ਨਿਊਜ਼ ਡੈਸਕ: CBI ਨੇ ਰੇਲਵੇ ਵਿੱਚ ਨੌਕਰੀ ਦੇ ਬਦਲੇ ਜ਼ਮੀਨ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ। ਹੁਣ ਲਾਲੂ ਪਰਿਵਾਰ ‘ਚ ਉਨ੍ਹਾਂ ਦੇ ਪੁੱਤਰ-ਧੀ ਅਤੇ ਪਤਨੀ ਨੂੰ ਹੀ ਨਹੀਂ ਸਗੋਂ ਜਵਾਈ ਨੂੰ ਵੀ ਆਪਣੀ ਜਾਇਦਾਦ ਦਾ ਵੇਰਵਾ ਦੇਣਾ ਹੋਵੇਗਾ। ਸੀਬੀਆਈ ਨੇ ਲਾਲੂ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਨਾਂ ‘ਤੇ ਖਰੀਦੀਆਂ ਜਾਇਦਾਦਾਂ ਦਾ ਵੇਰਵਾ ਮੰਗਿਆ ਹੈ। ਸਾਲ 2004 ਤੋਂ 2009 ਤਕ ਉਸ ਸਮੇਂ ਦੇ ਰੇਲ ਮੰਤਰੀ ਲਾਲੂ ਪ੍ਰਸਾਦ, ਰਾਬੜੀ ਦੇਵੀ, ਉਪ ਮੁੱਖ ਮੰਤਰੀ ਤੇਜਸਵੀ ਪ੍ਰਸਾਦ, ਮੰਤਰੀ ਤੇਜ ਪ੍ਰਤਾਪ ਅਤੇ ਮੀਸਾ ਭਾਰਤੀ ਸਮੇਤ ਲਾਲੂ ਦੀਆਂ ਸਾਰੀਆਂ ਸੱਤ ਬੇਟੀਆਂ ਦੇ ਨਾਂ ‘ਤੇ ਖਰੀਦੀ, ਗਿਫ਼ਟ ਕੀਤੀ ਗਈ ਜਾਂ ਲੀਜ਼ ‘ਤੇ ਦਿੱਤੀ ਗਈ ਅਚੱਲ ਜਾਇਦਾਦ ਦੇ ਵੇਰਵੇ ਵੀ ਮੰਗੇ ਗਏ ਹਨ।
CBI ਨੇ ਜਿਨ੍ਹਾਂ ਲੋਕਾਂ ਨੂੰ ਜਾਇਦਾਦ ਦੇ ਵੇਰਵੇ ਦੇਣ ਲਈ ਕਿਹਾ ਹੈ, ਉਨ੍ਹਾਂ ਵਿੱਚ ਲਾਲੂ ਪ੍ਰਸਾਦ, ਰਾਬੜੀ ਦੇਵੀ, ਤੇਜਸਵੀ ਪ੍ਰਸਾਦ ਯਾਦਵ, ਤੇਜ ਪ੍ਰਤਾਪ ਯਾਦਵ, ਮੀਸਾ ਭਾਰਤੀ, ਰੋਹਿਣੀ ਅਚਾਰੀਆ, ਚੰਦਾ ਯਾਦਵ, ਰਾਗਿਨੀ ਯਾਦਵ, ਧਨੂ ਯਾਦਵ ਉਰਫ਼ ਅਨੁਸ਼ਕਾ ਯਾਦਵ, ਹੇਮਾ ਯਾਦਵ, ਰਾਜ, ਲਕਸ਼ਮੀ ਯਾਦਵ ਦਾ ਨਾਂ ਸ਼ਾਮਿਲ ਹਨ। ਜਾਣਕਾਰੀ ਅਨੁਸਾਰ ਸੀਬੀਆਈ ਦੇ ਐਸਪੀ, ਆਰਥਿਕ ਅਪਰਾਧ ਯੂਨਿਟ-3 ਨੇ ਰਾਜ ਦੇ ਰਜਿਸਟ੍ਰੇਸ਼ਨ ਇੰਸਪੈਕਟਰ ਜਨਰਲ (ਆਈਜੀ) ਨੂੰ ਪੱਤਰ ਭੇਜ ਕੇ ਵੇਰਵੇ ਮੁਹੱਈਆ ਕਰਵਾਉਣ ਲਈ ਕਿਹਾ ਹੈ। ਇਸ ਦੇ ਮੱਦੇਨਜ਼ਰ ਸਹਾਇਕ ਇੰਸਪੈਕਟਰ ਜਨਰਲ ਆਫ ਰਜਿਸਟ੍ਰੇਸ਼ਨ ਮਨੋਜ ਕੁਮਾਰ ਸੰਜੇ ਨੇ ਰਾਜ ਦੇ ਸਾਰੇ ਜ਼ਿਲ੍ਹਿਆਂ ਦੇ ਰਜਿਸਟਰਾਰ ਅਤੇ ਅੰਡਰ ਰਜਿਸਟਰਾਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਵਿੱਚ ਸਾਰੇ ਵੇਰਵੇ ਸਿੱਧੇ ਪੁਲਿਸ ਸੁਪਰਡੈਂਟ, ਸੀਬੀਆਈ ਨੂੰ ਭੇਜਣ ਲਈ ਕਿਹਾ ਗਿਆ ਹੈ।
ਦਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਲਾਲੂ, ਕਰੀਬੀ ਭੋਲਾ ਯਾਦਵ ਅਤੇ ਚਾਰ ਕੰਪਨੀਆਂ ਸਮੇਤ ਪਰਿਵਾਰ ਦੇ ਅੱਠ ਮੈਂਬਰਾਂ ਦੀ ਕੁੱਲ ਜਾਇਦਾਦ ਦਾ ਵੇਰਵਾ ਮੰਗਿਆ ਸੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.