ਹੱਸਣਾ ਸਰੀਰ ਲਈ ਬਹੁਤ ਜ਼ਰੂਰੀ ਹੈ ,ਥਕਾਨ ਨੂੰ ਦੂਰ ਕਰੇ ਹਾਸਾ

Global Team
8 Min Read

ਨਿਊਜ਼ ਡੈਸਕ: ਹਰ ਵਿਅਕਤੀ ਜੀਵਨ ਵਿੱਚ ਹੱਸਣਾ ਚਾਹੁੰਦਾ ਹੈ। ਖੁਸ਼ ਰਹਿਣਾ ਚਾਹੁੰਦਾ ਹੈ। ਚਾਹੇ ਉਹ ਕੁੱਝ ਹਾਸੇ ਵਾਲੀ ਵੀਡੀਓ ਵੇਖ ਲਵੇ ਜਾਂ ਫਿਰ ਕੋਈ ਹਾਸੇ ਵਾਲਾ ਚੁਟਕਲਾ ਸੁਣ ਲਵੇ । ਤੁਸੀ ਜਾਣਦੇ ਹੋ ਕਿ ਹੱਸਣ ਨਾਲ ਖੂਨ ਵੱਧਦਾ ਹੈ। ਚੁਟਕਲਾ ਹਰ ਗੱਲਬਾਤ ’ਚ ਸ਼ਾਮਲ ਹੋ ਜਾਂਦਾ ਹੈ। ਇਹ ਹਰ ਇੱਕ ਨੂੰ ਚੰਗੇ ਵੀ ਲੱਗਦੇ ਹਨ ਪਰ ਚੁਟਕਲਾ ਸੁਣਾਉਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਹੋਰਨਾਂ ਕਲਾਵਾਂ ਵਾਂਗ ਇਹ ਵੀ ਇੱਕ ਕਲਾ ਹੈ ਅਤੇ ਕੋਈ ਵੀ ਕਲਾ ਅਸੀਂ ਜਨਮ ਤੋਂ ਨਹੀ ਲੈ ਕਿ ਆਉਂਦੇ । ਲੋਕਾਂ ਨੂੰ ਹਸਾਉਣ ਵਾਲੀ ਇਸ ਕਲਾ ਪ੍ਰਤੀ ਥੋੜ੍ਹੀ ਸੰਜੀਦਗੀ ਵਰਤਣ ਨਾਲ ਅਸੀਂ ਇਸ ਦੇ ਮਾਹਿਰ ਹੋ ਸਕਦੇ ਹਾਂ। ਹੁਣ ਤਾਂ ਇਹ ਕਲਾ ਇੱਕ ਚੰਗਾ ਖਾਸਾ ਵਪਾਰ ਬਣ ਚੁੱਕੀ ਹੈ। ਦੁਨੀਆ ਭਰ ਵਿਚ ਵੱਖ-ਵੱਖ ਟੀ.ਵੀ. ਚੈਨਲ ਕਮੇਡੀ ਸ਼ੋਅ ਪੇਸ਼ ਕਰਦੇ ਹਨ। ਭਾਰਤ ਵਿਚ ਕਪਿਲ ਸ਼ਰਮਾ ਦਾ ਸ਼ੋਅ ਆਪਣੀ ਪ੍ਰਸਿੱਧੀ ਦੇ ਸਿਖ਼ਰ ’ਤੇ ਹੈ। ਇਸ ਸ਼ੋਅ ਵਿੱਚ ਸ਼ਾਮਲ ਹੋਣ ਵਾਲੇ ਬਹੁਤ ਸਾਰੇ ਦਰਸ਼ਕ ਆਪਣੇ ਨਿੱਜੀ ਅਨੁਭਵ ਸਾਂਝੇ ਕਰਦਿਆਂ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੀ ਬਿਮਾਰੀ ਤੋਂ ਇਸ ਸ਼ੋਅ ਨੂੰ ਵੇਖਦਿਆਂ ਹੀ ਛੁਟਕਾਰਾ ਪਾਇਆ ਹੈ।
ਚੁਟਕਲੇ ਸਿਰਫ਼ ਬੱਚਿਆਂ ਦੇ ਇਕੱਠ ਵਿਚ ਹੀ ਨਹੀਂ ਸੁਣੇ ਸੁਣਾਏ ਜਾਂਦੇ। ਇਹ ਜਮਾਤ ਦੇ ਕਮਰੇ ਤਕ ਵੀ ਸੀਮਤ ਨਹੀਂ। ਵੱਡਿਆਂ ਦੇ ਇਕੱਠ ਵਿਚ ਵੀ ਚੁਟਕਲਿਆਂ ਦੇ ਫ਼ੁਹਾਰੇ ਆਮ ਹੀ ਫੁੱਟਦੇ ਵੇਖੇ ਜਾ ਸਕਦੇ ਹਨ। ਉਨ੍ਹਾਂ ਦੇ ਇਕੱਠ ਵਿਚ ਚੱਲ ਰਹੀ ਗੱਲਬਾਤ ਬਹੁਤੀ ਚੁਟਕਲਿਆਂ ਦੇ ਹੱਥਾਂ ਵਿਚ ਚਲੀ ਜਾਂਦੀ ਹੈ। ਕਦੀ ਤਾਂ ਇੰਝ ਲੱਗਣ ਲੱਗਦਾ ਹੈ ਜਿਵੇਂ ਸਾਡੇ ਕੋਲ ਕਰਨ ਲਈ ਕੋਈ ਹੋਰ ਸੰਜੀਦਾ ਗੱਲ ਬਚੀ ਹੀ ਨਾ ਹੋਵੇ। ਜ਼ਿੰਦਗੀ ਦੀ ਗੱਡੀ ਚੁਟਕਲਿਆਂ ਦੇ ਸਹਾਰੇ ਅੱਗੇ ਰਿੜ੍ਹਦੀ ਲੱਗਦੀ ਹੈ। ਮੁਲਕਾਂ ਦੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਵੀ ਆਪਸ ਵਿਚ ਕੋਈ ਚੁਟਕਲਾ ਸਾਂਝਾ ਕਰ ਲੈਂਦੇ ਹਨ। ਪਰ ਕਦੀ-ਕਦੀ ਵਿਪਰੀਤ ਵਰਤਾਰਾ ਵੀ ਵਾਪਰਦਾ ਹੈ। ਅਸੀਂ ਹਰ ਗੱਲ ’ਚੋਂ ਚੁਟਕਲਾ ਭਾਲਣ ਲੱਗ ਜਾਂਦੇ ਹਾਂ। ਇੰਝ ਸਾਡੀ ਸ਼ਖ਼ਸੀਅਤ ਹਾਸੋਹੀਣੀ ਜਿਹੀ ਬਣ ਕੇ ਰਹਿ ਜਾਂਦੀ ਹੈ। ਸਾਡੀਆਂ ਗੰਭੀਰ ਗੱਲਾਂ ਵੀ ਲੋਕ ਹਾਸੇ ਵਿਚ ਟਾਲ ਛੱਡਦੇ ਹਨ। ਇੰਝ ਸਾਡੀਆਂ ਭਾਵਨਾਵਾਂ ਦਾ ਉਸਾਰੂ ਪੱਖ ਅਣਵਿਕਸਤ ਰਹਿ ਜਾਂਦਾ ਹੈ। ਸਾਡੀ ਸ਼ਖ਼ਸੀਅਤ ਆਲੋਚਨਾਤਮਕ ਦਿ੍ਰਸ਼ਟੀ ਤੋਂ ਵਾਂਝੀ ਰਹਿ ਜਾਂਦੀ ਹੈ। ਅਸੀਂ ਨਿਖਰੀ ਤੇ ਸਾਫ਼ ਸੁਥਰੀ ਦਿੱਖ ਵਾਲੇ ਇਨਸਾਨ ਵੀ ਹੋਈਏ ਅਤੇ ਇਕੱਠਾਂ ਵਿਚ ਚੁਟਕਲਾ ਸੁਣਾ ਕੇ ਲੋਕਾਂ ਨੂੰ ਹਸਾ ਵੀ ਸਕੀਏ, ਇਸ ਲਈ ਕੁਝ ਨੁਕਤੇ ਧਿਆਨ ਵਿਚ ਰੱਖੇ ਜਾ ਸਕਦੇ ਹਨ। ਚੁਟਕਲਾ ਹਰ ਵਿਸ਼ੇ ਉਪਰ ਸੁਣਾਇਆ ਜਾ ਸਕਦਾ ਹੈ ਪਰ ਸੁਣਾਉਣ ਲਈ ਜ਼ਰੂਰੀ ਹੁੰਦਾ ਹੈ ਕਿ ਚੁਟਕਲਾ ਸਾਨੂੰ ਚੰਗੀ ਤਰ੍ਹਾਂ ਯਾਦ ਹੋਵੇ। ਬਹੁਤੇ ਚੁਟਕਲੇ ਇਸ ਕਰਕੇ ਬੇਰਸ ਹੋ ਜਾਂਦੇ ਹਨ ਕਿ ਸੁਣਾਉਣ ਵਾਲੇ ਨੂੰ ਉਹ ਚੰਗੀ ਤਰ੍ਹਾਂ ਯਾਦ ਨਹੀਂ ਹੁੰਦੇ। ਕਾਹਲ ਕੀਤਿਆਂ ਜਾਂ ਝਿਜਕ ਦਿਖਾਉਣ ਨਾਲ ਵੀ ਸਰੋਤਿਆਂ ਦੀ ਚੁਟਕਲੇ ਵਿਚ ਦਿਲਚਸਪੀ ਘੱਟਦੀ ਹੈ। ਕਈ ਵਾਰ ਇੱਕ ਸ਼ਬਦ ਦੇ ਭੁੱਲ ਜਾਣ ਨਾਲ ਪੂਰੇ ਚੁਟਕਲੇ ਦਾ ਸਵਾਦ ਮਾਰਿਆ ਜਾਂਦਾ ਹੈ ਅਤੇ ਸੁਣਨ ਵਾਲੇ ਹੈਰਾਨ ਹੁੰਦੇ ਹਨ ਕਿ ਇਹ ਕਿਹੋ ਜਿਹਾ ਚੁਟਕਲਾ ਸੀ।
ਹੱਸਣ ਹਸਾਉਣ ਦੀ ਕਲਾ -:
ਜਟਿਲ ਜੀਵਨ ਹਾਲਤਾਂ ਦੇ ਚੱਲਦਿਆਂ ਡਿਪਰੈਸ਼ਨ ਦਾ ਸ਼ਿਕਾਰ ਬਹੁਤ ਸਾਰੇ ਲੋਕਾਂ ਨੂੰ ਅਜਿਹੇ ਮਜ਼ਾਹੀਆ ਪ੍ਰੋਗਰਾਮ ਥਰੈਪੀ ਦਾ ਕੰਮ ਕਰਦੇ ਹਨ। ਕਮੇਡੀ ਹੁਣ ਕਲਾ ਵੀ ਹੈ ਤੇ ਕਿੱਤਾ ਵੀ। ਕਮੇਡੀ ਬਹੁਤ ਸਾਰੇ ਲੋਕਾਂ ਲਈ ਰੁਜ਼ਗਾਰ ਬਣਿਆ ਹੈ। ਪੰਜਾਬੀ ਹਿੰਦੀ ਦੀਆਂ ਬਹੁਤ ਸਾਰੀਆਂ ਫਿਲਮਾਂ ਕਮੇਡੀ ਦੇ ਸਿਰ ’ਤੇ ਕਾਮਯਾਬ ਹੋਈਆਂ ਹਨ। ਜਿਸ ਅਦਾਕਾਰ ਵਿੱਚ ਹੱਸਣ ਹਸਾਉਣ ਦੀ ਕਲਾ ਵੱਧ ਹੁੰਦੀ ਹੈ, ਉਹ ਫਿਲਮ ਇੰਡਸਟਰੀ ਵਿੱਚ ਵਧੇਰੇ ਕਾਮਯਾਬ ਹੁੰਦਾ ਹੈ। ਦੂਜਿਆਂ ਨੂੰ ਹਸਾਉਣਾ ਕਠਿਨ ਕਾਰਜ ਵੀ ਹੈ। ਕਈ ਵਾਰ ਕਲਾਕਾਰ ਆਪਣੇ ਪਰਿਵਾਰਕ ਜੀਵਨ ਦੀਆਂ ਚੁਣੌਤੀਆਂ ਨਾਲ ਜੂਝਦਾ ਅੰਦਰੋਂ ਆਪ ਉਦਾਸ ਹੁੰਦਾ ਹੈ। ਪਰ ਮਜਬੂਰੀ ਵੱਸ ਉਸ ਨੂੰ ਹੋਰਾਂ ਨੂੰ ਹਸਾਉਣ ਦਾ ਨਾਟਕ ਕਰਨਾ ਪੈਂਦਾ ਹੈ। ਸੋਸ਼ਲ ਮੀਡੀਆ ਉਪਰ ਵੀ ਹੱਸਣ ਹਸਾਉਣ ਵਾਲੇ ਪ੍ਰੋਗਰਾਮ ਚਲਦੇ ਰਹਿੰਦੇ ਹਨ। ਅੱਜ ਦੀ ਦੌੜ ਭੱਜ ਵਾਲੀ ਜ਼ਿੰਦਗੀ ਵਿਚ ਜਿੱਥੇ ਤਣਾਅ ਆਪਣੇ ਸਿਖਰ ’ਤੇ ਹੈ, ਚੁਟਕਲਿਆਂ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ।
ਦਿਲਚਸਪੀ ਨੂੰ ਵਧਾਉਂਦੇ ਨੇ ਚੁਟਕਲੇ -:
ਯਾਦ ਕਰਨ ਲਈ ਚੁਟਕਲਿਆਂ ਨੂੰ ਵਿਸ਼ੇ ਅਨੁਸਾਰ ਵੰਡਿਆ ਜਾ ਸਕਦਾ ਹੈ, ਜਿਵੇਂ ਅਧਿਆਪਕਾਂ ਨਾਲ ਸਬੰਧਤ ਚੁਟਕਲੇ, ਦੋਸਤਾਂ ਨਾਲ, ਪਤੀ-ਪਤਨੀ ਨਾਲ, ਯਾਤਰਾ ਨਾਲ, ਖਾਣ-ਪੀਣ ਨਾਲ, ਮਾਪਿਆਂ ਨਾਲ ਸਬੰਧਤ ਆਦਿ। ਬਹੁਤੇ ਚੁਟਕਲੇ ਪਤੀ-ਪਤਨੀ ਨਾਲ ਹੀ ਸਬੰਧਤ ਹੁੰਦੇ ਹਨ। ਉੱਤਰੀ ਅਮਰੀਕਾ ਵਿੱਚ ਵੱਸਦਾ ਇੱਕ ਬਜ਼ੁਰਗ ਤਰਲੋਕ ਸਿੰਘ ਚੁੱਘ ਮਹਿਫਲਾਂ ਵਿੱਚ ਚੁਟਕਲੇ ਸਣਾਉਣ ਕਰਕੇ ਹੀ ਜਾਣਿਆਂ ਜਾਂਦਾ ਹੈ। ਕਿਸੇ ਦੀ ਧਾਰਮਿਕ ਦਿੱਖ ਨਾਲ ਸਬੰਧਤ ਚੁਟਕਲੇ ਕੁੜਤਣ ਪੈਦਾ ਕਰਦੇ ਹਨ। ਚੁਟਕਲਿਆਂ ਨੂੰ ਯਾਦ ਰੱਖਣ ਲਈ ਆਪਣੇ ਮਨ ਵਿਚ ਚੁਟਕਲੇ ਵਿਚਲੇ ਕਿਸੇ ਪਾਤਰ ਨੂੰ ਬਿਠਾ ਲੈਣ ਨਾਲ ਅੱਗੋਂ ਕੀ? ਦੀ ਲੜੀ ਜੁੜਦੀ ਰਹਿੰਦੀ ਹੈ।
ਤੁਹਾਡੀ ਯਾਦ ਵਿਚ ਕੁੱਝ ਚੰਗੇ ਚੁਟਕਲਿਆਂ ਦਾ ਮਤਲਬ ਤੁਸੀਂ ਹਰ ਮਹਿਫਲ ਵਿਚ ਜ਼ਿੰਦਗੀ ਦੀ ਤਾਨ ਛੇੜ ਸਕਦੇ ਹੋ ਅਤੇ ਖ਼ੁਸ਼ਕ ਦਿੱਸਦੀ ਮਹਿਫਲ ਨੂੰ ਹਾਸਿਆਂ ਨਾਲ ਭਰ ਸਕਦੇ ਹੋ।ਪਰ ਕਿਸੇ ਜਾਤ,ਧਰਮ ਨੂੰ ਆਧਾਰ ਬਣਾ ਕੇ ਸੁਣਾਇਆ ਚੁਟਕਲਾ ਹਾਸੇ ਦੀ ਥਾਂ ਨਫ਼ਰਤ ਪੈਦਾ ਕਰਦਾ ਹੈ।ਮਹਿਫ਼ਲ ਵਿੱਚ ਹਾਜ਼ਰ ਕਿਸੇ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਸੁਣਾਇਆ ਚੁਟਕਲਾ ਵੀ ਮਹੌਲ ਵਿੱਚ ਕਸ਼ੀਦਗੀ ਪੈਦਾ ਕਰਦਾ ਹੈ। ਹੋਰ ਬਹੁਤ ਸਾਰੀਆਂ ਗੱਲਾਂ ਵਾਂਗ ਚੁਟਕਲਾ ਸੁਣਾਉਣ ਦਾ ਵਿਸ਼ਵਾਸ ਵੀ ਅਭਿਆਸ ਨਾਲ ਆਉਂਦਾ ਹੈ। ਸਟੇਜ ‘ਤੇ ਖਲੋ ਕੇ ਬੋਲਣ ਦਾ ਵਿਸ਼ਵਾਸ ਪੈਦਾ ਕਰਨ ਲਈ ਇੱਕ ਵਿਦਵਾਨ ਦੀ ਦਿੱਤੀ ਸਲਾਹ ਕੰਮ ਆ ਸਕਦੀ ਹੈ। ਉਸ ਦਾ ਕਹਿਣਾ ਸੀ ਕਿ ਕਿਸੇ ਸੂਰਜਮੁੱਖੀ ਦੇ ਖੇਤ ਕੋਲ ਖਲੋ੍ਹ ਕੇ ਉਚੀ ਉਚੀ ਬੋਲੋ, ਇਹ ਸੋਚਕੇ ਕਿ ਫੁੱਲ ਸਰੋਤਿਆਂ ਦੇ ਸਿਰ ਹਨ। ਜਦ ਸਰੋਤਿਆਂ ਸਾਹਮਣੇ ਬੋਲੋ ਤਾਂ ਉਨ੍ਹਾਂ ਦੇ ਸਿਰਾਂ ਨੂੰ ਸੂਰਜਮੁੱਖੀ ਦੇ ਫੁੱਲ ਸਮਝੋ। ਜਦੋਂ ਤੁਸੀਂ ਪੂਰੇ ਆਤਮ ਵਿਸ਼ਵਾਸ ਨਾਲ ਕੋਈ ਚੁਟਕਲਾ ਸੁਣਾਉਂਦੇ ਹੋ ਤਾਂ ਸਰੋਤਿਆਂ ਵਿਚੋਂ ਮੁਕੱਰਰ ਦੀਆਂ ਆਵਾਜ਼ਾਂ ਆਉਣ ਲੱਗਦੀਆਂ ਹਨ। ਪਰ ਜਿਹੜੀ ਗੱਲ ਇਕੱਠ ਵਿਚਲੇ ਕਿਸੇ ਵਿਅਕਤੀ ਦਾ ਦਿਲ ਦੁਖਾਵੇ ਉਹ ਚੁਟਕਲਾ ਨਹੀਂ ਹੋ ਸਕਦਾ। ਅਸ਼ਲੀਲ ਚੁਟਕਲੇ ਹਰ ਥਾਂ ਪ੍ਰਵਾਨ ਨਹੀਂ ਹੁੰਦੇ। ਦੂਹਰੇ ਅਰਥਾਂ ਵਾਲੇ ਸ਼ਬਦਾਂ ਦੀ ਵਰਤੋਂ ਵੀ ਵਧੀਆ ਚੁਟਕਲਾ ਨਹੀਂ ਹੁੰਦਾ। ਚੁਟਕਲਾ ਤਾਂ ਮਨੁੱਖੀ ਵਿਹਾਰ ਵਿੱਚ ਪਿਆ ਹੁੰਦਾ ਹੈ। ਕੁਝ ਲੋਕ ਬਿਨ੍ਹਾਂ ਬੋਲਿਆਂ ਹੀ ਹਾਸੇ-ਠੱਠੇ ਦਾ ਮਾਹੌਲ ਸਿਰਜ ਦਿੰਦੇ ਹਨ। ਇਹ ਹੀ ਕਲਾ ਹੁੰਦੀ ਹੈ।
ਬਹੁਤ ਸਾਰੇ ਪੜ੍ਹੇ ਸੁਣੇ ਚੁਟਕਲਿਆਂ ਵਿਚੋਂ ਕੁਝ ਚੰਗੇ ਆਪਣੇ ਮਨ-ਭਾਉਂਦੇ ਚੁਟਕਲਿਆਂ ਦੀ ਚੋਣ ਕਰਨੀ ਚਾਹੀਦੀ ਹੈ।ਕਿਸੇ ਇਕੱਠ ‘ਚ ਚੁਟਕਲਾ ਸੁਣਾਉਂਦਿਆਂ ਤਣਾਉ ‘ਚ ਰਹਿਣਾ ਜਾਂ ਕਹਾਣੀ ਖਤਮ ਕਰਨ ਦੀ ਕਾਹਲ ਕਰਨੀ ਚੁਟਕਲੇ ਦਾ ਸਤਿਆਨਾਸ ਕਰਨ ਵਾਲੀ ਗੱਲ ਹੁੰਦੀ ਹੈ। ਬਟਨ ਦਬਾਉਣ ‘ਤੇ ਜਿਵੇਂ ਟੇਪ ਰਿਕਾਰਡਰ ਬੋਲਣ ਲੱਗਦਾ ਹੈ, ਇੰਝ ਨਹੀਂ ਸ਼ੁਰੂ ਕਰਨਾ ਚਾਹੀਦਾ ਚੁਟਕਲਾ। ਸੰਖੇਪ ਭੂਮਿਕਾ ਬੰਨਣ ਤੋਂ ਬਾਅਦ ਜੇਕਰ ਮਹਿਸੂਸ ਹੋਵੇ ਕਿ ਸਰੋਤਿਆਂ ਦਾ ਧਿਆਨ ਤੁਹਾਡੇ ਵੱਲ ਹੈ, ਤਾਂ ਚੁਟਕਲਾ ਸੁਣਾੳੇਣਾ ਸ਼ੁਰੂ ਕਰਨਾ ਚਾਹੀਦਾ ਹੈ। ਸਹਿਜ ਨਾਲ, ਜਿਵੇਂ ਕੋਈ ਡੂੰਘੇ ਭੇਤ ਦੀ ਗੱਲ ਸੁਣਾ ਰਹੇ ਹੋਈਏ। ਇੰਝ ਸਰੋਤਿਆਂ ਦੀ ਇਕਾਗਰਤਾ ਬਣੀ ਰਹਿੰਦੀ ਹੈ।ਸਰੋਤਿਆਂ ਨੂੰ ਆਪਣੇ ਲੱਗਣ ਵਾਲੇ ਸਥਾਨ ਤੇ ਹਾਲਾਤ ਵਰਤਣੇ ਚਾਹੀਦੇ ਹਨ। ਇੰਝ ਸਰੋਤਿਆਂ ਨੂੰ ਬੇਗਾਨਗੀ ਦਾ ਅਹਿਸਾਸ ਨਹੀਂ ਹੁੰਦਾ। ਚੁਟਕਲੇ ਵਿਚਲੇ ਕਿਸੇ ਪਾਤਰ ਦੀ ਨਕਲ ਕੀਤਿਆਂ ਗੱਲ ਸੋਨੇ ਤੇ ਸੁਹਾਗੇ ਵਾਲੀ ਹੋ ਜਾਂਦੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share This Article
Leave a Comment