ਖੇਤੀ ਸਿੱਖਿਆ ਅਤੇ ਇਸ ਵਿੱਚ ਰੁਜ਼ਗਾਰ ਦੇ ਮੌਕੇ

TeamGlobalPunjab
14 Min Read

ਵਿੱਤੀ ਸਾਲ 2020-21 ਵਿੱਚ ਖੇਤੀਬਾੜੀ ਖੇਤਰ ਲਈ ਕੇਂਦਰੀ ਬਜਟ ਵੰਡ ਵਧੇਰੇ ਹੋਣ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸ ਪ੍ਰਗਟ ਕੀਤੀ ਕਿ ਦੇਸ਼ ਨੂੰ ਪੰਜ ਟ੍ਰਿਲੀਅਨ ਡਾਲਰ ਦੀ ਅਰਥ ਵਿਵਸਥਾ ਦੇ ਟੀਚੇ ਤੇ ਪਹੁੰਚਾਉਣ ਲਈ ਖੇਤੀਬਾੜੀ ਖੇਤਰ ਮੁੱਖ ਭੂਮਿਕਾ ਨਿਭਾਏਗਾ। ਮੌਜੂਦਾ ਸਮੇਂ ਭਾਵੇਂ ਖੇਤੀ ਮੰਡੀਆਂ ਦਾ ਉਦਾਰੀਕਰਨ ਹੋ ਚੁੱਕਾ ਹੈ, ਫ਼ਸਲੀ ਚੱਕਰਾਂ ਵਿੱਚ ਲਗਾਤਾਰਤਾ ਚਲ ਰਹੀ ਹੈ ਅਤੇ ਨਿੱਤ ਨਵੀਆਂ ਤਕਨੀਕਾਂ ਵਿਕਸਿਤ ਹੋ ਰਹੀਆਂ ਹਨ ਪਰ ਖੇਤੀਬਾੜੀ ਵਿੱਚ ਭਵਿੱਖ ਬਨਾਉਣ ਲਈ ਨੌਜਵਾਨ ਪੀੜੀ ਨੂੰ ਉਤਸ਼ਾਹਿਤ ਕਰਨਾ ਜ਼ਿਆਦਾ ਜ਼ਰੂਰੀ ਹੋ ਗਿਆ ਹੈ।

ਖੇਤੀਬਾੜੀ ਦੇ ਖੇਤਰ ਵਿੱਚ ਕੰਮ ਕਰਦਿਆਂ ਜਿੱਥੇ ਸਾਨੂੰ ਸੰਸਾਰ ਵਿੱਚ ਨਿਤਪ੍ਰਤੀ ਵਧ ਰਹੀ ਆਬਾਦੀ ਅਤੇ ਭੋਜਨ ਅਤੇ ਪੋਸ਼ਣ ਸੁਰੱਖਿਆ ਜਿਹੇ ਮੁੱਦਿਆਂ ਨੂੰ ਨਜਿੱਠਣ ਦਾ ਮੌਕਾ ਮਿਲਦਾ ਹੈ ਉਥੇ ਅਸੀਂ ਕੁਦਰਤ ਅਤੇ ਤਕਨਾਲੋਜੀ ਨਾਲ ਇੱਕੋ ਵੇਲੇ ਸਹਿਕਾਰਜ ਕਰਨ ਦੇ ਵੀ ਯੋਗ ਹੋ ਜਾਂਦੇ ਹਾਂ। ਤੁਹਾਡਾ ਮਨਭਾਉਂਦਾ ਵਿਸ਼ਾ ਭੂਮੀ, ਪਾਣੀ ਅਤੇ ਫ਼ਸਲਾਂ ਆਦਿ ਹੋਵੇ ਜਾਂ ਤੁਸੀਂ ਰਸਾਇਣ ਵਿਗਿਆਨ ਅਤੇ ਮਾਈਕ੍ਰੋਬਾਇਓਲੋਜੀ ਆਦਿ ਵਿਗਿਆਨਕ ਵਿਸ਼ਿਆਂ ਵਿੱਚ ਰੁਚੀ ਰੱਖਦੇ ਹੋਵੋ ਜਾਂ ਖੇਤੀਬਾੜੀ ਦੇ ਵਪਾਰਕ ਪੱਖਾਂ ਅਤੇ ਖੇਤੀ ਤਕਨੀਕਾਂ ਸੰਬੰਧੀ ਤੁਸੀਂ ਕਿਸਾਨਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਹੋਵੋ ਤਾਂ ਵਿਸ਼ਵ ਪ੍ਰਸਿੱਧ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਆਪਣੇ ਬੇਹੱਦ ਵਿਸ਼ੇਸ਼ ਸੁਹਜਮਈ ਬੁਨਿਆਦੀ ਢਾਂਚੇ, ਅਨੁਭਵੀ ਸਿਖਲਾਈ ਯੂਨਿਟਾਂ, ਤਜਰਬਾਕਾਰ ਫੈਕਲਟੀ ਮੈਂਬਰਾਂ ਅਤੇ ਅਤਿ-ਆਧੁਨਿਕ ਖੋਜ ਅਤੇ ਪਸਾਰ ਸਹੂਲਤਾਂ ਨਾਲ ਆਪਣੇ ਪੰਜ ਸੰਬੰਧਤ ਕਾਲਜਾਂ ਵਿੱਚ ਵੱਖੋ ਵੱਖ ਅਕਾਦਮਿਕ ਕੋਰਸਾਂ ਵਿੱਚ ਦਾਖਲੇ ਮੁਹੱਈਆ ਕਰਦੀ ਹੈ। ਯੂਨੀਵਰਸਿਟੀ ਦੇ ਵੱਖੋ-ਵੱਖ ਕਾਲਜਾਂ ਅਤੇ ਇਨ੍ਹਾਂ ਵੱਲੋਂ ਮੁਹੱਈਆ ਕੀਤੇ ਜਾਂਦੇ ਅਕਾਦਮਿਕ ਪ੍ਰੋਗਰਾਮਾਂ ਦਾ ਵੇਰਵਾ ਇਸ ਪ੍ਰਕਾਰ ਹੈ :

ਖੇਤੀਬਾੜੀ ਕਾਲਜ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਦਾ ਪਿਛੋਕੜ ਲਾਇਲਪੁਰ (ਫੈਸਲਾਬਾਦ, ਪਾਕਿਸਤਾਨ) ਵਿਖੇ ਸਾਲ 1906 ਵਿੱਚ ਸਥਾਪਿਤ ਪੰਜਾਬ ਐਗਰੀਕਲਚਰਲ ਕਾਲਜ ਅਤੇ ਰਿਸਰਚ ਇੰਸਟੀਚਿਊਟ ਨਾਲ ਜੁੜਿਆ ਹੋਇਆ ਹੈ। ਦੇਸ਼ ਵੰਡ ਉਪਰੰਤ ਨਵੰਬਰ 1947 ਵਿੱਚ ਰਫਿਊਜੀ (ਸ਼ਰਨਾਰਥੀ) ਕਾਲਜ, ਖਾਲਸਾ ਕਾਲਜ, ਅੰਮ੍ਰਿਤਸਰ ਦੀ ਇਮਾਰਤ ਵਿੱਚ ਸਰਕਾਰੀ ਖੇਤੀਬਾੜੀ ਕਾਲਜ ਵਜੋਂ ਸਥਾਪਿਤ ਹੋ ਗਿਆ। ਸਤੰਬਰ 1949 ਵਿੱਚ ਇਹ ਕਾਲਜ, ਮਾਲਵਾ ਖਾਲਸਾ ਹਾਈ ਸਕੂਲ, ਲੁਧਿਆਣਾ ਵਿਖੇ ਕਿਰਾਏ ਦੀ ਇਮਾਰਤ ਵਿੱਚ ਤਬਦੀਲ ਹੋ ਗਿਆ। ਕਾਲਜ ਦੀ ਮੌਜੂਦਾ ਇਮਾਰਤ ਦਾ ਨੀਂਹ ਪੱਥਰ 23 ਸਤੰਬਰ 1955 ਵਿੱਚ ਰੱਖਿਆ ਗਿਆ ਅਤੇ ਸਾਲ 1958 ਵਿੱਚ ਇਹ ਕਾਰਜਸ਼ੀਲ ਹੋ ਗਿਆ।

ਇਸ ਕਾਲਜ ਦੇ ਅੱਠ ਵਿਭਾਗ ਜਿਵੇਂ ਕਿ ਐਗਰੋਨੋਮੀ, ਜਲਵਾਯੂ ਪਰਿਵਰਤਨ ਅਤੇ ਖੇਤੀ ਮੌਸਮ ਵਿਗਿਆਨ ਅਤੇ ਤਕਨਾਲੋਜੀ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ, ਪੌਦਾ ਰੋਗ ਵਿਗਿਆਨ ਅਤੇ ਭੂਮੀ ਵਿਗਿਆਨ ਅਤੇ ਦੋ ਸਕੂਲ; ਖੇਤੀ ਬਾਇਓਤਕਨਾਲੋਜੀ ਸਕੂਲ ਅਤੇ ਸਕੂਲ ਆਫ਼ ਆਰਗੇਨਿਕ ਫਾਰਮਿੰਗ (ਜੈਵਿਕ ਖੇਤੀ) ਹਨ, ਜਿਨ੍ਹਾਂ ਵਿੱਚ ਅੰਤਰ ਅਨੁਸਾਸ਼ਨੀ ਖੋਜ ਅਤੇ ਖੇਤੀ ਖੋਜ ਦੇ ਉਭਰ ਰਹੇ ਖੇਤਰਾਂ ਵਿੱਚ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਹੈ ।
ਅਕਾਦਮਿਕ ਪ੍ਰੋਗਰਾਮ : ਕਾਲਜ ਵੱਲੋਂ ਅੰਡਰ ਗਰੈਜੂਏਟ, ਪੋਸਟ ਗਰੈਜੂਏਟ, ਪੀ ਐਚ ਡੀ ਅਤੇ ਡਿਪਲੋਮਾ ਪ੍ਰੋਗਰਾਮ ਚਲਾਏ ਜਾਂਦੇ ਹਨ। ਵਿਗਿਆਨ/ਖੇਤੀਬਾੜੀ ਵਿੱਚ 10+2 ਕਰਨ ਵਾਲੇ ਵਿਦਿਆਰਥੀਆਂ ਨੂੰ ਕਾਲਜ ਵੱਲੋਂ 4 ਸਾਲ ਦੇ ਅੰਡਰਗਰੈਜੂਏਟ ਪ੍ਰੋਗਰਾਮਾਂ; ਬੀ ਐਸ ਸੀ (ਆਨਰਜ਼) ਐਗਰੀਕਲਚਰ, ਬੀ ਟੈਕ ਬਾਇਓਤਕਨਾਲੋਜੀ ਅਤੇ ਬੀ ਟੈਕ ਫੂਡ ਤਕਨਾਲੋਜੀ ਵਿੱਚ ਦਾਖਲਾ ਦਿੱਤਾ ਜਾਂਦਾ ਹੈ। ਇਨ੍ਹਾਂ ਪ੍ਰੋਗਰਾਮਾਂ ਵਿੱਚ ਦਾਖਲਾ ਪੀ.ਏ.ਯੂ. ਵੱਲੋਂ ਲਈ ਜਾਂਦੀ ਸਾਂਝੀ ਪ੍ਰਵੇਸ਼ ਪ੍ਰੀਖਿਆ (ਸੀ ਈ ਟੀ) ਰਾਹੀਂ ਕੀਤਾ ਜਾਦਾ ਹੈ।

- Advertisement -

ਕਾਲਜ ਵੱਲੋਂ ਗੁਰਦਾਸਪੁਰ ਅਤੇ ਬਠਿੰਡਾ ਵਿਖੇ ਸਥਿਤ ਇੰਸਟੀਚਿਊਟਸ ਆਫ਼ ਐਗਰੀਕਲਚਰ ਰਾਹੀਂ ਬੀ ਐਸ ਸੀ (ਆਨਰਜ਼) ਐਗਰੀਕਲਚਰ 2+4 ਸਾਲ ਦਾ ਕੋਰਸ ਵੀ ਕਰਵਾਇਆ ਜਾਂਦਾ ਹੈ,ਜਿਸ ਵਿੱਚ ਦਾਖਲਾ ਦਸਵੀਂ ਉਪਰੰਤ ਮਿਲਦਾ ਹੈ । ਇਸ ਪ੍ਰੋਗਰਾਮ ਵਿੱਚ ਦਾਖਲਾ ਪੀ.ਏ.ਯੂ. ਵੱਲੋਂ ਕਰਵਾਏ ਜਾਂਦੇ ਐਗਰੀਕਲਚਰ ਐਪਟੀਚਿਊਟ ਟੈਸਟ (ਏ ਏ ਟੀ) ਰਾਹੀਂ ਮਿਲਦਾ ਹੈ । ਪੀ.ਏ.ਯੂ. ਲੁਧਿਆਣਾ ਕੈਂਪਸ ਅਤੇ ਖੇਤਰੀ ਖੋਜ ਸਟੇਸ਼ਨ ਬੱਲੋਵਾਲ ਸੌਂਖੜੀ ਅਤੇ ਫਰੀਦਕੋਟ ਵਿਖੇ ਡਿਪਲੋਮਾ ਇਨ ਐਗਰੀਕਲਚਰ (ਖੇਤੀਬਾੜੀ ਵਿੱਚ ਡਿਪਲੋਮਾ)-2 ਸਾਲ ਅਤੇ ਪੀ.ਏ.ਯੂ. ਲੁਧਿਆਣਾ ਕੈਂਪਸ ਵਿਖੇ ਹਾਈਬ੍ਰਿਡ ਬੀਜ ਉਤਪਾਦਨ ਤਕਨਾਲੋਜੀ ਦਾ ਇੱਕ ਸਾਲ ਦਾ ਡਿਪਲੋਮਾ ਵੀ ਕਰਵਾਇਆ ਜਾਂਦਾ ਹੈ। ਇਨ੍ਹਾਂ ਡਿਪਲੋਮਾ ਪ੍ਰੋਗਰਾਮਾਂ ਵਿੱਚ ਦਾਖਲਾ ਦਸਵੀਂ ਉਪਰੰਤ ਮੈਰਿਟ ਦੇ ਅਧਾਰ ਤੇ ਕੀਤਾ ਜਾਂਦਾ ਹੈ।

ਐਮ ਐਸ ਸੀ ਪ੍ਰੋਗਰਾਮਾਂ ਵਿੱਚ ਦਾਖਲੇ ਭਾਰਤੀ ਖੇਤੀ ਖੋਜ ਪ੍ਰੀਸ਼ਦ, ਨਵੀਂ ਦਿੱਲੀ ਵੱਲੋਂ ਕਰਵਾਈ ਜਾਂਦੀ ਜੂਨੀਅਰ ਰਿਸਰਚ ਫੈਲੋਸ਼ਿਪ (ਜੇ ਆਰ ਐਫ) ਪ੍ਰੀਖਿਆ ਦੇ ਅਧਾਰ ਤੇ ਕੀਤੇ ਜਾਂਦੇ ਹਨ । ਇਸੇ ਤਰ੍ਹਾਂ ਪੀ ਐਚ ਡੀ ਪ੍ਰੋਗਰਾਮਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਪੀ.ਏ.ਯੂ. ਵੱਲੋਂ ਕਰਵਾਈ ਜਾਂਦੀ ਪ੍ਰਵੇਸ਼ ਪ੍ਰੀਖਿਆ ਉਪਰੰਤ ਇੰਟਰਵਿਊ ਅਤੇ ਮਾਸਟਰ ਪ੍ਰੋਗਰਾਮ ਵਿੱਚ ਕੀਤੀ ਖੋਜ ਦੇ ਅਧਾਰ ਤੇ ਸੀਟ ਮਿਲਦੀ ਹੈ।

ਰੁਜ਼ਗਾਰ ਦੇ ਮੌਕੇ: ਇਨ੍ਹਾਂ ਪ੍ਰੋਗਰਾਮਾਂ ਵਿੱਚ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਬੈਂਕਿੰਗ ਖੇਤਰ, ਬੀਜ ਉਤਪਾਦਨ ਕੰਪਨੀਆਂ, ਐਗਰੋ ਕੈਮੀਕਲ ਉਦਯੋਗਾਂ, ਭੋਜਨ ਪ੍ਰੋਸੈਸਿੰਗ ਉਦਯੋਗ, ਬਾਇਓਤਕਨਾਲੋਜੀਕਲ ਲੈਬਾਰਟਰੀਆਂ ਆਦਿ ਤੋਂ ਇਲਾਵਾ ਰਾਜ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਭੂਮੀ ਅਤੇ ਪਾਣੀ ਦੇ ਰੱਖ-ਰਖਾਅ ਦੇ ਵਿਭਾਗਾਂ ਵਿੱਚ ਐਗਰੀਕਲਚਰਲ ਡਿਵੈਲਪਮੈਂਟ ਅਫਸਰ (ਏ ਡੀ ਓ) ਅਤੇ ਸੋਇਲ ਕੰਜ਼ਰਵੇਸ਼ਨ (ਭੂਮੀ ਰੱਖ-ਰਖਾਅ) ਅਫ਼ਸਰ ਵਜੋਂ ਰੁਜ਼ਗਾਰ ਹਾਸਲ ਹੋ ਜਾਂਦਾ ਹੈ। ਖੇਤੀ ਵਣਜ ਨਾਲ ਸੰਬੰਧਤ ਉਦਮ ਸਥਾਪਿਤ ਕਰਕੇ ਤੁਸੀਂ ਰੁਜ਼ਗਾਰ ਦੇ ਵਸੀਲੇ ਵੀ ਮੁਹੱਈਆ ਕਰ ਸਕਦੇ ਹੋ। ਅਕਾਦਮਿਕਤਾ ਅਤੇ ਖੋਜ ਵਿੱਚ ਵਿਸ਼ੇਸ਼ ਰੁਚੀ ਰੱਖਣ ਵਾਲੇ ਵਿਦਿਆਰਥੀ ਉਚੇਰੀ ਸਿੱਖਿਆ ਹਾਸਲ ਕਰਨ ਲਈ ਦੇਸ਼ਾਂ-ਵਿਦੇਸ਼ਾਂ ਵਿੱਚ ਵੀ ਜਾ ਸਕਦੇ ਹਨ।

ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ : ਪੀ.ਏ.ਯੂ. ਦੇ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਦੀ ਸਥਾਪਨਾ ਅਕਤੂਬਰ 1965 ਵਿੱਚ ਹੋਈ। ਇਸ ਕਾਲਜ ਦੇ ਅੱਠ ਵਿਭਾਗ; ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸੱਭਿਆਚਾਰ; ਬਾਇਓਕਮਿਸਟਰੀ; ਬਾਟਨੀ; ਕਮਿਸਟਰੀ; ਅਰਥ ਸਾਸ਼ਤਰ ਅਤੇ ਸਮਾਜ ਵਿਗਿਆਨ; ਮੈਥੇਮੈਟਿਕਸ, ਸਟੈਟਿਸਟਿਕਸ ਅਤੇ ਫਿਜ਼ਿਕਸ; ਮਾਈਕ੍ਰੋਬਾਇਓਲੋਜੀ; ਜ਼ੁਆਲੋਜੀ ਅਤੇ ਬਿਜ਼ਨੈਸ ਸਟੱਡੀਜ਼ ਸਕੂਲ ਹੈ, ਜਿਨ੍ਹਾਂ ਵਿੱਚ ਵੱਖੋ-ਵੱਖ ਅਕਾਦਮਿਕ ਪ੍ਰੋਗਰਾਮ ਚਲਾਏ ਜਾਂਦੇ ਹਨ।

ਅਕਾਦਮਿਕ ਪ੍ਰੋਗਰਾਮ : ਕਾਲਜ ਵੱਲੋਂ ਬਾਇਓ ਕਮਿਸਟਰੀ, ਬਾਟਨੀ, ਕਮਿਸਟਰੀ, ਮਾਈਕ੍ਰੋਬਾਇਓਲੋਜੀ ਅਤੇ ਜ਼ੁਆਲੋਜੀ ਵਿਸ਼ਿਆਂ ਵਿੱਚ 5 ਸਾਲ ਦੇ ਇੰਟੈਗ੍ਰੇਟਿਡ ਐਮ ਐਸ ਸੀ (ਆਨਰਜ਼) ਪ੍ਰੋਗਰਾਮ ਚਲਾਏ ਜਾਂਦੇ ਹਨ । ਇਸ ਪ੍ਰੋਗਰਾਮ ਵਿੱਚ ਦਾਖਲਾ ਲੈਣ ਲਈ ਯੋਗਤਾ ਫਜ਼ਿਕਸ, ਕਮਿਸਟਰੀ ਅਤੇ ਮੈਥੇਮੈਟਿਕਸ/ਬਾਇਓਲੋਜੀ/ਐਗਰੀਕਲਚਰ ਵਿਸ਼ਿਆਂ ਨਾਲ 10+2 ਅਤੇ ਕੁੱਲ ਜੋੜ ਵਿੱਚੋਂ ਘੱਟੋ-ਘੱਟ 50% ਅੰਕ ਹਾਸਲ ਕੀਤੇ ਹੋਣੇ ਲਾਜ਼ਮੀ ਹਨ। ਕਾਲਜ ਵੱਲੋਂ ਦੋ ਸਰਟੀਫਿਕੇਟ ਕੋਰਸ (ਫਰੈਂਚ ਭਾਸ਼ਾ ਵਿੱਚ ਇੱਕ ਸਾਲ ਦਾ ਅਤੇ ਇੰਟ੍ਰੈਕਟਿਵ ਸਕਿੱਲਜ਼ ਐਂਡ ਪ੍ਰਸਨੈਲਟੀ ਇਨਹਾਂਸਮੈਂਟ ਵਿੱਚ 6 ਮਹੀਨਿਆਂ ਦੇ ਵੀ ਕਰਵਾਏ ਜਾਂਦੇ ਹਨ । ਜਿਨ੍ਹਾਂ ਵਿੱਚ ਦਾਖਲਾ ਲੈਣ ਲਈ ਗਰੈਜੂਏਸ਼ਨ ਪਾਸ ਹੋਣੀ ਲਾਜ਼ਮੀ ਹੈ। ਇਸੇ ਤਰ੍ਹਾਂ ਕਾਲਜ ਵੱਲੋਂ ਬਾਇਓਕਮਿਸਟਰੀ, ਬਾਟਨੀ, ਕਮਿਸਟਰੀ, ਮਾਈਕ੍ਰੋਬਾਇਓਲੋਜੀ, ਫਿਜ਼ਿਕਸ, ਸਟੈਟਿਸਟਿਕਸ, ਜੁਆਲੋਜੀ, ਖੇਤੀ ਅਰਥਸ਼ਾਸਤਰ, ਸਮਾਜ ਵਿਗਿਆਨ ਵਿੱਚ ਐਮ ਐਸ ਸੀ ਪ੍ਰੋਗਰਾਮਾਂ ਤੋਂ ਇਲਾਵਾ ਐਮ ਬੀ ਏ, ਐਮ ਬੀ ਏ (ਐਗਰੀ ਬਿਜ਼ਨੈਸ) ਅਤੇ ਪੱਤਰਕਾਰੀ ਅਤੇ ਜਨ-ਸੰਚਾਰ ਵਿੱਚ ਮਾਸਟਰ’ਜ਼ ਅਤੇ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਦੇ ਵੱਖੋ-ਵੱਖ ਵਿਸ਼ਿਆਂ ਵਿੱਚ ਪੀ ਐਚ ਡੀ ਪ੍ਰੋਗਰਾਮ ਕਰਵਾਏ ਜਾਂਦੇ ਹਨ। ਮਾਸਟਰ’ਜ਼ ਪ੍ਰੋਗਰਾਮਾਂ ਵਿੱਚ ਦਾਖਲਾ ਲੈਣ ਲਈ ਘੱਟੋ ਘੱਟ ਯੋਗਤਾ (ਸੇਵਾ ਨਿਭਾਅ ਰਹੇ ਉਮੀਦਵਾਰਾਂ ਤੋਂ ਇਲਾਵਾ) 6.00 ਓ ਸੀ ਪੀ ਏ ਜਾਂ 60% ਅੰਕ ਜਾਂ ਬਰਾਬਰ (ਐਮ ਐਸ ਸੀ ਸਮਾਜ ਵਿਗਿਆਨ) ਖੇਤੀ ਅਰਥ ਸਾਸ਼ਤਰ ਅਤੇ ਪੱਤਰਕਾਰੀ ਅਤੇ ਜਨ ਸੰਚਾਰ ਵਿੱਚ ਮਾਸਟਰ’ਜ਼ ਤੋਂ ਇਲਾਵਾ ਜਿਨ੍ਹਾਂ ਵਿੱਚ ਗਰੈਜੂਏਟ ਪੱਧਰ ਤੇ 5.50 ਓ ਸੀ ਪੀ ਏ ਜਾਂ 55% ਅੰਕ ਲੋੜੀਂਦੇ ਹਨ), ਹੋਣੀ ਚਾਹੀਦੀ ਹੈ । ਪੀਐਚ ਡੀ ਵਿੱਚ ਦਾਖਲਾ ਲੈਣ ਲਈ ਸੰਬੰਧਤ ਵਿਸ਼ੇ ਵਿੱਚ ਐਮ ਐਸ ਸੀ ਹੋਣੀ ਜ਼ਰੂਰੀ ਹੈ। ਪੀ ਐਚ ਡੀ ਕਰਨ ਵਾਲੇ ਵਿਦਿਆਰਥੀ ਬਾਇਓਕਮਿਸਟਰੀ, ਬਾਟਨੀ, ਬਿਜ਼ਨੈਸ ਐਂਡ ਮਨਿਸਟ੍ਰੇਸ਼ਨ (ਵਣਜ ਪ੍ਰਬੰਧ), ਕਮਿਸਟਰੀ, ਮਾਈਕ੍ਰੋਬਾਇਓਲੋਜੀ, ਜ਼ੁਆਲੋਜੀ, ਸਮਾਜ ਵਿਗਿਆਨ ਅਤੇ ਖੇਤੀ ਅਰਥ ਸਾਸ਼ਤਰ ਵਿੱਚੋਂ ਵਿਸ਼ਾ ਲੈ ਸਕਦੇ ਹਨ।

- Advertisement -

ਰੁਜ਼ਗਾਰ ਦੇ ਮੌਕੇ : ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਵਿੱਚ ਪੋਸਟ ਗ੍ਰੈਜੂਏਟ ਕਰਨ ਵਾਲੇ ਵਿਦਿਆਰਥੀਆਂ ਨੂੰ ਖੋਜ ਅਤੇ ਅਕਾਦਮਿਕ ਸੰਸਥਾਨਾਂ, ਕਾਰਪੋਰੇਟ ਕੰਪਨੀਆਂ, ਲੈਬਾਰਟਰੀਆ ਅਤੇ ਹਸਪਤਾਲਾਂ ਆਦਿ ਵਿੱਚ ਰੁਜ਼ਗਾਰ ਹਾਸਲ ਹੋ ਜਾਂਦਾ ਹੈ।

ਖੇਤੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ : ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੀ ਸਥਾਪਨਾ ਸਾਲ 1964 ਵਿੱਚ ਹੋਈ

ਅਕਾਦਮਿਕ ਪ੍ਰੋਗਰਾਮ : ਕਾਲਜ ਵੱਲੋਂ ਖੇਤੀ ਇੰਜਨੀਅਰਿੰਗ ਵਿੱਚ ਬੀ ਟੈਕ (4 ਸਾਲ) ਦਾ ਪ੍ਰੋਗਰਾਮ ਚਲਾਇਆ ਜਾਂਦਾ ਹੈ, ਜਿਸ ਵਿੱਚ ਦਾਖਲਾ ਲੈਣ ਲਈ ਫਿਜ਼ਿਕਸ, ਕਮਿਸਟਰੀ ਅਤੇ ਮੈਥੇਮੈਟਿਕਸ ਵਿਸ਼ਿਆਂ ਨਾਲ 10+2 ਹੋਣੀ ਲਾਜ਼ਮੀ ਹੈ । ਇਹ ਦਾਖਲਾ ਨੈਸ਼ਨਲ ਟੈਸਟਿੰਗ ਏਜੰਸੀ (ਐਨ ਟੀ ਏ) ਵੱਲੋਂ ਕਰਵਾਏ ਜਾਂਦੇ ਜੁਆਇੰਟ ਇੰਜਨੀਅਰਿੰਗ ਪ੍ਰਵੇਸ਼ ਪ੍ਰੀਖਿਆ (ਜੇ ਈ ਈ ਮੇਨਜ਼) ਰਾਹੀਂ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈ ਸੀ ਏ ਆਰ), ਨਵੀਂ ਦਿੱਲੀ ਵੱਲੋਂ ਕੀਤੀਆਂ ਨਾਮਜ਼ਦਗੀਆਂ ਰਾਹੀਂ ਕੀਤਾ ਜਾਂਦਾ ਹੈ । ਕਾਲਜ ਵੱਲੋਂ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ, ਪ੍ਰੋਸੈਸਿੰਗ ਅਤੇ ਫੂਡ ਇੰਜਨੀਅਰਿੰਗ, ਭੂਮੀ ਅਤੇ ਪਾਣੀ ਇੰਜਨੀਅਰਿੰਗ, ਰਿਮੋਟ ਸੈਂਸਿੰਗ ਅਤੇ ਜੀ ਆਈ ਐਸ, ਸਿਵਲ ਇੰਜਨੀਅਰਿੰਗ (ਹਾਈਡ੍ਰੋਲੋਜੀ ਐਂਡ ਵਾਟਰ ਰਿਸੋਰਸਿਸ ਇੰਜਨੀਅਰਿੰਗ/ਸਟ੍ਰਕਚਰਲ ਇੰਜਨੀਅਰਿੰਗ) ਵਿੱਚ ਐਮ ਟੈਕ ਪ੍ਰੋਗਰਾਮ (2 ਸਾਲ) ਚਲਾਏ ਜਾਂਦੇ ਹਨ । ਕਾਲਜ ਵੱਲੋਂ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ, ਪ੍ਰੋਸੈਸਿੰਗ ਅਤੇ ਫੂਡ ਇੰਜਨੀਅਰਿੰਗ, ਭੂਮੀ ਅਤੇ ਪਾਣੀ ਇੰਜਨੀਅਰਿੰਗ ਅਤੇ ਐਨਰਜੀ ਸਾਇੰਸ ਅਤੇ ਤਕਨਾਲੋਜੀ ਸਮੇਤ ਵੱਖੋ-ਵੱਖ ਵਿਸ਼ਿਆ ਵਿੱਚ ਡਾਕਟਰੇਟ ਪ੍ਰੋਗਰਾਮ ਵੀ ਚਲਾਏ ਜਾਂਦੇ ਹਨ।

ਰੁਜ਼ਗਾਰ ਦੇ ਮੌਕੇ : ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਤੋਂ ਗਰੈਜੂਏਟ ਕਰਨ ਵਾਲੇ ਵਿਦਿਆਰਥੀਆਂ ਨੂੰ ਟਰੈਕਟਰ ਅਤੇ ਖੇਤ ਮਸ਼ੀਨਰੀ, ਆਟੋਮੋਬਾਇਲ, ਭੋਜਨ ਉਦਯੋਗ, ਸਿੰਚਾਈ ਉਦਯੋਗ ਆਦਿ ਤੋਂ ਇਲਾਵਾ ਵੱਖੋ ਵੱਖ ਸਰਕਾਰੀ ਅਦਾਰਿਆਂ, ਬੈਂਕਿੰਗ ਖੇਤਰ, ਸਿਵਲ ਅਤੇ ਇੰਜਨੀਅਰਿੰਗ ਸੇਵਾਵਾਂ ਆਦਿ ਵਿੱਚ ਰੁਜ਼ਗਾਰ ਦੇ ਮੌਕੇ ਮਿਲਦੇ ਹਨ । ਹੋਣਹਾਰ ਵਿਦਿਆਰਥੀਆਂ ਨੂੰ ਆਈ ਆਈ ਟੀ’ਜ਼, ਆਈ ਆਈ ਐਮ’ਜ਼ ਵਰਗੇ ਸੁਪ੍ਰਸਿੱਧ ਅਦਾਰਿਆਂ ਅਤੇ ਯੂ ਐਸ ਏ, ਕੈਨੇਡਾ, ਆਸਟਰੇਲੀਆ, ਯੂ ਕੇ ਅਤੇ ਯੂਰਪੀਅਨ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਤੋਂ ਫੈਲੋਸ਼ਿਪ ਵੀ ਹਾਸਲ ਹੁੰਦੇ ਹਨ । ਕਾਲਜ ਵੱਲੋਂ ਕਿੰਨੇ ਹੀ ਨੌਜਵਾਨ ਉਦਮੀ ਤਿਆਰ ਕੀਤੇ ਗਏ, ਜੋ ਇੱਥੋਂ ਤਕਨੀਕੀ ਅਗਵਾਈ ਹਾਸਲ ਕਰਕੇ ਖੇਤੀਬਾੜੀ ਦੇ ਖੇਤਰ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ।

ਹਾਰਟੀਕਲਚਰ ਅਤੇ ਫਾਰੈਸਟਰੀ ਕਾਲਜ : ਪੀ.ਏ.ਯੂ. ਦੇ ਹਾਰਟੀਕਲਚਰ ਅਤੇ ਫਾਰੈਸਟਰੀ ਕਾਲਜ ਦੀ ਸਥਾਪਨਾ ਅਕਤੂਬਰ 2018 ਨੂੰ ਹੋਈ । ਇਸ ਕਾਲਜ ਦੇ ਚਾਰ ਵਿਭਾਗ ਹਨ ਜਿਵੇਂ ਕਿ ਫ਼ਲ ਵਿਗਿਆਨ, ਸਬਜ਼ੀ ਵਿਗਿਆਨ, ਫਲੋਰੀਕਲਚਰ ਅਤੇ ਲੈਂਡਸਕੇਪਿੰਗ ਅਤੇ ਵਣ ਅਤੇ ਕੁਦਰਤੀ ਸਰੋਤ ।
ਅਕਾਦਮਿਕ ਪ੍ਰੋਗਰਾਮ : ਕਾਲਜ ਵੱਲੋਂ ਹਾਰਟੀਕਲਚਰ ਵਿੱਚ 4 ਸਾਲ ਦਾ ਬੀ ਐਸ ਸੀ (ਆਨਰਜ਼) ਡਿਗਰੀ ਪ੍ਰੋਗਰਾਮ ਚਲਾਇਆ ਜਾਂਦਾ ਹੈ । ਇਸ ਡਿਗਰੀ ਪ੍ਰੋਗਰਾਮ ਵਿੱਚ ਦਾਖਲਾ ਲੈਣ ਲਈ ਫਿਜ਼ਿਕਸ, ਕਮਿਸਟਰੀ ਅਤੇ ਮੈਥੇਮਟਿਕਸ/ਬਾਇਓਲੋਜੀ/ਐਗਰੀਕਲਚਰ ਵਿਸ਼ਿਆਂ ਨਾਲ 10+2 ਵਿੱਚੋਂ ਘੱਟੋ ਘੱਟ 50% ਅੰਕ ਹਾਸਲ ਕੀਤੇ ਹੋਣੇ ਲਾਜ਼ਮੀ ਹਨ । ਕਾਲਜ ਦੇ ਵੱਖ-ਵੱਖ ਵਿਭਾਗਾਂ ਵੱਲੋਂ ਫ਼ਲ ਵਿਗਿਆਨ, ਸਬਜ਼ੀ ਵਿਗਿਆਨ, ਫਾਰੈਸਟਰੀ ਮਾਸਟਰ’ਜ਼ ਡਿਗਰੀ ਵੀ ਕਰਵਾਈ ਜਾਂਦੀ ਹੈ, ਜਿਸ ਲਈ ਗਰੈਜੂਏਸ਼ਨ ਪੱਧਰ ਤੇ (ਸੇਵਾ ਨਿਭਾਅ ਰਹੇ ਉਮੀਦਵਾਰਾਂ ਤੋਂ ਇਲਾਵਾ) 6.00 ਦੀ ਓ ਸੀ ਪੀ ਏ ਜਾਂ 60% ਅੰਕ ਹੋਣੇ ਜ਼ਰੂਰੀ ਹਨ । ਡਾਕਟਰੇਟ ਪ੍ਰੋਗਰਾਮ ਵਿੱਚ ਰੁਚੀ ਰੱਖਣ ਵਾਲੇ ਵਿਦਿਆਰਥੀ ਫ਼ਲ ਵਿਗਿਆਨ, ਸਬਜ਼ੀ ਵਿਗਿਆਨ ਅਤੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿੱਚ ਉਚੇਰੀ ਵਿੱਦਿਆ ਹਾਸਲ ਕਰ ਸਕਦੇ ਹਨ।

ਰੁਜ਼ਗਾਰ ਦੇ ਮੌਕੇ : ਹਾਰਟੀਕਲਚਰ ਵਿੱਚ ਡਿਗਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਰਾਜ/ਕੇਂਦਰ ਦੇ ਬਾਗਬਾਨੀ ਵਿਭਾਗ, ਹਾਰਟੀਕਲਚਰ ਸੰਸਥਾਨਾਂ, ਸ਼ਹਿਰੀ ਕਾਰਪੋਰੇਸ਼ਨਾਂ ਅਤੇ ਵਿਕਾਸ ਅਥਾਰਟੀਆਂ, ਬੈਂਕਿੰਗ ਸੈਕਟਰ, ਬੀਜ/ਖਾਦ ਕੰਪਨੀਆਂ, ਭੋਜਨ ਪ੍ਰੋਸੈਸਿੰਗ ਉਦਯੋਗ ਅਤੇ ਮਾਰਕਫੈਡ/ਪਨਸਪ ਵਰਗੀਆਂ ਖੁਦਮੁਖਤਾਰ ਸੰਸਥਾਵਾਂ ਅਤੇ ਨਿੱਜੀ ਅਦਾਰਿਆਂ ਵਿੱਚ ਰੁਜ਼ਗਾਰ ਹਾਸਲ ਹੋ ਜਾਂਦਾ ਹੈ । ਅਕਾਦਮਿਕਤਾ ਵਿੱਚ ਵਧੇਰੇ ਰੁਚੀ ਰੱਖਣ ਵਾਲੇ ਵਿਦਿਆਰਥੀ ਦੇਸ਼ਾਂ ਵਿਦੇਸ਼ਾਂ ਤੋਂ ਉਚੇਰੀ ਸਿੱਖਿਆ (ਐਮ ਐਸ ਸੀ ਅਤੇ ਪੀ ਐਚ ਡੀ) ਹਾਸਲ ਕਰ ਸਕਦੇ ਹਨ । ਬਾਗਬਾਨੀ ਵਿੱਚ ਆਪਣੇ ਉਦਮ ਸਥਾਪਤ ਕਰਕੇ ਹੋਰਨਾਂ ਲਈ ਰੁਜ਼ਗਾਰ ਦੇ ਵਸੀਲੇ ਵੀ ਪੈਦਾ ਕੀਤੇ ਜਾ ਸਕਦੇ ਹਨ।

ਹੋਮ ਸਾਇੰਸ (ਕਮਿਊਨਟੀ ਸਾਇੰਸ) ਕਾਲਜ : ਪੀ.ਏ.ਯੂ. ਦੇ ਹੋਮ ਸਾਇੰਸ ਕਾਲਜ ਦੀ ਸਥਾਪਨਾ ਜੁਲਾਈ 1966 ਵਿੱਚ ਯੂ ਐਸ ਏ ਦੇ ਲੈਂਡ ਗਰਾਂਟ ਕਾਲਜਾਂ ਦੀ ਤਰਜ਼ ਤੇ ਹੋਈ । ਇਸ ਕਾਲਜ ਦਾ ਨਾਂ ਜੂਨ 2019 ਵਿੱਚ ਬਦਲ ਕੇ ਕਮਿਊਨਟੀ ਸਾਇੰਸ ਕਾਲਜ ਰੱਖ ਦਿੱਤਾ ਗਿਆ । ਇਸ ਕਾਲਜ ਵਿੱਚ ਕਈ ਵਿਭਾਗ ਹਨ ਜਿਵੇਂ ਕਿ ਐਪੇਰਿਲ ਅਤੇ ਟੈਕਸਟਾਇਲ ਵਿਗਿਆਨ, ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ, ਪਰਿਵਾਰਕ ਸਰੋਤ ਪ੍ਰਬੰਧਨ, ਭੋਜਨ ਅਤੇ ਪੋਸ਼ਣ ਅਤੇ ਮਾਨਵ ਵਿਕਾਸ ਅਤੇ ਪਰਿਵਾਰ ਅਧਿਐਨ, ਜਿਨ੍ਹਾਂ ਵਿੱਚ ਵੱਖੋ-ਵੱਖ ਅਕਾਦਮਿਕ ਪ੍ਰੋਗਰਾਮ ਚਲਾਏ ਜਾਂਦੇ ਹਨ।

ਅਕਾਦਮਿਕ ਪ੍ਰੋਗਰਾਮ : ਕਾਲਜ ਵੱਲੋਂ ਨਿਊਟ੍ਰੀਸ਼ਨ ਅਤੇ ਡਾਇਟਿਟਿਕਸ ਅਤੇ ਕਮਿਊਨਟੀ ਸਾਇੰਸ ਵਿੱਚ ਚਾਰ ਸਾਲਾਂ ਦਾ ਬੀ ਐਸ ਸੀ (ਆਨਰਜ਼) ਪ੍ਰੋਗਰਾਮ ਚਲਾਇਆ ਜਾਂਦਾ ਹੈ। ਇਹਨਾਂ ਵਿੱਚ ਦਾਖਲਾ ਸੀ ਈ ਟੀ ਪ੍ਰਵੇਸ਼ ਪ੍ਰੀਖਿਆ ਰਾਹੀਂ ਕੀਤਾ ਜਾਂਦਾ ਹੈ ਜਿਸ ਲਈ ਮੈਡੀਕਲ ਅਤੇ ਨਾਨ ਮੈਡੀਕਲ ਵਿੱਚ 10+2 ਪਾਸ ਹੋਣੀ ਲਾਜ਼ਮੀ ਹੈ। ਕਾਲਜ ਵੱਲੋਂ ਐਪੇਰਿਲ ਅਤੇ ਟੈਕਸਟਾਇਲ ਵਿਗਿਆਨ, ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ, ਪਰਿਵਾਰਕ ਸਰੋਤ ਪ੍ਰਬੰਧਨ, ਭੋਜਨ ਅਤੇ ਪੋਸ਼ਣ, ਮਾਨਵ ਵਿਕਾਸ ਅਤੇ ਪਰਿਵਾਰ ਅਧਿਐਨ ਵਿੱਚ ਐਮ ਐਸ ਸੀ ਅਤੇ ਪੀ ਐਚ ਡੀ ਵੀ ਕਰਵਾਈ ਜਾਂਦੀ ਹੈ।
ਰੁਜ਼ਗਾਰ ਦੇ ਮੌਕੇ : ਉਚੇਰੀ ਸਿੱਖਿਆ ਹਾਸਲ ਕਰਨ ਤੋਂ ਇਲਾਵਾ ਕਮਿਊਨਟੀ ਸਾਇੰਸ ਦੇ ਗਰੈਜੂਏਟ ਬੇਕਰੀ, ਕੰਨਫੈਕਸ਼ਨਰੀ, ਆਰਟ ਅਤੇ ਕਰਾਫਟ, ਡਰੈਸ ਡਿਜ਼ਾਇੰਨਿੰਗ, ਨਰਸਰੀ ਸਕੂਲ, ਕ੍ਰੈਚ ਆਦਿ ਰਾਹੀਂ ਆਪਣਾ ਉਦਮ ਵੀ ਸਥਾਪਿਤ ਕਰ ਸਕਦੇ ਹਨ। ਇਹਨਾਂ ਵਿਦਿਆਰਥੀਆਂ ਨੂੰ ਹਸਪਤਾਲਾਂ ਜਾਂ ਸਿਹਤ ਕਲੀਨਿਕਾਂ ਵਿੱਚ ਡਾਈਟੀਸ਼ੀਅਨ ਵਜੋਂ ਸਕੂਲਾਂ ਕਾਲਜਾਂ, ਹਸਪਤਾਲਾਂ ਜਾਂ ਸੀਨੀਅਰ ਸਿਟੀਜ਼ਨ ਹੋਮਜ਼ ਵਿੱਚ ਸਲਾਹਕਾਰ ਵਜੋਂ ਅਤੇ ਹੌਜ਼ਰੀ ਅਤੇ ਟੈਕਸਟਾਇਲ ਉਦਯੋਗਾਂ ਵਿੱਚ ਡਿਜ਼ਾਇਨਰ ਵਜੋਂ ਵੀ ਰੁਜ਼ਗਾਰ ਹਾਸਲ ਹੋ ਸਕਦਾ ਹੈ। ਇਹ ਵਿਦਿਆਰਥੀ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਵਿੱਚ ਪੱਤਰਕਾਰ ਬਣ ਸਕਦੇ ਹਨ ਅਤੇ ਅਧਿਆਪਨ, ਖੋਜ ਅਤੇ ਪਸਾਰ ਕਾਰਜਾਂ ਵਿੱਚ ਵਿਸ਼ੇਸ਼ ਭੂਮਿਕਾ ਨਿਭਾ ਸਕਦੇ ਹਨ।

-ਗੁਲਨੀਤ ਚਾਹਲ
ਸੰਪਰਕ: 98159-45300

ਅਨੁਵਾਦ : ਡਾ. ਨਰਿੰਦਰ ਪਾਲ ਸਿੰਘ

Share this Article
Leave a comment