ਕਾਲੇ ਕੋਟ ਤੇ ਖਾਕੀ ਵਰਦੀ ਦਾ ਕੀ ਹੈ ਮਸਲਾ

TeamGlobalPunjab
2 Min Read

ਕੌਮੀ ਰਾਜਧਾਨੀ ਦਿੱਲੀ ਵਿੱਚ ਦਿੱਲੀ ਪੁਲਿਸ ਅਤੇ ਵਕੀਲਾਂ ਵਿਚਾਲੇ ਚੱਲ ਰਿਹਾ ਟਕਰਾਅ ਸੁਲਝਦਾ ਨਜ਼ਰ ਨਹੀਂ ਆ ਰਿਹਾ ਹੈ। ਤੀਸ ਹਜ਼ਾਰੀ ਅਦਾਲਤ ਕੰਪਲੈਕਸ ਵਿੱਚ ਦੋ ਨਵੰਬਰ ਨੂੰ ਵਕੀਲਾਂ ਅਤੇ ਪੁਲੀਸ  ਵਿਚਾਲੇ ਹੋਈ ਝੜਪ ਦੇ ਰੋਸ ਕਾਰਨ ਵਕੀਲਾਂ ਦੀ ਹੜਤਾਲ ਜਾਰੀ ਹੈ। ਲਗਭਗ ਛੇ ਕਚਹਿਰੀਆਂ ਵਿੱਚ ਕੰਮ ਬੰਦ ਹੈ। ਬੁੱਧਵਾਰ ਨੂੰ ਅਦਾਲਤਾਂ ਵਿੱਚ ਆਪਣੇ ਕੇਸਾਂ ਨਾਲ ਸੰਬੰਧਤ ਆਏ ਲੋਕਾਂ ਨੂੰ ਵੀ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਸੀ। ਸੁਰੱਖਿਆ ਕਾਰਨਾਂ ਕਰਕੇ ਵਕੀਲਾਂ ਨੇ ਪਟਿਆਲਾ ਹਾਊਸ ਅਤੇ ਸਾਕੇਤ ਜ਼ਿਲ੍ਹਾ ਅਦਾਲਤਾਂ ਦੇ ਮੁੱਖ ਗੇਟਾਂ ’ਤੇ ਜਿੰਦਰੇ ਲਾ ਦਿੱਤੇ ਸਨ। ਰਿਪੋਰਟਾਂ ਮੁਤਾਬਿਕ ਹਾਲਾਤ ਇਥੋਂ ਤੱਕ ਨਾਜ਼ੁਕ ਬਣ ਗਏ ਕਿ ਰੋਸ ਪ੍ਰਦਰਸ਼ਨ ਦੌਰਾਨ ਰੋਹਿਣੀ ਜ਼ਿਲ੍ਹਾ ਅਦਾਲਤ ਵਿੱਚ ਇਕ ਵਕੀਲ ਨੇ ਕੱਪੜੇ ਲਾਹ ਕੇ ਆਪਣੇ ਉੱਪਰ ਮਿੱਟੀ ਦਾ ਤੇਲ ਪਾ ਕੇ ਅੱਗ ਲਾਉਣ ਦੀ ਧਮਕੀ ਦੇ ਦਿੱਤੀ ਸੀ ਅਤੇ ਇਕ ਵਕੀਲ ਇਮਾਰਤ ਦੀ ਛੱਤ ’ਤੇ ਚੜ੍ਹ ਗਿਆ।

ਦੂਜੇ ਪਾਸੇ ਪੁਲੀਸ ਦਾ ਕਹਿਣਾ ਹੈ ਕਿ ਦੋਵਾਂ ਘਟਨਾਵਾਂ ਸਬੰਧੀ ਪੀਸੀਆਰ ਨੂੰ ਕੋਈ ਫੋਨ ਨਹੀਂ ਆਇਆ। ਰਿਪੋਰਟਾਂ ਅਨੁਸਾਰ ਵੀਰਵਾਰ ਨੂੰ ਕੇਸਾਂ ਨਾਲ ਸੰਬੰਧਤ ਲੋਕਾਂ ਨੂੰ ਤਾਂ ਅਦਾਲਤਾਂ ਅੰਦਰ ਜਾਣ ਦੀ ਆਗਿਆ ਦੇ ਦਿੱਤੀ ਗਈ ਪਰ ਵਕੀਲ ਹੜਤਾਲ ‘ਤੇ ਹਨ।

ਉਧਰ ਦਿੱਲੀ ਬਾਰ ਐਸੋਸੀਏਸ਼ਨਾਂ ਦੀ ਕੋਆਰਡੀਨੇਸ਼ਨ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਧੀਰ ਸਿੰਘ ਕਸਾਨਾ ਦਾ ਕਹਿਣਾ ਹੈ ਕਿ ਕਚਹਿਰੀਆਂ ਅੰਦਰ ਕੋਈ ਪੁਲੀਸ ਵਾਲਾ ਨਹੀਂ ਸੀ। ਜੋ ਲੋਕਾਂ ਦੀ ਜਾਂਚ ਕਰਦਾ। ਉਨ੍ਹਾਂ ਦੀ ਸੁਰੱਖਿਆ ਅਤੇ ਜ਼ਖ਼ਮੀ ਵਕੀਲਾਂ ਦੀ ਭਲਾਈ ਲਈ ਕਿਸੇ ਨੇ ਕੋਈ ਭਰੋਸਾ ਨਹੀਂ ਦਿੱਤਾ। ਰੋਸ ਪ੍ਰਦਰਸ਼ਨ ਕਰ ਰਹੇ ਵਕੀਲ ਇਸ ਪ੍ਰਤੀ ਬਜਿਦ ਹਨ। ਹਾਈ ਕੋਰਟ ਨੇ ਦਿੱਲੀ ਪੁਲੀਸ ਨੂੰ ਯਕੀਨ ਦਿਵਾਇਆ ਕਿ ਕਾਰਵਾਈ ਤੱਥਾਂ ਅਤੇ ਸਬੂਤਾਂ ਦੇ ਅਧਾਰ ’ਤੇ ਕੀਤੀ ਜਾਵੇਗੀ। ਵਕੀਲਾਂ ਦੀ ਹੜਤਾਲ ਕਾਰਨ ਹਜ਼ਾਰਾਂ ਲੋਕ ਚੌਥੇ ਦਿਨ ਵੀ ਖੁਆਰ ਹੁੰਦੇ ਰਹੇ।

ਅਵਤਾਰ ਸਿੰਘ

- Advertisement -

-ਸੀਨੀਅਰ ਪੱਤਰਕਾਰ

Share this Article
Leave a comment