ਚੰਡੀਗੜ੍ਹ/ਨਵੀਂ ਦਿੱਲੀ: ਸੰਘਰਸਸ਼ੀਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੇਸ਼ ਭਰ ਦੇ ਕਿਸਾਨ ਸਾਥੀਆਂ ਨੂੰ ਖ਼ੁਦਕੁਸ਼ੀਆਂ ਦਾ ਰਾਹ ਛੱਡਦਿਆਂ ਸੰਘਰਸ਼ ਦਾ ਪੱਲਾ ਫੜਨ ਦੀ ਅਪੀਲ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਅਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਚਲਦੇ ਸੰਘਰਸ਼ ਦੌਰਾਨ ਬੀਤੇ ਕੁੱਝ ਦਿਨਾਂ ‘ਚ ਹੋਈਆਂ ਖ਼ੁਦਕੁਸ਼ੀਆਂ ਸਾਡੇ ਸਭ ਲਈ ਚਿੰਤਾ ਦਾ ਵਿਸ਼ਾ ਹੈ।
ਬੁਰਜ਼ਗਿੱਲ ਅਤੇ ਜਗਮੋਹਨ ਸਿੰਘ ਨੇ ਕਿਹਾ ਕਿ ਸੰਘਰਸ਼ ਇੱਕੋ ਇੱਕ ਹੱਲ ਹੈ, ਸਾਡੇ ਸੰਘਰਸ਼ ਲੰਮੇ ਚੱਲ ਸਕਦੇ ਹਨ, ਪਰ ਅਸੀਂ ਸਰਕਾਰ ਨੂੰ ਝੁਕਣ ਲਈ ਮਜ਼ਬੂਰ ਕਰ ਦਿਆਂਗੇ। ਬੁਰਜ਼ਗਿੱਲ ਅਤੇ ਜਗਮੋਹਨ ਸਿੰਘ ਨੇ ਕਿਹਾ ਕਿ ਖ਼ੁਦਕੁਸ਼ੀ ਵਰਗਾ ਕਦਮ ਚੁੱਕਣਾ ਬੁਜ਼ਦਿਲੀ ਹੈ। ਕਿਸਾਨਾਂ ਨੇ ਆਪਣੇ ਇਸ ਅੰਦੋਲਨ ਦੌਰਾਨ ਜਿਹੜੇ ਹੌਂਸਲੇ ਦਾ ਸਬੂਤ ਦਿੱਤਾ ਹੈ ਉਸ ਹੌਂਸਲੇ ਦੀ ਚਰਚਾ ਇਸ ਵੇਲੇ ਪੂਰੀ ਦੁਨੀਆਂ ਵਿਚ ਹੈ। ਜੋ ਹਾਲਾਤ ਕਿਸਾਨਾਂ ਦੇ ਸਰਕਾਰਾਂ ਨੇ ਬਣਾਏ ਹਨ ਕਿਸਾਨ ਨੇ ਪਿੱਛਲੇ ਸਾਲਾਂ ਵਿਚ ਖੁਦ ਨੂੰ ਖੁਦਕੁਸ਼ੀਆਂ ਦੇ ਰਾਹ ਤੋਰ ਲਿਆ ਸੀ, ਜਦੋਂ ਕਿ ਹੁਣ ਕਿਸਾਨਾਂ ਨੇ ਸਰਕਾਰ ਨੂੰ ਸ਼ਾਂਤਮਈ ਅੰਦੋਲਨ ਕਰਕੇ ਮਜ਼ਬੂਰ ਕਰ ਦਿੱਤਾ ਹੈ ਕਿ ਉਹ ਕਿਸਾਨਾਂ ਦੀ ਗੱਲ ਸੁਣੇ।
ਪੰਜਾਬ ਦੇ ਕਿਸਾਨਾਂ ਨੂੰ ਇਸ ਵੇਲੇ ਸੰਘਰਸ਼ ਵਿਚ ਵੱਡੇ ਭਰਾ ਦਾ ਰੋਲ ਮਿਲਿਆ ਹੈ ਤੇ ਵੱਡਾ ਭਰਾ ਖ਼ੁਦਕੁਸ਼ੀ ਨਹੀਂ ਕਰ ਸਕਦਾ ਇਸ ਕਰਕੇ ਭੁੱਲ ਕੇ ਵੀ ਖ਼ੁਦਕੁਸ਼ੀ ਬਾਰੇ ਨਾ ਸੋਚੋ। ਆਪਾਂ ਜਿਸ ਹੌਂਸਲੇ ਨਾਲ ਇਹ ਸੰਘਰਸ਼ ਚਲਾ ਰਹੇ ਹਾਂ ਯਕੀਨੀ ਜਿੱਤ ਆਪਣੀ ਹੀ ਹੋਣੀ ਹੈ।