ਪੰਜਾਬ ਭਾਜਪਾ ਬੇਵਸ! ਪੀੜ੍ਹੀ ਹੇਠ ਸੋਟਾ ਮਾਰਨ ਦੀ ਲੋੜ

TeamGlobalPunjab
4 Min Read

-ਜਗਤਾਰ ਸਿੰਘ ਸਿੱਧੂ (ਐਡੀਟਰ)

ਪੰਜਾਬ ਦੀ ਭਾਜਪਾ ਲੀਡਰਸ਼ਿਪ ਨੂੰ ਇਸ ਵੇਲੇ ਸਭ ਤੋਂ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਂ ਆਪਣੇ ਪੱਤਰਕਾਰੀ ਦੇ ਲੰਮੇ ਸਮੇਂ ਵਿਚ ਖਾੜਕੂਵਾਦ ਦੇ ਦੌਰ ਤੋਂ ਬਾਅਦ ਪਹਿਲੀ ਅਜਿਹੀ ਰਾਜਸੀ ਧਿਰ ਵੇਖੀ ਹੈ ਜਿਹੜੀ ਕਿ ਆਪਣੀ ਕੌਮੀ ਲੀਡਰਸ਼ਿਪ ਦੀਆਂ ਨੀਤੀਆਂ ਕਾਰਨ ਪੂਰੀ ਤਰ੍ਹਾਂ ਬੇਵਸ ਨਜ਼ਰ ਆ ਰਹੀ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੱਲ ਵਧ ਰਿਹਾ ਹੈ ਅਤੇ ਕੋਰੋਨਾ ਮਹਾਮਾਰੀ ਦੇ ਬਾਵਜੂਦ ਰਾਜ ਦੀਆਂ ਰਾਜਸੀ ਧਿਰਾਂ ਨੇ ਆਪਣੀਆਂ ਸਰਗਰਮੀਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਚਲਾਇਆ ਹੋਇਆ ਹੈ। ਜਦੋਂ ਦਾ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਮੁੱਦੇ ‘ਤੇ ਮੋਦੀ ਸਰਕਾਰ ਵਿਰੁੱਧ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ, ਉਸ ਵੇਲੇ ਤੋਂ ਲੈ ਕੇ ਹੀ ਪੰਜਾਬ ਭਾਜਪਾ ਦੀਆਂ ਜਨਹਿਤ ਸਰਗਰਮੀਆਂ ਠੱਪ ਪਈਆਂ ਹਨ। ਖਾਸ ਤੌਰ ‘ਤੇ ਦਿੱਲੀ ਬਾਰਡਰ ਉੱਪਰ ਕਿਸਾਨ ਸਰਗਰਮੀਆਂ ਸ਼ੁਰੂ ਹੋਣ ਬਾਅਦ ਤਾਂ ਇਹ ਵਿਰੋਧ ਹੋਰ ਵੀ ਤਿੱਖਾ ਹੋ ਗਿਆ ਹੈ। ਅੰਦੋਲਨ ਦੇ ਚਲਦਿਆਂ 500 ਤੋਂ ਉੱਪਰ ਕਿਸਾਨ ਸ਼ਹਾਦਤ ਦੇ ਚੁੱਕੇ ਹਨ। ਕੇਂਦਰ ਵੱਲੋ ਦਰਜਨ ਤੋਂ ਵਧੇਰੇ ਮੀਟਿੰਗਾਂ ਕਿਸਾਨ ਜਥੇਬੰਦੀਆਂ ਨਾਲ ਹੋਈਆਂ ਹਨ ਪਰ ਗੱਲਬਾਤ ਕਿਸੇ ਸਿਰੇ ਨਹੀਂ ਲੱਗੀ। ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਇਕ ਦਿਨ ਪਹਿਲਾਂ ਫਿਰ ਆਖ ਦਿੱਤਾ ਹੈ ਕਿ ਖੇਤੀ ਕਾਨੂੰਨ ਤਾਂ ਰੱਦ ਨਹੀਂ ਹੋਣਗੇ ਪਰ ਬਦਲਵੇਂ ਪ੍ਰਸਤਾਵ ‘ਤੇ ਸਰਕਾਰ ਗੱਲ ਕਰਨ ਲਈ ਤਿਆਰ ਹੈ। ਇਸ ਸਥਿਤੀ ਦਾ ਪੰਜਾਬ ਦੀ ਭਾਜਪਾ ਨੂੰ ਸਭ ਤੋਂ ਵਧੇਰੇ ਸਾਹਮਣਾ ਕਰਨਾ ਪੈ ਰਿਹਾ ਹੈ।

ਭਾਜਪਾ ਆਗੂਆਂ ਦੇ ਘਰਾਂ ਅਤੇ ਦਫਤਰਾਂ ਦੇ ਘਿਰਾਉ ਹੋ ਰਹੇ ਹਨ। ਕਈ ਮੀਟਿੰਗਾ ਵਿੱਚੋਂ ਛੱਡ ਕੇ ਭਾਜਪਾ ਆਗੂਆਂ ਨੂੰ ਭੱਜਣਾ ਪਿਆ। ਪੰਜਾਬ ਦੇ ਕਿਸਾਨ ਵੀ ਇਸ ਅੰਦੋਲਨ ਵਿਚ ਅਹਿਮ ਭੁਮਿਕਾ ਨਿਭਾ ਰਹੇ ਹਨ। ਪੰਜਾਬ ਦੇ ਟੀ.ਵੀ ਚੈਨਲਾਂ ਅਤੇ ਪ੍ਰਿੰਟ ਮੀਡੀਆ ਵਿਚ ਕੌਮੀ ਲੀਡਰਸ਼ਿਪ ਨੂੰ ਖੁਸ਼ ਕਰਨ ਲਈ ਪੰਜਾਬ ਦੇ ਕਈ ਭਾਜਪਾ ਆਗੂ ਕਿਸਾਨਾਂ ਦੇ ਅੰਦੋਲਨ ਬਾਰੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲਾਉਦੇ ਹਨ। ਪੰਜਾਬ ਭਾਜਪਾ ਦੇ ਕਈ ਨੇਤਾ ਅਜਿਹੇ ਹਨ ਜਿਹੜੇ ਸ਼ਾਇਦ ਖੇਤ ਵੀ ਨਾ ਗਏ ਹੋਣ ਪਰ ਚੈਨਲਾਂ ‘ਤੇ ਬੈਠ ਕੇ ਨਵੇਂ ਖੇਤੀ ਕਾਨੂੰਨਾਂ ਦੇ ਖੂਬ ਲਾਭ ਗਿਣਦੇ ਹਨ ਅਤੇ ਕਿਸਾਨ ਆਗੂਆ ਨੂੰ ਚੀਨ ਤੱਕ ਜੋੜ ਦਿੰਦੇ ਹਨ। ਕੇਂਦਰੀ ਲੀਡਰਸ਼ਿਪ ਦੀ ਇਹ ਨੀਤੀ ਹੈ ਕਿ-ਪੰਜਾਬ ਭਾਂਜਪਾ ਦੇ ਆਗੂਆਂ ਕੋਲੋਂ ਹਰ ਕਿਸਾਨ ਅੰਦੋਲਨ ਵਿਰੁੱਧ ਭੰਡੀ ਪ੍ਰਚਾਰ ਕਰਾਇਆ ਜਾਵੇ। ਇਸ ਤਰ੍ਹਾਂ ਪੰਜਾਬ ਅੰਦਰ ਇਹ ਵਿਰੋਧ ਹੋਰ ਤਿੱਖਾ ਹੋ ਰਿਹਾ ਹੈ।

ਪੰਜਾਬ ਭਾਜਪਾ ਦੇ ਕੁਝ ਆਗੂਆਂ ਨੇ ਸਥਿਤੀ ਨੂੰ ਸਮਝ ਕੇ ਕਿਸਾਨਾਂ ਦਾ ਮਸਲਾ ਹੱਲ ਕਰਨ ਉੱਤੇ ਜ਼ੋਰ ਵੀ ਦਿੱਤਾ ਹੈ। ਪੰਜਾਬ ਭਾਜਪਾ ਦੇ ਨੌਜਵਾਨ ਨੇਤਾ ਅਤੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਪ੍ਰਧਾਨ ਮਲਵਿੰਦਰ ਸਿੰਘ ਕੰਗ ਨੇ ਰੋਸ ਵੱਜੋਂ ਅਸਤੀਫਾ ਦੇ ਦਿੱਤਾ। ਕਈ ਹੋਰ ਵੀ ਭਾਜਪਾ ਆਗੂ ਵੀ ਪਾਰਟੀ ਛੱਡ ਗਏ ਹਨ। ਹੁਣ ਸਾਬਕਾ ਮੰਤਰੀ ਅਨਿਲ ਜੋਸ਼ੀ ਅਤੇ ਮਾਸਟਰ ਮੋਹਨ ਲਾਲ ਨੇ ਵੀ ਕਿਸਾਨ ਮਸਲਾ ਹੱਲ ਕਰਨ ਲਈ ਆਵਾਜ਼ ਉਠਾਈ ਹੈ।ਰਾਜਸੀ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਭਾਜਪਾ ਦੀ ਲੀਡਰਸ਼ਿਪ ਆਪਣੀ ਜਿੰਮੇਵਾਰੀ ਤੋਂ ਥਿੜਕ ਗਈ ਹੈ। ਪੰਜਾਬ ਦੀ ਭਾਜਪਾ ਲੀਡਰਸ਼ਿਪ ਦੀ ਜਾਂ ਤਾਂ ਕੇਂਦਰ ਵਿਚ ਸੁਣਦਾ ਕੋਈ ਨਹੀਂ ਜਾਂ ਫਿਰ ਹਰ ਰਾਜਸੀ ਪਾਰਟੀ ਦੀ ਤਰ੍ਹਾਂ ਅਹੁਦੇਦਾਰੀਆਂ ਅਤੇ ਨਿਯੁਕਤੀਆਂ ਦੀ ਲਾਲਸਾ ਵਿਚ ਪੰਜਾਬ ਦੇ ਆਗੂ ਕੇਂਦਰੀ ਲੀਡਰਸ਼ਿਪ ਅੱਗੇ ਕਿਸਾਨ ਦਾ ਪੱਖ ਦਲੇਰੀ ਨਾਲ ਨਹੀਂ ਰੱਖ ਸਕੇ। ਬੇਸ਼ਕ ਪੰਜਾਬ ਅੰਦਰ ਭਾਜਪਾ ਪਹਿਲਾਂ ਵੀ ਬਹੁਤੀ ਮਜ਼ਬੂਤ ਨਹੀਂ ਰਹੀ ਪਰ ਹੁਣ ਕੇਂਦਰ ਵਿਚ ਮਜ਼ਬੂਤ ਪਾਰਟੀ ਹੋਣ ਦੇ ਬਾਵਜੂਦ ਪੰਜਾਬ ਦੀ ਭਾਜਪਾ ਪਹਿਲਾਂ ਨਾਲੋਂ ਵੀ ਕਮਜ਼ੋਰ ਨਜ਼ਰ ਆ ਰਹੀ ਹੈ। ਪੰਜਾਬ ਦੀ ਭਾਜਪਾ ਸ਼ਾਇਦ ਦੇਸ਼ ਅੰਦਰ ਇਕੋ ਇਕ ਅਜਿਹੀ ਇਕਾਈ ਹੈ ਜਿਹੜੀ ਕਿ ਦੇਸ਼ ਵਿਚ ਭਾਜਪਾ ਦੇ ਛਾ ਜਾਣ ਬਾਅਦ ਵੀ ਕਮਜ਼ੋਰ ਹੋਈ ਹੈ। ਇਸ ਲਈ ਹੁਣ ਅਕਾਲੀ ਦਲ, ਕਾਂਗਰਸ ਅਤੇ ਆਪ ਵਾਲੇ ਦੋਸ਼ੀ ਨਹੀਂ ਠਹਿਰਾਏ ਜਾ ਸਕਦੇ। ਭਾਜਪਾ ਕਦੇ ਦਲਿਤ ਪੱਤਾ ਅਤੇ ਕਦੇ ਹਿੰਦੂ ਪੱਤਾ ਖੇਡਣ ਦੀ ਗੱਲ ਕਰਦੀ ਹੈ ਪਰ ਕੋਈ ਪੱਤਾ ਫੜਨ ਵਾਲਾ ਤਾਂ ਹੋਵੇ?ਕੋਈ ਵੀ ਪਾਰਟੀ ਜਾਂ ਨੇਤਾ ਆਪਣੇ ਲੋਕਾਂ ਨਾਲੋਂ ਟੁੱਟ ਕੇ ਆਪਣੀ ਸਾਖ ਨਹੀਂ ਬਚਾ ਸਕਣ। ਕਾਰਨ ਚਾਹੇ ਕੋਈ ਵੀ ਹੋਣ!

- Advertisement -

ਸੰਪਰਕ-9814002186

Share this Article
Leave a comment