ਇਟਲੀ ਵਿੱਚ ਸਿੱਖ ਫੌਜੀਆਂ ਬਾਰੇ ਇਤਿਹਾਸਕ ਪੁਸਤਕ ਰਿਲੀਜ਼

TeamGlobalPunjab
2 Min Read

ਨਵਾਂਸ਼ਹਿਰ: ਭਾਸ਼ਾ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਵਲੋਂ ਜ਼ਿਲ੍ਹਾ ਭਾਸ਼ਾ ਦਫ਼ਤਰ ਵਿਖੇ ਇੰਗਲੈਂਡ ਵਸਦੇ ਪ੍ਰਵਾਸੀ ਪੰਜਾਬੀ ਬਲਵਿੰਦਰ ਸਿੰਘ ਚਾਹਲ ਨਾਲ਼ ਰੂ-ਬ-ਰੂ ਅਤੇ ਪੁਸਤਕ ਰਿਲੀਜ਼ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ।

ਇਸ ਮੌਕੇ ਉਨ੍ਹਾਂ ਦੁਆਰਾ ਲਿਖੀ ਪੁਸਤਕ “ਇਟਲੀ ਵਿੱਚ ਸਿੱਖ ਫੌਜੀ” (ਦੂਜਾ ਵਿਸ਼ਵ ਯੁੱਧ) ਰਿਲੀਜ਼ ਕੀਤੀ ਗਈ। ਖੋਜ ਅਫ਼ਸਰ, ਭਾਸ਼ਾ ਵਿਭਾਗ, ਅਮਰੀਕ ਸਿੰਘ ਦਿਆਲ ਨੇ ‘ਜੀ ਆਇਆਂ ਨੂੰ’ ਕਿਹਾ। ਵਿਚਾਰ-ਚਰਚਾ ਵਿੱਚ ਭਾਗ ਲੈਂਦਿਆਂ ਗੁਰਜੰਟ ਸਿੰਘ ਪਿ੍ਰੰਸੀਪਲ ਅਮਰਦੀਪ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਨੇ ਅਣਛੋਹੇ ਵਿਸ਼ੇ ’ਤੇ ਖੋਜ ਭਰਪੂਰ ਪੁਸਤਕ ਲਿਖਣ ਲਈ ਲੇਖਕ ਨੂੰ ਵਧਾਈ ਦਿੱਤੀ। ਨਾਮਵਰ ਕਹਾਣੀਕਾਰ ਅਜਮੇਰ ਸਿੱਧੂ ਨੇ ਕਿਹਾ ਕਿ ਇਹ ਪੁਸਤਕ ਇਤਿਹਾਸ ਨਾਲ ਸੰਬੰਧ ਰੱਖਣ ਦੇ ਬਾਵਜੂਦ ਸਾਹਿਤ ਦੀਆਂ ਕਈ ਵਿਧਾਵਾਂ ਦਾ ਸੁਮੇਲ ਹੈ। ਉਹਨਾਂ ਲੇਖਕ ਦੇ ਮਿਹਨਤ ਭਰਪੂਰ ਯਤਨ ਦੀ ਸ਼ਲਾਘਾ ਕੀਤੀ। ਉੱਘੇ ਬਾਲ-ਸਾਹਿਤਕਾਰ ਅਵਤਾਰ ਸਿੰਘ ਸੰਧੂ ਨੇ ਚਾਹਲ ਦੀ ਸ਼ਖਸ਼ੀਅਤ ਅਤੇ ਰਚਨਾ ਸੰਸਾਰ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਇਹ ਪੁਸਤਕ ਪੰਜਾਬੀ ਤੋਂ ਇਲਾਵਾ ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ ਛਪ ਚੁੱਕੀ ਹੈ। ਇਟਾਲੀਅਨ ਭਾਸ਼ਾ ਵਿੱਚ ਵੀ ਇਸਦਾ ਅਨੁਵਾਦ ਜਲਦ ਛਪ ਰਿਹਾ ਹੈ।

- Advertisement -

ਡਾ. ਸਤਵੀਰ ਕੌਰ ਚੰਡੀਗੜ੍ਹ ਨੇ ਕਵਿਤਾਵਾਂ ਦੀ ਪੇਸ਼ਕਾਰੀ ਰਾਹੀਂ ਸਾਂਝ ਪਾਈ। ਪ੍ਰੋ. ਅਜੀਤ ਲੰਗੇਰੀ ਮਾਹਿਲਪੁਰ ਨੇ ਸੁਰਜੀਤ ਪਾਤਰ ਦੀ ਰਚਨਾ “ਮੈਂ ਇੱਕ ਦਿਨ ਫਿਰ ਆਉਣਾ ਹੈ” ਦੀ ਬਾਖੂਬੀ ਪੇਸ਼ਕਾਰੀ ਰਾਹੀਂ ਮਾਹੌਲ ਵਿੱਚ ਨਵਾਂ ਰੰਗ ਭਰਿਆ। ਸਾਬਕਾ ਪਿ੍ਰੰਸੀਪਲ ਅਮਰਜੀਤ ਲਾਲ ਨੇ ਕਿਹਾ ਕਿ ਅਜੋਕੇ ਸਮੇਂ ਪੁਸਤਕ ਸੱਭਿਆਚਾਰ ਵਿਕਸਿਤ ਕਰਨਾ ਸਮੇਂ ਦੀ ਲੋੜ ਹੈ। ਬਲਵਿੰਦਰ ਸਿੰਘ ਚਾਹਲ ਵਲੋਂ ਹਾਜਰ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ। ਇਸ ਮੌਕੇ ਮਲਕੀਤ ਬਸਰਾ, ਕੇਵਲ ਰਾਮ, ਹਰਦੇਵ ਸਿੰਘ ਕਪੂਰਥਲਾ, ਹਰਦੀਪ ਕੁਲਾਮ, ਜਸਵੀਰ ਬੇਗਮਪੁਰੀ ਆਦਿ ਹਾਜ਼ਰ ਸਨ। ਜ਼ਿਲ੍ਹਾ ਭਾਸ਼ਾ ਅਫ਼ਸਰ ਸੁਰਿੰਦਰ ਕੌਰ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਬਲਵਿੰਦਰ ਸਿੰਘ ਚਾਹਲ ਨੂੰ ਸਨਮਾਨਿਤ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਉੱਘੇ ਗੀਤਕਾਰ ਅਮਰੀਕ ਹਮਰਾਜ ਨੇ ਬਾਖੂਬੀ ਨਿਭਾਈ।

Share this Article
Leave a comment