ਮਮਤਾ ਬੈਨਰਜੀ ਨੇ ਭਾਜਪਾ ਨੂੰ ਦਿਨੇ ਦਿਖਾਏ ਤਾਰੇ, ਜਿੱਤ ਲਈ ਮਮਤਾ ਨੂੰ ਮਿਲ ਰਹੀਆਂ ਹਨ ਵਧਾਈਆਂ

TeamGlobalPunjab
3 Min Read

 

ਸੁਖਬੀਰ ਬਾਦਲ ਨੇ ਵੀ ਮਮਤਾ ਬੈਨਰਜੀ ਨੂੰ ਦਿੱਤੀ ਵਧਾਈ

ਕੋਲਕਾਤਾ/ ਚੰਡੀਗੜ੍ਹ  : ਪੰਜ ਸੂਬਿਆਂ ਦੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ । ਭਾਜਪਾ ਲਈ ਸਭ ਤੋਂ ਵੱਧ ਝਟਕਾ ਦੇਣ ਵਾਲੇ ਨਤੀਜੇ ਪੱਛਮੀ ਬੰਗਾਲ ਤੋਂ ਸਾਹਮਣੇ ਆਏ ਹਨ, ਇੱਥੇ ਮਮਤਾ ਬੈਨਰਜੀ ਲਗਾਤਾਰ ਤੀਜੀ ਵਾਰ ਸੱਤਾ ਤੇ ਕਾਬਜ਼ ਹੋਣ ਜਾ ਰਹੀ ਹੈ। ਭਾਜਪਾ ਨੇ ਪੱਛਮੀ ਬੰਗਾਲ ਦੀਆਂ ਚੋਣਾਂ ਵਿਚ ਹਰ ਹੱਥਕੰਡਾ ਅਪਨਾਇਆ, ਪ੍ਰਧਾਨ ਮੰਤਰੀ ਤੋਂ ਲੈ ਕੇ ਗ੍ਰਹਿ ਮੰਤਰੀ ਤੱਕ ਚੋਣ ਪ੍ਰਚਾਰ ਲਈ ਪਹੁੰਚੇ , ਕੋਰੋਨਾ ਮਹਾਮਾਰੀ ਦੇ ਬਾਵਜੂਦ ਵੱਡੀ ਗਿਣਤੀ ਲੋਕਾਂ ਦਾ ਇਕੱਠ ਅਤੇ ਰੈਲੀਆਂ ਹੋਈਆਂ, ਪਰ ਅੱਜ ਦੇ ਨਤੀਜਿਆਂ ਤੋਂ ਸਾਫ਼ ਹੈ ਕਿ ਜਨਤਾ ਸਭ ਕੁੱਝ ਜਾਣਦੀ ਹੈ, ਹਰ ਵਾਰ ਉਸ ਨਾਲ ਧੱਕਾ ਅਤੇ ਧੋਖਾ ਨਹੀਂ ਕੀਤਾ ਜਾ ਸਕਦਾ ।

ਇੱਥੇ ਯਾਦ ਰੱਖਣ ਵਾਲੀ ਗੱਲ ਇਹ ਵੀ ਹੈ ਕਿ ਖੇਤੀਬਾੜੀ ਕਾਨੂੰਨਾਂ ਖਿਲਾਫ ਡਟਿਆ ਹੋਇਆ ਕਿਸਾਨ ਜਥੇਬੰਦੀਆਂ ਦਾ ‘ਸਾਂਝਾਂ ਕਿਸਾਨ ਮੋਰਚਾ’ ਵੀ ਭਾਜਪਾ ਦੇ ਖ਼ਿਲਾਫ਼ ਚੋਣ ਪ੍ਰਚਾਰ ਕਰਨ ਲਈ ਪੱਛਮੀ ਬੰਗਾਲ ਦੇ ਵੱਖ-ਵੱਖ ਹਲਕਿਆਂ ਵਿੱਚ ਗਿਆ ਸੀ।

ਫਿਲਹਾਲ ਤ੍ਰਿਣਮੂਲ ਕਾਂਗਰਸ ਦੀ ਸੁਪ੍ਰੀਮੋ ਮਮਤਾ ਬੈਨਰਜੀ ਨੂੰ ਭਾਜਪਾ ਦੇ ਵਿਰੋਧੀ ਧਿਰਾਂ ਵੱਲੋਂ ਵਧਾਈਆਂ ਦੇਣ ਦਾ ਹੜ ਆ ਚੁੱਕਾ ਹੈ। ਅਰਵਿੰਦ ਕੇਜਰੀਵਾਲ ਤੋਂ ਲੈ ਕੇ ਸ਼ਰਦ ਪਵਾਰ ਤੱਕ ਨੇ ਮਮਤਾ ਬੈਨਰਜੀ ਨੂੰ ਰਿਕਾਰਡ ਜਿੱਤ ਹਾਸਲ ਕਰਨ ਮੌਕੇ ਵਧਾਈ ਦਿੱਤੀ ਹੈ।

- Advertisement -

ਅਖਿਲੇਸ਼ ਯਾਦਵ ਨੇ ਮਮਤਾ ਬੈਨਰਜੀ ਨੂੰ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਫੈਸਲਾਕੁੰਨ ਲੀਡ ਹਾਸਲ ਕਰਨ ਤੇ ਵਧਾਈ ਦਿੱਤੀ। ਯਾਦਵ ਨੇ ਆਪਣੇ ਸੁਨੇਹੇ ਵਿੱਚ ਲਿਖਿਆ ਕਿ ਇਹ ਨਤੀਜੇ ਬੰਗਾਲ ਦੀ ਜਨਤਾ ਨੇ ਭਾਜਪਾਈਆਂ ਨੂੰ ਜਵਾਬ ਵਿੱਚ ਦਿੱਤੇ ਹਨ। ਭਾਜਪਾ ਵਾਲੇ ਮਮਤਾ ਨੂੰ ‘ਦੀਦੀ ਓ ਦੀਦੀ’ ਕਹਿ ਕੇ ਦਾ ਲਗਾਤਾਰ ਅਪਮਾਨ ਕਰਦੇ ਰਹੇ ਹਨ।

ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਵੀ ਮਮਤਾ ਬੈਨਰਜੀ ਨੂੰ ਇਕ ਵੱਖਰੇ ਅੰਦਾਜ਼ ‘ਚ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਜ਼ਮੀਨ ਹਿਲਾ ਦੇਣ ਵਾਲੀ ਜਿੱਤ ਹੈ। ਇਸਲਈ ਵਧਾਈ। ਕੀ ਮੁਕਾਬਲਾ ਕੀਤਾ ! ਪੱਛਮੀ ਬੰਗਾਲ ਦੇ ਲੋਕਾਂ ਨੂੰ ਵਧਾਈ।

ਐੱਨਸੀਪੀ ਚੀਫ ਸ਼ਰਦ ਪਵਾਰ ਨੇ ਟਵੀਟ ਕਰ ਮਮਤਾ ਬੈਨਰਜੀ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੇ ਟਵੀਟ ‘ਚ ਲਿਖਿਆ, ਤੁਹਾਨੂੰ ਸ਼ਾਨਦਾਰ ਜਿੱਤ ‘ਤੇ ਵਧਾਈ। ਆਓ ਸਾਡੇ ਲੋਕਾਂ ਦੇ ਕਲਿਆਣ ਤੇ ਸਾਮੂਹਿਕ ਰੂਪ ਤੋਂ ਮਹਾਮਾਰੀ ਨਾਲ ਨਜਿੱਠਣ ਲਈ ਆਪਣਾ ਕੰਮ ਜਾਰੀ ਰੱਖੇ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮਮਤਾ ਬੈਨਰਜੀ ਨੂੰ ਪੱਛਮੀ ਬੰਗਾਲ ਚੋਣਾਂ ਵਿੱਚ ਰਿਕਾਰਡ ਜਿੱਤ ਦਰਜ ਕਰਨ ਲਈ ਵਧਾਈ ਦਿੱਤੀ।

ਰਾਸ਼ਟਰੀ ਜਨਤਾ ਦਲ ਪਾਰਟੀ ਦੇ ਤੇਜਸਵੀ ਯਾਦਵ ਨੇ ਮਮਤਾ ਬੈਨਰਜੀ ਨੂੰ ਵੱਡੀ ਜਿੱਤ ਲਈ ਵਧਾਈ ਦਿੱਤੀ। ਉਹਨਾਂ ਆਪਣੇ ਸੁਨੇਹੇ ਵਿੱਚ ਲਿਖਿਆ “ਪੱਛਮੀ ਬੰਗਾਲ ਦੀ ਮਮਤਾਮਈ ਜਨਤਾ ਨੂੰ ਹਾਰਦਿਕ ਵਧਾਈ।”

ਪੱਛਮੀ ਬੰਗਾਲ ਸਮੇਤ ਬਾਕੀ ਸੂਬਿਆਂ ਦੇ ਚੋਣ ਨਤੀਜਿਆਂ ਬਾਰੇ ਅੰਤਿਮ ਐਲਾਨ ਚੋਣ ਕਮਿਸ਼ਨ ਵੱਲੋਂ ਕੀਤਾ ਜਾਣਾ ਬਾਕੀ ਹੈ, ਅੰਤਿਮ ਨਤੀਜਿਆਂ ਵਿੱਚ ਹਾਲੇ ਕੁਝ ਸਮਾਂ ਹੋਰ ਲੱਗ ਸਕਦਾ ਹੈ। ਫਿਲਹਾਲ ਮਮਤਾ ਬੈਨਰਜੀ ਨੂੰ ਵਧਾਈ ਦੇਣ ਵਾਲਿਆਂ ਦਾ ਹੜ੍ਹ ਆਇਆ ਹੋਇਆ ਹੈ।

ਪੱਛਮੀ ਬੰਗਾਲ ਦੇ ਨਤੀਜਿਆਂ ਦੇ ਰੁਝਾਨਾਂ ਨੇ ਉਨ੍ਹਾਂ ਮੀਡੀਆ ਚੈਨਲਾਂ ਦੀ ਭਰੋਸੇਯੋਗਤਾ ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ ਜਿਹੜੇ ਪੱਛਮੀ ਬੰਗਾਲ ਵਿੱਚ ਭਾਜਪਾ ਨੂੰ ਹਾਵੀ ਦੱਸ ਰਹੇ ਸਨ।

Share this Article
Leave a comment