‘ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭ ਕੋਇ’

TeamGlobalPunjab
5 Min Read

-ਸੁਖਵਿੰਦਰ ਸਿੰਘ;

ਗੁਰਬਾਣੀ ਨੇ ਪਾਣੀ ਨੂੰ ‘ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭ ਕੋਇ’ ਕਹਿ ਕੇ ਵਡਿਆਇਆ ਹੈ। ਇਹ ਖੇਤੀ ਲਈ ਪ੍ਰਮੁੱਖ ਕੁਦਰਤੀ ਸ੍ਰੋਤ ਹੈ ਜਦਕਿ ਮੀਂਹ ਪਾਣੀ ਦਾ ਅਹਿਮ ਸ੍ਰੋਤ ਹੈ। ਪੰਜਾਬ ਵਿੱਚ ਔਸਤਨ 1000150 ਮਿਲੀਮੀਟਰ ਪ੍ਰਤੀ ਸਾਲ ਦੀ ਦਰ ਨਾਲ ਮੀਂਹ ਪੈਂਦਾ ਹੈ ਪਰ ਇਸ ਵਿਚੋਂ ਲਗਭਗ 80 ਪ੍ਰਤੀਸ਼ਤ ਮੀਂਹ ਕੇਵਲ ਜੁਲਾਈ, ਅਗਸਤ ਤੇ ਸਤੰਬਰ ਮਹੀਨੇ ਹੀ ਪੈਂਦਾ ਹੈ।

ਝੋਨਾ-ਕਣਕ ਫਸਲੀ ਚੱਕਰ ਦੇ ਮੌਜੂਦਾ ਸਮੇਂ ਨਹਿਰੀ ਪਾਣੀ ਜਾਂ ਟਿਊਬਵੈੱਲ ਦੁਆਰਾ ਸਿੰਜੇ ਜਾਂਦੇ ਰਕਬੇ ਦਾ ਵੱਡਾ ਹਿੱਸਾ, ਘੱਟ ਬਾਰਿਸ਼ ਅਤੇ ਮੋਟੀ ਕਣੀ ਦੀ ਮਿੱਟੀ (ਹਲਕੀ) ਹੋਣ ਕਰਕੇ ਖੇਤੀ-ਪ੍ਰਸਥਿਤੀ ਵਿਗਿਆਨ ਮੁਤਾਬਿਕ ਝੋਨੇ ਦੀ ਕਾਸ਼ਤ ਦੇ ਅਨੁਕੂਲ ਨਹੀਂ।ਚਿੰਤਾ ਇਹ ਹੈ ਕਿ ਪੰਜਾਬ ਦੇ ਕੇਂਦਰੀ ਜਿਲਿਆਂ ‘ਚ ਪਾਣੀ ਦਾ ਪੱਧਰ 500 ਮਿਲੀਮੀਟਰ ਪ੍ਰਤੀ ਸਾਲ ਹੇਠਾਂ ਜਾ ਰਿਹਾ ਹੈ। ਦੂਜੇ ਪਾਸੇ ਸਿੰਜਾਈ ਦੀਆਂ ਸਹੂਲਤਾਂ ਤੋਂ ਸੱਖਣਾ ਕੰਢੀ ਇਲਾਕਾ, ਉੱਚੀ ਨੀਵੀਂ ਧਰਾਤਲ ਅਤੇ ਢਲਾਨਾਂ ਕਾਰਨ ਭੌਂ-ਖੋਰ ਦਾ ਸ਼ਿਕਾਰ ਹੈ ਜਿੱਥੇ ਬਾਰਿਸ਼ ਦਾ ਪਾਣੀ ਰੋੜ ਦੀ ਸ਼ਕਲ ਅਖਤਿਆਰ ਕਰਕੇ ਖੇਤਾਂ ਦੀ ਉਪਜਾਊ ਮਿੱਟੀ ਵੀ ਵਹਾ ਕੇ ਲੈ ਜਾਂਦਾ ਹੈ।

ਇੱਕ ਅੰਦਾਜੇ ਮੁਤਾਬਿਕ ਖੇਤਾਂ ਵਿੱਚੋਂ ਔਸਤਨ 45-225 ਟਨ ਪ੍ਰਤੀ ਹੈਕਟੇਅਰ ਉਪਜਾਊ ਮਿੱਟੀ ਹਰ ਸਾਲ ਰੁੜ ਜਾਂਦੀ ਹੈ ਜਿਸ ਸਦਕਾ ਲੱਗਭੱਗ 92.6 ਕਿਲੋਗ੍ਰਾਮ ਨਾਈਟ੍ਰੋਜਨ, 0.9 ਕਿਲੋਗ੍ਰਾਮ ਫਾਸਫੋਰਸ ਅਤੇ 9.9 ਕਿਲੋਗ੍ਰਾਮ ਪੋਟਾਸ਼ੀਅਮ ਪ੍ਰਤੀ ਹੈਕਟੇਅਰ ਤੱਤ ਵੀ ਰੁੜ੍ਹ ਜਾਂਦੇ ਹਨ, ਸਿੱਟੇ ਵਜੋਂ ਫ਼ਸਲ-ਉਤਪਾਦਨ ਘੱਟ ਜਾਂਦਾ ਹੈ। ਇਸ ਲਈ ਲਗਾਤਾਰ ਘਟ ਰਹੇ ਪਾਣੀ ਦੇ ਪੱਧਰ ਅਤੇ ਭੌਂ-ਖੋਰ ਨੂੰ ਰੋਕਣ ਦੇ ਨਾਲ-ਨਾਲ ਖੇਤੀ ਸਥਿਰਤਾ ਬਰਕਰਾਰ ਰੱਖਣ ਲਈ, ਮੀਂਹ ਦੇ ਪਾਣੀ ਦੀ ਸੰਭਾਲ ਅਤੇ ਯੋਗ ਵਰਤੋਂ ਬਹੁਤ ਲਾਜ਼ਮੀ ਹੈ।

- Advertisement -

ਮੀਂਹ ਸ਼ੁਰੂ ਹੋਣ ਤੋਂ ਪਹਿਲਾਂ ਖੇਤ ਨੂੰ ਵਾਹ ਕੇ ਖੁੱਲ੍ਹਾ ਛੱਡ ਦਿਓ ਤਾਂ ਕਿ ਜਮੀਨ ਦੀ ਪਾਣੀ ਜ਼ੀਰਨ ਅਤੇ ਪਾਣੀ ਸੰਭਾਲਨ ਦੀ ਸਮਰੱਥਾ ਵਧ ਜਾਵੇ।ਇਹ ਵੀ ਦੇਖਿਆ ਗਿਆ ਹੈ ਕਿ ਵਹਾਈ ਉਪਰੰਤ 20 ਮਿਲੀਮੀਟਰ ਦੀ ਬਾਰਿਸ਼ ਜਮੀਨ ਦੀ ਉਪਰਲੀ 15 ਸੈਂਟੀਮੀਟਰ ਤਹਿ ਤੱਕ ਪਹੁੰਚ ਜਾਂਦੀ ਹੈ ਅਤੇ ਵਾਹੀ ਜਮੀਨ ਵਿੱਚ ਅਣਵਾਹੀ ਜਮੀਨ ਦੇ ਮੁਕਾਬਲੇ ਨਮੀਂ 10.7 ਪ੍ਰਤੀਸ਼ਤ ਜਿਆਦਾ ਹੁੰਦੀ ਹੈ।

ਮੈਦਾਨੀ ਇਲਾਕਿਆਂ ਵਿੱਚ ਵਾਹੀ ਉਪਰੰਤ ਖੇਤ ‘ਚ ਲੋੜ ਮੁਤਾਬਿਕ ਕਿਆਰੇ ਪਾਓ ਤਾਂ ਜੋ ਮੀਂਹ ਦਾ ਪਾਣੀ ਕਿਆਰਿਆਂ ਵਿੱਚ ਇਕੱਠਾ ਹੋ ਸਕੇ।ਢਲਾਨਾਂ ਵਾਲੇ ਖੇਤਾਂ ਵਿੱਚ ਕਿਆਰੇ ਛੋਟੇ ਪਾਓ, ਨਹੀਂ ਤਾਂ ਮੀਂਹ ਦਾ ਪਾਣੀ ਇੱਕ ਪਾਸੇ ਇਕੱਠਾ ਹੋਣ ਕਰਕੇ ਵੱਟਾਂ ਟੁੱਟਣ ਦਾ ਖਤਰਾ ਬਣ ਜਾਂਦਾ ਹੈ।

ਝੋਨੇ ਵਾਲੇ ਖੇਤਾਂ ਵਿੱਚ ਵੱਟਾਂ ਨੂੰ ਖੁਰ ਕੇ ਟੁੱਟਣ ਤੋਂ ਬਚਾਉਣ ਲਈ ਬਾਰਿਸ਼ਾਂ ਸ਼ੁਰੂ ਹੋਣ ਤੋਂ ਪਹਿਲਾਂ ਸਤਾ੍ਹ ਉਪਰਲੀ ਚੀਕਨੀ ਮਿੱਟੀ ਨਾਲ ਚੋਪੜ ਕੇ ਮਜ਼ਬੂਤ ਕਰ ਦਿਓ।

ਸਬਮਰਸੀਬਲ ਪੰਪ ਲੱਗਣ ਕਾਰਨ, ਕਈ ਖੇਤਾਂ ਵਿੱਚ ਪੁਰਾਣੇ ਬੋਰ, ਜੋ ਕਿਸੇ ਵਰਤੋਂ ਵਿੱਚ ਨਹੀਂ ਆਉਂਦੇ, ਉਸੇ ਤਰਾਂ ਮੌਜੂਦ ਹਨ ।ਜਿਆਦਾ ਵਰਖਾ ਦੀ ਹਾਲਤ ਵਿੱਚ ਵਾਧੂ ਪਾਣੀ ਨੂੰ ਨਿਕਾਸੀ ਖਾਲਾਂ ਦੁਆਰਾ ਇੱਕ ਥਾਂ ਇਕੱਠਾ ਕਰਕੇ, ਵਿਗਿਆਨਿਕ ਵਿਧੀ ਰਾਂਹੀ ਫਿਲਟਰ ਕਰਨ ਬਾਅਦ ਇਨਾਂ੍ਹ ਬੋਰਾਂ ਰਾਂਹੀ ਧਰਤੀ ਵਿੱਚ ਰੀਚਾਰਜ ਕੀਤਾ ਜਾ ਸਕਦਾ ਹੈ ਜਿਸ ਨਾਲ ਜਮੀਨਦੋਜ਼ ਪਾਣੀ ਦੀ ਭਰਪਾਈ ਹੋ ਸਕਦੀ ਹੈ ਅਤੇ ਪਾਣੀ ਖੜ੍ਹਣ ਕਾਰਨ ਹੋਣ ਵਾਲੇ ਫਸਲਾਂ ਦੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।

ਕੰਢੀ ਇਲਾਕੇ ਵਿੱਚ ਜ਼ਿਆਦਾ ਉੱਚੀਆਂ-ਨੀਵੀਂਆਂ ਥਾਂਵਾਂ ਨੂੰ ਪੱਧਰ ਕਰਕੇ ਪਾਣੀ ਦੇ ਯੋਗ ਨਿਕਾਸ ਲਈ ਖਾਲ ਜਾਂ ਪਾਈਪਾਂ ਦਾ ਪ੍ਰਬੰਧ ਕਰ ਲਓ ਤਾਂ ਜੋ ਮੀਂਹ ਦਾ ਪਾਣੀ ਸੁਰੱਖਿਅਤ ਥਾਂ ਉੱਪਰ ਇਕੱਠਾ ਕੀਤਾ ਜਾ ਸਕੇ।ਜੇ ਖੇਤ ਦੀ ਢਲਾਨ 5 ਪ੍ਰਤੀਸ਼ਤ ਤੋਂ ਘੱਟ ਹੋਵੇ ਤਾਂ ਥੋੜੀ੍ਹ-ਥੋੜੀ੍ਹ ਵਿੱਥ ‘ਤੇ ਵੱਟਾਂ ਬਣਾਕੇ ਪਾਣੀ ਰੋਕਿਆ ਜਾ ਸਕਦਾ ਹੈ।ਜਿਆਦਾ ਲੰਬੀਆਂ ਢਲਾਨਾਂ ਦੀ ਥੜ੍ਹਾਬੰਦੀ ਕਰਕੇ, ਪੌੜੀਨੁਮਾ ਖੇਤਾਂ ਵਿੱਚ ਮੀਂਹ ਦਾ ਪਾਣੀ ਸੰਭਾਲਿਆ ਜਾ ਸਕਦਾ ਹੈ ਜਿਸ ਨਾਲ ਭੌਂ-ਖੋਰ ਵੀ ਨਹੀਂ ਹੁੰਦਾ ਤੇ ਜਮੀਨਦੋਜ਼ ਪਾਣੀ ਦੀ ਭਰਪਾਈ ਵੀ ਹੋ ਸਕੇਗੀ।

- Advertisement -

ਮੀਂਹ ਦੇ ਪਹਿਲੇ ਛਰਾਟਿਆਂ ਬਾਅਦ ਖੇਤ ਦੀ ਢਲਾਨ ਦੇ ਉਲਟ ਵਹਾਈ ਕਰਨ ਨਾਲ ਮੀਂਹ ਦਾ ਪਾਣੀ ਵਧੇਰੇ ਅਤੇ ਇਕਸਾਰ ਜ਼ੀਰਦਾ ਹੈ।

ਨਿਕਾਸੀ ਖਾਲਾਂ ਅਤੇ ਵੱਟਾਂ ਦੇ ਨਾਲ-ਨਾਲ ਸਰਕੰਡਾ,ਨੇਪੀਅਰ ਬਾਜਰਾ ਜਾਂ ਘਾਹ ਲਗਾਕੇ ਜਿੱਥੇ ਪਾਣੀ ਰੋੜ੍ਹ ਨੂੰ ਰੋਕਿਆ ਜਾ ਸਕਦਾ ਹੈ, ਉੱਥੇ ਪਸ਼ੂਆਂ ਲਈ ਚਾਰੇ ਦੀ ਲੋੜ ਵੀ ਪੂਰੀ ਹੋਵੇਗੀ ਅਤੇ ਜਮੀਂਨ ਵਿੱਚ ਜੈਵਿਕ ਮਾਦੇ ਦੀ ਮਾਤਰਾ ਵਧਣ ਕਰਕੇ ਉਪਜਾਊਣ ਵਧੇਗਾ।

ਮੀਂਹ ਦੇ ਪਾਣੀ ਤੋਂ ਇਲਾਵਾ ਨਹਿਰੀ ਪਾਣੀ ਦੇ ਭੰਡਾਰ ਲਈ ਕੱਚੇ ਜਾਂ ਪੱਕੇ ਤਲਾਬ ਵੀ ਬਣਾਏ ਜਾ ਸਕਦੇ ਹਨ। ਇਸ ਕੰਮ ਲਈ ਭੋਂ ਸੁਰੱਖਿਅਣ ਵਿਭਾਗ ਤੋਂ ਵਿੱਤੀ ਸਹਾਇਤਾ ਵੀ ਮਿਲ ਸਕਦੀ ਹੈ।

Share this Article
Leave a comment