ਲਖਨਊ: ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਵਲੋਂ ਪਿਛਲੇ ਸਾਲ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਤੇ ਗੱਡੀ ਚੜਾ ਦਿੱਤੀ ਗਈ ਸੀ। ਜਾਣਕਾਰੀ ਮੁਤਾਬਿਕ ਹੁਣ ਮਿਸ਼ਰਾ ਤੇਂ ਹੱਤਿਆ ਦਾ ਮੁਕੱਦਮਾ ਚਲਾਇਆ ਜਾਵੇਗਾ। ਲਖੀਮਪੁਰ ਦੀ ਇਕ ਅਦਾਲਤ ਨੇ ਅੱਜ ਉਸ ਅਤੇ ਹੋਰ ਦੋਸ਼ੀਆਂ ਵਿਰੁੱਧ ਦੋਸ਼ ਆਇਦ ਕੀਤੇ ਅਤੇ ਐਲਾਨ ਕੀਤਾ ਕਿ ਮੁਕੱਦਮੇ ਦੀ ਸੁਣਵਾਈ 16 ਦਸੰਬਰ ਤੋਂ ਸ਼ੁਰੂ ਹੋਵੇਗੀ। ਅਦਾਲਤ ਨੇ ਮਿਸ਼ਰਾ ਦੀ ਡਿਸਚਾਰਜ ਪਟੀਸ਼ਨ ਨੂੰ ਰੱਦ ਕਰਨ ਤੋਂ ਇਕ ਦਿਨ ਬਾਅਦ ਇਹ ਗੱਲ ਸਾਹਮਣੇ ਆਈ ਹੈ।
ਇਸ ਘਟਨਾ ਵਿੱਚ ਮਾਰੇ ਗਏ ਪੱਤਰਕਾਰ ਰਮਨ ਕਸ਼ਯਪ ਦੇ ਭਰਾ ਪਵਨ ਕਸ਼ਯਪ ਨੇ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ, “ਮੈਂ ਨਿਆਂਪਾਲਿਕਾ ਦਾ ਸ਼ੁਕਰਗੁਜ਼ਾਰ ਹਾਂ। ਮੈਂ ਸੁਪਰੀਮ ਕੋਰਟ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਦੇਰੀ ਹੋਈ ਹੈ, ਪਰ ਦੋਸ਼ ਆਇਦ ਹੋਏ ਹਨ। ਮੈਨੂੰ ਨਿਆਂ ਪ੍ਰਣਾਲੀ ‘ਤੇ ਪੂਰਾ ਭਰੋਸਾ ਹੈ।”
ਇਸ ਘਟਨਾ ‘ਚ ਮਾਰੇ ਗਏ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਮੁਹੰਮਦ ਅਮਾਨ ਨੇ ਕਿਹਾ, ‘ਮੁਕੱਦਮੇ ਦੀ ਸੁਣਵਾਈ ‘ਚ ਦੇਰੀ ਹੋਈ ਹੈ, ਦੋਸ਼ ਤੈਅ ਕਰਨ ‘ਚ 9 ਮਹੀਨੇ ਲੱਗ ਗਏ ਹਨ ਅਤੇ ਉਹ ਵੀ ਸੁਪਰੀਮ ਕੋਰਟ ਵੱਲੋਂ।
ਪੁਲਸ ਦੀ ਚਾਰਜਸ਼ੀਟ ‘ਚ ਮਿਸ਼ਰਾ ‘ਤੇ ਹੱਤਿਆ ਦਾ ਦੋਸ਼ ਲਗਾਇਆ ਗਿਆ ਹੈ। ਦੋਸ਼ ਹੈ ਕਿ ਉਹ 3 ਅਕਤੂਬਰ ਨੂੰ ਲਖੀਮਪੁਰ ਖੇੜੀ ਵਿੱਚ ਇੱਕ ਰੋਸ ਮਾਰਚ ਦੌਰਾਨ ਇੱਕ ਐਸਯੂਵੀ ਵਿੱਚ ਸਵਾਰ ਸੀ ਜਿਸ ਨੇ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਨੂੰ ਟੱਕਰ ਮਾਰ ਦਿੱਤੀ ਸੀ। ਘਟਨਾ ਦੇ ਹੈਰਾਨ ਕਰਨ ਵਾਲੇ ਦ੍ਰਿਸ਼ ਦਿਖਾਉਂਦੇ ਹਨ ਕਿ ਕਾਰ ਤੇਜ਼ ਰਫ਼ਤਾਰ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਟੱਕਰ ਮਾਰ ਰਹੀ ਸੀ। ਗੁੱਸੇ ‘ਚ ਆਏ ਕਿਸਾਨਾਂ ਨੇ SUV ਦਾ ਪਿੱਛਾ ਕੀਤਾ ਅਤੇ ਡਰਾਈਵਰ ਅਤੇ ਦੋ ਭਾਜਪਾ ਵਰਕਰਾਂ ਦੀ ਕਥਿਤ ਤੌਰ ‘ਤੇ ਕੁੱਟਮਾਰ ਕੀਤੀ।