਸਲਾਹ ਦਿੱਤੀ ਤੇ ਅੱਗੇ ਉਨ੍ਹਾਂ ਕਿਹਾ ਕਿ ਇਸ ਲਈ ਉਨ੍ਹਾਂ ਨੇ ਸੁਰਜੀਤ ਸਿੰਘ ਨੂੰ ਕਾਨੂੰਨੀ ਸਹਾਇਤਾ ਦਾ ਪ੍ਰਬੰਧ ਵੀ ਕਰਕੇ ਦਿੱਤਾ।

ਜਸਟਿਸ ਰਣਜੀਤ ਸਿੰਘ (ਰਿਟਾਇਰ) ਨੇ ਪੱਤਰ ‘ਚ ਅੱਗੇ ਦੱਸਿਆ ਹਾਲਾਂਕਿ ਮੁੱਖ ਗਵਾਹ ਸੁਰਜੀਤ ਸਿੰਘ ਬਣਾਏ ਗਏ ਕਮੀਸ਼ਨ ਦੇ ਅੱਗੇ ਪੇਸ਼ ਹੋਣ ਤੋਂ ਗੁਰੇਜ ਕਰਦਾ ਰਿਹਾ ਤੇ ਇਹ ਤੱਥ ਕਮੀਸ਼ਨ ਵੱਲੋਂ ਕੀਤੀ ਗਈ ਕਾਰਵਾਈ ਦੇ ਰਿਕਾਰਡ ‘ਚ ਵੀ ਦਰਜ ਹਨ। ਉਨ੍ਹਾਂ ਨੇ ਕਿਹਾ ਕਿ ਕਮੀਸ਼ਨ ਨੇ ਸੁਰਜੀਤ ਸਿੰਘ ਨੂੰ ਬਿਆਨ ਦਰਜ ਕਰਵਾਉਣ ਲਈ ਮੁੱਖ ਗਵਾਹ ਦੇ ਤੌਰ ‘ਤੇ ਸੰਮਨ ਕੀਤਾ ਸੀ। ਪਰ ਕਮੀਸ਼ਨ ਸਾਹਮਣੇ ਪੇਸ਼ ਨਾ ਹੋਣ ‘ਤੇ ਉਸ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ।

ਇਸ ਪੱਤਰ ‘ਚ ਸੁਰਜੀਤ ਸਿੰਘ ਦੀ ਉਸ ਸ਼ਿਕਾਇਤ ਦਾ ਵੀ ਜ਼ਿਕਰ ਕੀਤਾ ਗਿਆ ਹੈ ਜਿਸ ‘ਚ ਉਨ੍ਹਾਂ ਦੇ ਪਿੰਡ ਦੇ ਮਨਜਿੰਦਰ ਸਿੰਘ ਨਾਮੀ ਵਿਅਕਤੀ ਤੇ ਬਿਜਲੀ ਵਿਭਾਗ ਨੇ, ਕੁਝ ਰਸੂਖਦਾਰ ਵਿਅਕਤੀਆਂ ਦੇ ਕਹਿਣ ‘ਤੇ ਉਸ ਨੂੰ ਭਾਰੀ ਜ਼ੁਰਮਾਨਾ ਲਗਾਇਆ ਸੀ। ਇਸ ਸਾਰੇ ਮਾਮਲੇ ਨੂੰ ਲੈ ਕੇ ਮ੍ਰਿਤਕ ਸੁਰਜੀਤ ਸਿੰਘ ਨੂੰ ਕਾਨੂੰਨੀ ਲੜਾਈ ਲੜਨ ਲਈ ਵਕੀਲ ਦਾ ਪ੍ਰਬੰਧ ਵੀ ਉਨ੍ਹਾਂ ਵੱਲੋਂ ਕਰਕੇ ਦਿੱਤਾ ਗਿਆ ਅਤੇ ਉਕਤ ਮਾਮਲੇ ‘ਚ ਜ਼ਰੂਰੀ ਕਾਗਜ-ਪੱਤਰ ਤੇ ਲੋੜੀਂਦੇ ਦਸਤਾਵੇਜ਼ ਇਕੱਤਰ ਕਰਨ ਦੀ ਪ੍ਰਕਿਰਿਆ ਦੌਰਾਨ ਹੀ ਸੁਰਜੀਤ ਸਿੰਘ ਦੀ ਮੌਤ ਹੋ ਗਈ, ਜਸਟਿਸ ਰਣਜੀਤ ਸਿੰਘ ਨੇ ਕਿਹਾ।
ਜਸਟਿਸ ਰਣਜੀਤ ਸਿੰਘ (ਰਿਟਾਇਰ) ਨੇ ਅੱਗੇ ਆਪਣੇ ਪੱਤਰ ‘ਚ ਸਾਫ ਕਿਹਾ ਕਿ ਉਨ੍ਹਾਂ ਨੂੰ ਐਵੇ ਲੱਗਦਾ ਕਿ ਸੁਰਜੀਤ ਸਿੰਘ ਨੂੰ ਅਸੀਂ (ਤੰਤਰ) ਨਿਆਂ ਦਵਾਉਣ ‘ਚ ਪੂਰੀ ਤਰ੍ਹਾਂ ਫੇਲ੍ਹ ਹੋਏ ਹਾਂ।

Share this Article
Leave a comment