Home / ਓਪੀਨੀਅਨ / ਫ਼ਲਦਾਰ ਬੂਟਿਆਂ ਵਿੱਚ ਸੂਖਮ ਤੱਤਾਂ ਦੀ ਘਾਟ

ਫ਼ਲਦਾਰ ਬੂਟਿਆਂ ਵਿੱਚ ਸੂਖਮ ਤੱਤਾਂ ਦੀ ਘਾਟ

-ਡਾ.ਗੁਰਤੇਗ ਸਿੰਘ

ਫ਼ਲਦਾਰ ਬੂਟਿਆਂ ਦੇ ਚੰਗੇ ਵਾਧੇ ਅਤੇ ਇਹਨਾਂ ਤੋਂ ਮਿਆਰੀ ਫ਼ਲ ਲੈਣ ਲਈ ਜ਼ਰੂਰੀ ਹੈ ਕਿ ਕਿਸੇ ਵੀ ਖ਼ੁਰਾਕੀ ਤੱਤ ਦੀ ਘਾਟ ਨਾ ਆਵੇ। ਬਾਗਬਾਨ ਵੀਰ ਇਹਨਾਂ ਫ਼ਲਦਾਰ ਬੂਟਿਆਂ ਵਿੱਚ ਮੁੱਖ ਖ਼ੁਰਾਕੀ ਤੱਤਾਂ ਦੀ ਪੂਰਤੀ ਲਈ ਲੋੜੀਂਦੀਆਂ ਖ਼ਾਦਾਂ ਜਿਵੇਂ ਯੂਰੀਆਂ, ਡੀ.ਏ.ਪੀ. ਪੋਟਾਸ਼ ਆਦਿ ਦੀ ਵਰਤੋਂ ਤਾਂ ਕਰ ਲੈਂਦੇ ਹਨ, ਪਰ ਸੂਖਮ ਤੱਤਾਂ ਦੀ ਘਾਟ ਨੂੰ ਅਣ-ਗੌਲਿਆਂ ਕਰ ਜਾਂਦੇ ਹਨ, ਜਿਸ ਕਾਰਨ ਇਹਨਾਂ ਫ਼ਲਦਾਰ ਬੂਟਿਆਂ ਦਾ ਪੂਰਾ ਵਾਧਾ ਨਹੀਂ ਹੁੰਦਾ ਅਤੇ ਫ਼ਲ ਦੇ ਝਾੜ ਅਤੇ ਗੁਣਵੱਤਾ ਤੇ ਮਾੜਾ ਅਸਰ ਪੈਂਦਾ ਹੈ। ਸੂਖਮ ਖ਼ੁਰਾਕੀ ਤੱਤ, ਮੁੱਖ ਤੱਤਾਂ ਨਾਲੋਂ ਭਾਵੇਂ ਬੂਟਿਆਂ ਨੂੰ ਕਾਫ਼ੀ ਘੱਟ ਮਾਤਰਾ ਵਿੱਚ ਲੋੜੀਂਦੇ ਹੁੰਦੇ ਹਨ ਅਤੇ ਜ਼ਮੀਨ ਵਿੱਚ ਵੀ ਇਹ ਕਾਫ਼ੀ ਘੱਟ ਮਾਤਰਾ ਵਿੱਚ ਮੌਜੂਦ ਹੁੰਦੇ ਹਨ, ਪਰ ਬੂਟਿਆਂ ਲਈ ਇਹਨਾਂ ਦੀ ਮਹੱਤਤਾ ਵੱਡੇ ਖ਼ੁਰਾਕੀ ਤੱਤਾਂ ਦੇ ਬਰਾਬਰ ਹੀ ਹੁੰਦੀ ਹੈ।ਪੰਜਾਬ ਵਿੱਚ ਇਹਨਾਂ ਬੂਟਿਆਂ ‘ਤੇ ਜ਼ਿੰਕ ਅਤੇ ਲੋਹੇ ਦੀ ਘਾਟ ਆਮ ਹੀ ਦੇਖੀ ਜਾਂਦੀ ਹੈ, ਜਿਸ ਲਈ ਇਹ ਜ਼ਰੂਰੀ ਹੈ ਕਿ ਇਹਨਾਂ ਤੱਤਾਂ ਦੀ ਘਾਟ ਨੂੰ ਪਛਾਣ ਕੇ ਬਾਗਬਾਨ ਵੀਰ ਤੁਰੰਤ ਇਹਨਾਂ ਦੀ ਪੂਰਤੀ ਕਰਨ ਤਾਂ ਜੋ, ਬੂਟਿਆਂ ਨੂੰ ਲੰਮੇ ਸਮੇਂ ਤੱਕ ਤੰਦਰੁਸਤ ਰੱਖਿਆ ਜਾ ਸਕੇ ਅਤੇ ਗੁਣਵੱਤਾ ਭਰਪੂਰ ਉਤਪਾਦਨ ਸਦਕਾ ਚੰਗਾ ਮੁਨਾਫ਼ਾ ਕਮਾਇਆ ਜਾ ਸਕੇ। ਲ਼ਘੂ ਤੱਤਾਂ ਦੀ ਘਾਟ ਦੀ ਸੰਭਾਵਨਾ ਵਾਲੀਆਂ ਹਾਲਤਾਂ, ਘਾਟ ਦੇ ਲੱਛਣਾਂ ਅਤੇ ਪੂਰਤੀ ਦੇ ਤਰੀਕੇ ਨੂੰ ਹੇਠਾਂ ਵਿਸਥਾਰ ਵਿੱਚ ਬਿਆਨ ਕੀਤਾ ਜਾ ਰਿਹਾ ਹੈ।

ਘਾਟ ਵਾਲੀਆਂ ਹਾਲਤਾਂ

ਜ਼ਿੰਕ ਦੀ ਘਾਟ ਦੀ ਸੰਭਾਵਨਾ ਰੇਤਲੀਆਂ, ਘੱਟ ਜੀਵਕ ਕਾਰਬਨ ਵਾਲੀਆਂ, ਕਲਰਾਠੀਆਂ, ਵੱਧ ਚੂਨੇ ਵਾਲੀਆਂ, ਰੋੜਾਂ ਵਾਲੀਆਂ, ਵੱਧ ਫ਼ਾਸਫ਼ੋਰਸ ਵਾਲੀਆਂ ਅਤੇ ਬੇਟ ਇਲਾਕੇ ਦੀਆਂ ਜ਼ਮੀਨਾਂ ਵਿੱਚ ਲੱਗੇ ਬੂਟਿਆਂ ਤੇ ਜ਼ਿਆਦਾ ਹੁੰਦੀ ਹੈ।ਇਸੇ ਤਰ੍ਹਾਂ ਲੋਹੇ ਦੀ ਘਾਟ ਵੀ ਆਮ ਤੌਰ ਤੇ ਹਲਕੀਆਂ, ਘੱਟ ਜੀਵਕ ਕਾਰਬਨ ਵਾਲੀਆਂ, ਜ਼ਿਆਦਾ ਚੂਨੇ ਵਾਲੀਆਂ ਅਤੇ ਕਲਰਾਠੀਆਂ ਜ਼ਮੀਨਾਂ ਵਿੱਚ ਲੱਗੇ ਇਹਨਾਂ ਸਦਾਬਹਾਰ ਫ਼ਲਦਾਰ ਬੂਟਿਆਂ ਵਿੱਚ ਆਉਂਦੀ ਹੈ। ਜੇਕਰ ਜ਼ਮੀਨ ਵਿੱਚ ਮੌਜੂਦ ਲੋਹਾ 4.5 ਕਿੱਲੋ/ਏਕੜ ਤੋਂ ਘੱਟ ਹੋਵੇ, ਤਾਂ ਉਹਨਾਂ ਜ਼ਮੀਨਾਂ ਨੂੰ ਲੋਹੇ ਦੀ ਘਾਟ ਵਾਲੀਆਂ ਜ਼ਮੀਨਾਂ ਆਖਿਆ ਜਾਂਦਾ ਹੈ।

ਸੂਖ਼ਮ ਤੱਤਾਂ ਦੀ ਘਾਟ ਦੀਆਂ ਨਿਸ਼ਾਨੀਆਂ ਅਤੇ ਇਲਾਜ

ਕਿੰਨੂ:

ਜ਼ਿੰਕ ਦੀ ਘਾਟ: ਜ਼ਿੰਕ ਦੀ ਘਾਟ ਵਾਲੇ ਬੂਟਿਆਂ ਦੀਆਂ ਟਹਿਣੀਆਂ ਦੇ ਸਿਰੇ ਵਾਲੇ ਪੱਤੇ, ਸਧਾਰਨ ਨਾਲੋਂ ਛੋਟੇ ਅਕਾਰ ਦੇ ਅਤੇ ਨੇੜੇ-ਨੇੜੇ ਰਹਿ ਜਾਂਦੇ ਹਨ।ਜ਼ਿੰਕ ਦੀ ਘਾਟ ਕਾਰਨ ਨਵੇਂ ਨਿੱਕਲ ਰਹੇ ਪੱਤਿਆਂ ਉੱਤੇ ਰੰਗ-ਬਰੰਗੇ ਧੱਬੇ ਦਿਖਾਈ ਦਿੰਦੇ ਹਨ। ਜ਼ਿੰਕ ਦੀ ਘਾਟ ਕਾਰਨ ਫ਼ਲ ਵਾਲੀਆਂ ਅੱਖਾਂ ਦੀ ਗਿਣਤੀ ਵੀ ਕਾਫ਼ੀ ਘਟ ਜਾਂਦੀ ਹੈ। ਇਸ ਤੱਤ ਦੀ ਪੂਰਤੀ ਕਰਨ ਲਈ ਜ਼ਿੰਕ ਸਲਫ਼ੇਟ ਦਾ 0.47 ਫ਼ੀਸਦੀ ਦੇ ਘੋਲ (470 ਗ੍ਰਾਮ ਜ਼ਿੰਕ ਸਲਫ਼ੇਟ ਪ੍ਰਤੀ 100 ਲਿਟਰ ਪਾਣੀ) ਦਾ ਛਿੜਕਾਅ ਕਰਨਾ ਚਾਹੀਦਾ ਹੈ। ਕਿੰਨੂ ਵਿੱਚ ਬਹਾਰ ਦੀ ਫ਼ੋਟ ਨੂੰ ਇਹ ਛਿੜਕਾਅ ਅਖੀਰ-ਅਪ੍ਰੈਲ ਵਿੱਚ ਕਰ ਦਿਓ।ਪਰ ਗਰਮੀਆਂ ਦੀ ਪਛੇਤੀ ਫ਼ੋਟ ਲਈ ਅੱਧ-ਅਗਸਤ ਮਹੀਨਾ ਛਿੜਕਾਅ ਲਈ ਵਧੇਰੇ ਢੁਕਵਾਂ ਹੈ। ਕਿੰਨੂ ਵਿੱਚ ਆਮ ਤੌਰ ਤੇ ਜ਼ਿੰਕ ਦੀ ਘਾਟ, ਬੂਟੇ ਦੇ ਚੌਥੇ ਸਾਲ ਵਿੱਚ ਪਹਿਲਾ ਫ਼ਲ ਲੈਣ ਮਗਰੋਂ ਆਉਂਦੀ ਹੈ।ਇਸ ਕਰਕੇ ਬੂਟੇ ਨੂੰ ਤੀਜੇ ਸਾਲ ਪਿੱਛੋਂ ਹਰ ਸਾਲ ਜ਼ਿੰਕ ਸਲਫੇਟ ਦਾ ਛਿੜਕਾਅ ਕਰ ਦੇਣਾ ਚਾਹੀਦਾ ਹੈ। ਜ਼ਿੰਕ ਅਤੇ ਮੈਗਨੀਜ਼ ਦੀ ਘਾਟ ਦੀ ਪੂਰਤੀ ਲਈ ਜ਼ਿੰਕ ਸਲਫੇਟ (4.70 ਗ੍ਰਾਮ ਪ੍ਰਤੀ ਲਿਟਰ ਪਾਣੀ) ਅਤੇ ਮੈਗਨੀਜ਼ ਸਲਫੇਟ (3.30 ਗ੍ਰਾਮ ਪ੍ਰਤੀ ਲਿਟਰ ਪਾਣੀ) ਨੂੰ ਰਲਾ ਕੇ ਅਖ਼ੀਰ ਅਪ੍ਰੈਲ ਅਤੇ ਅੱਧ ਅਗਸਤ ਦੌਰਾਨ ਸਪਰੇਅ ਕਰੋ ।

ਲੋਹੇ ਦੀ ਘਾਟ: ਰੇਤਲੀਆਂ ਜ਼ਮੀਨਾਂ ਵਿੱਚ ਲੱਗੇ ਕਿੰਨੂ ਦੇ ਬੂਟਿਆਂ ਤੇ ਲੋਹੇ ਦੀ ਘਾਟ ਨਾਲ ਉਪਰਲੇ ਪੱਤਿਆਂ ਦੀਆਂ ਨਾੜੀਆਂ ਦੇ ਵਿਚਕਾਰ ਦੀ ਥਾਂ ਹਲਕੇ ਪੀਲੇ ਰੰਗ ਦੀ ਨਜ਼ਰ ਆਉਂਦੀ ਹੈ।ਸਭ ਤੋਂ ਪਹਿਲਾਂ ਉਪਰਲੀਆਂ ਟਹਿਣੀਆਂ ਦੇ ਨਵੇਂ ਨਿਕਲੇ ਪੱਤਿਆਂ ਤੇ ਲੋਹੇ ਦੀ ਘਾਟ (ਪੀਲਾਪਨ) ਦਿਖਾਈ ਦਿੰਦੀ ਹੈ।ਸਮਾਂ ਵਧਣ ਨਾਲ ਬੂਟੇ ਦੀਆਂ ਟਹਿਣੀਆਂ ਦੇ ਹੇਠਲੇ ਪੱਤੇ ਵੀ ਪੀਲੇ ਪੈਣ ਲੱਗਦੇ ਹਨ।ਪ੍ਰਭਾਵਿਤ ਪੱਤਿਆਂ ਦੀਆਂ ਨਾੜੀਆਂ ਹਰੇ ਰੰਗ ਦੀਆਂ ਹੀ ਨਜ਼ਰ ਆਉਂਦੀਆਂ ਹਨ।ਕਿੰਨੂ ਵਿੱਚ ਲੋਹੇ ਦੀ ਘਾਟ 0.4 ਫ਼ੀਸਦੀ ਫ਼ੈਰਸ ਸਲਫ਼ੇਟ (400 ਗ੍ਰਾਮ ਫ਼ੈਰਸ ਸਲਫ਼ੇਟ ਪ੍ਰਤੀ 100 ਲਿਟਰ ਪਾਣੀ) ਦੇ ਘੋਲ ਦਾ ਛਿੜਕਾਅ ਕਰਕੇ ਪੂਰੀ ਕੀਤੀ ਜਾ ਸਕਦੀ ਹੈ। ਬੂਟਿਆਂ ਤੇ ਇਹ ਛਿੜਕਾਅ ਅਪ੍ਰੈਲ ਅਤੇ ਅਗਸਤ ਵਿੱਚ ਕਰੋ।

ਅਮਰੂਦ:

ਜ਼ਿੰਕ ਦੀ ਘਾਟ: ਅਮਰੂਦ ਵਿੱਚ ਜ਼ਿੰਕ ਦੀ ਘਾਟ ਵਾਲੇ ਬੂਟਿਆਂ ਦੇ ਪੱਤਿਆਂ ਦਾ ਅਕਾਰ ਸਧਾਰਨ ਨਾਲੋਂ ਕੁੱਝ ਛੋਟਾ ਰਹਿ ਜਾਂਦਾ ਹੈ ਅਤੇ ਸ਼ਾਖਾਵਾਂ ਚੋਟੀ ਤੋਂ ਹੇਠਾਂ ਵੱਲ ਨੂੰ ਮਰਨੀਆਂ ਸ਼ੁਰੂ ਹੋ ਜਾਂਦੀਆਂ ਹਨ।ਪੱਤਿਆਂ ਦੀਆਂ ਮੋਟੀਆਂ ਨਾੜੀਆਂ ਦੇ ਵਿਚਾਲੇ ਦਾ ਰੰਗ ਪੀਲਾ ਜਾਂ ਹਲਕਾ ਪੀਲਾ ਹੋਣਾ ਸ਼ੁਰੂ ਹੋ ਜਾਂਦਾ ਹੈ।ਅਮਰੂਦ ਵਿੱਚ ਜ਼ਿੰਕ ਦੀ ਘਾਟ ਪੂਰੀ ਕਰਨ ਲਈ 1.0 ਕਿੱਲੋ ਜ਼ਿੰਕ ਸਲਫ਼ੇਟ ਅਤੇ 500 ਗ੍ਰਾਮ ਅਣ-ਬੁਝਿਆ ਚੂਨਾ, 100 ਲਿਟਰ ਪਾਣੀ ਵਿੱਚ ਘੋਲ ਕੇ ਬੂਟਿਆਂ ਤੇ ਛਿੜਕਾਅ ਕਰੋ।ਜੂਨ ਤੋਂ ਸਤੰਬਰ ਦੇ ਮਹੀਨਿਆਂ ਵਿੱਚ ਹਰ 15 ਦਿਨਾਂ ਦੇ ਵਕਫ਼ੇ ਤੇ ਇਹੋ ਜਿਹੇ ਦੋ-ਤਿੰਨ ਛਿੜਕਾਅ ਕਰ ਦਿਓ।

ਲੋਹੇ ਦੀ ਘਾਟ: ਅਮਰੂਦ ਵਿੱਚ ਲੋਹੇ ਦੀ ਘਾਟ ਨਾਲ ਟਹਿਣੀਆਂ ਦੇ ਉਪਰਲੇ ਨਵੇਂ ਪੱਤੇ ਨਾੜੀਆਂ ਵਿਚਕਾਰੋਂ ਹਲਕੇ ਪੀਲੇ ਜਿਹੇ ਦਿਖਾਈ ਦਿੰਦੇ ਹਨ। ਸਮਾਂ ਵਧਣ ਨਾਲ ਪੀਲਾਪਣ ਇੱਕਸਾਰ ਸਾਰੇ ਪੱਤੇ ਤੇ ਫ਼ੈਲ ਜਾਂਦਾ ਹੈ।ਲੋਹੇ ਦੀ ਘਾਟ ਕਾਰਨ ਬੂਟੇ ਦਾ ਵਿਕਾਸ ਰੁੱਕ ਜਾਂਦਾ ਹੈ।ਅਮਰੂਦ ਵਿੱਚ ਲੋਹੇ ਦੀ ਘਾਟ ਪੂਰੀ ਕਰਨ ਲਈ ਫ਼ੈਰਸ ਸਲਫ਼ੇਟ ਦੇ 0.4 ਫ਼ੀਸਦੀ ਘੋਲ ਦਾ ਛਿੜਕਾਅ ਕਰਨਾ ਚਾਹੀਦਾ ਹੈ। ਇਹ ਘੋਲ 400 ਗ੍ਰਾਮ ਫ਼ੈਰਸ ਸਲਫ਼ੇਟ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਤਿਆਰ ਕੀਤਾ ਜਾ ਸਕਦਾ ਹੈ।ਜ਼ਮੀਨ ਵਿੱਚ ਲੋਹੇ ਦੀ ਘਾਟ ਮੁਤਾਬਕ ਇਸ ਘੋਲ ਦੇ 3-4 ਛਿੜਕਾਅ, 7 ਤੋਂ 10 ਦਿਨਾਂ ਦੇ ਵਕਫ਼ੇ ਤੇ ਕਰਨੇ ਚਾਹੀਦੇ ਹਨ।

ਅੰਬ:

ਜ਼ਿੰਕ ਦੀ ਘਾਟ: ਜ਼ਿੰਕ ਦੀ ਘਾਟ ਕਾਰਨ ਅੰਬ ਦੇ ਨਵੇਂ ਨਿਕਲ ਰਹੇ ਪੱਤਿਆਂ ਦਾ ਅਕਾਰ ਸਧਾਰਨ ਨਾਲੋਂ ਛੋਟਾ ਰਹਿ ਜਾਂਦਾ ਹੈ ਅਤੇ ਪੱਤੇ ਸਖ਼ਤ ਜਿਹੇ ਹੋ ਜਾਂਦੇ ਹਨ।ਪੱਤਿਆਂ ਦੀਆਂ ਮੁੱਖ ਨਾੜੀਆਂ ਦਾ ਵਿਚਕਾਰਲਾ ਹਿੱਸਾ ਪੀਲਾ ਪੈ ਜਾਂਦਾ ਹੈ।ਜ਼ਿੰਕ ਦੀ ਘਾਟ ਵਾਲੇ ਛੋਟੇ-ਛੋਟੇ ਪੱਤਿਆਂ ਦੇ ਗੁੱਛੇ ਜਿਹੇ ਬਣ ਜਾਂਦੇ ਹਨ।ਅੰਬ ਦੇ ਬੂਟਿਆਂ ਤੇ ਜ਼ਿੰਕ ਦੀ ਘਾਟ ਦੀ ਪੂਰਤੀ ਲਈ 0.3 ਫ਼ੀਸਦੀ (300 ਗ੍ਰਾਮ ਜ਼ਿੰਕ ਸਲਫ਼ੇਟ ਪ੍ਰਤੀ 100 ਲਿਟਰ ਪਾਣੀ) ਜ਼ਿੰਕ ਸਲਫ਼ੇਟ ਦੇ ਘੋਲ ਦਾ ਛਿੜਕਾਅ ਕਰੋ।ਜ਼ਮੀਨ ਵਿੱਚ ਜ਼ਿੰਕ ਦੀ ਘਾਟ ਮੁਤਾਬਕ, 7 ਤੋਂ 10 ਦਿਨਾਂ ਦੇ ਵਕਫ਼ੇ ਤੇ ਦੋ-ਤਿੰਨ ਛਿੜਕਾਅ ਕਰੋ।ਜ਼ਿੰਕ ਦੀ ਵਧੇਰੇ ਘਾਟ ਵਾਲੀਆਂ ਹਾਲਤਾਂ ਵਿੱਚ 0.45 ਫ਼ੀਸਦੀ ਜ਼ਿੰਕ ਸਲਫ਼ੇਟ (450 ਗ੍ਰਾਮ ਜ਼ਿੰਕ ਸਲਫ਼ੇਟ ਪ੍ਰਤੀ 100 ਲਿਟਰ ਪਾਣੀ) ਦਾ ਛਿੜਕਾਅ ਕਰੋ।

ਨਾਖ:

ਜ਼ਿੰਕ ਦੀ ਘਾਟ : ਜ਼ਿੰਕ ਦੀ ਘਾਟ ਨਾਲ ਨਵੇਂ ਪੱਤਿਆਂ ਵਿੱਚ ਮੋਟੀਆਂ ਨਾੜਾਂ ਦੇ ਵਿਚਕਾਰਲਾ ਹਿੱਸਾ ਪੀਲਾ ਹੋਣਾ ਸ਼ੁਰੂ ਹੋ ਜਾਂਦਾ ਹੈ । ਪੱਤਿਆਂ ਦਾ ਆਕਾਰ ਛੋਟਾ ਹੋ ਕੇ ਪੱਤੇ ਉਪਰ ਨੂੰ ਕੱਪ ਦੀ ਤਰ੍ਹਾਂ ਮੁੜਨਾ ਸ਼ੁਰੂ ਕਰ ਦਿੰਦੇ ਹਨ । ਜ਼ਿੰਕ ਦੀ ਘਾਟ ਨੂੰ ਠੀਕ ਕਰਨ ਲਈ 3 ਕਿਲੋ ਜ਼ਿੰਕ ਸਲਫੇਟ + 1.5 ਕਿਲੋ ਅਣ ਬੁਝਿਆ ਚੂਨਾ 500 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।

ਲੋਹੇ ਦੀ ਘਾਟ : ਇਸ ਤੱਤ ਦੀ ਘਾਟ ਟੀਸੀ ਦੇ ਪੱਤਿਆਂ ਉਤੇ ਆਉਂਦੀ ਹੈ।ਇਸ ਕਾਰਨ ਪੱਤਿਆਂ ਦੀਆਂ ਸਾਰੀਆਂ ਨਾੜਾਂ ਗੂੜ੍ਹੇ ਰੰਗ ਦੀਆਂ ਅਤੇ ਬਾਕੀ ਹਿੱਸਾ ਪੀਲੇ ਰੰਗ ਦਾ ਹੋ ਜਾਂਦਾ ਹੈ । ਇਸ ਘਾਟ ਨੂੰ ਦੂਰ ਕਰਨ ਲਈ 0.3% ਫੈਰਸ ਸਲਫੇਟ (300 ਗ੍ਰਾਮ) 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ।

ਆੜੂ:

ਲੋਹੇ ਦੀ ਘਾਟ: ਹਲਕੀਆਂ ਰੇਤਲੀਆਂ ਅਤੇ ਵੱਧ ਪੀ ਐਚ ਵਾਲੀਆਂ ਜ਼ਮੀਨਾ ਵਿੱਚ ਲੱਗੇ ਆੜੂ ਦੇ ਬਾਗਾਂ ‘ਚ ਬੂਟਿਆਂ ਤੇ ਗਰਮੀਆਂ ਅਤੇ ਬਰਸਾਤਾਂ ਵਿੱਚ ਲੋਹੇ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਪ੍ਰਗਟ ਹੁੰਦੀਆਂ ਹਨ। ਟੀਸੀ ਦੇ ਵੱਧਦੇ ਨਵੇਂ ਪੱਤਿਆਂ ਦੀਆਂ ਨਾੜੀਆਂ ਦੇ ਵਿਚਕਾਰਲੀ ਥਾਂ ਪੀਲੀ ਪੈ ਜਾਦੀ ਹੈ, ਜਦੋਂ ਕਿ ਨਾੜੀਆਂ ਹਰੀਆਂ ਨਜ਼ਰ ਆਉਂਦੀਆਂ ਹਨ । ਲੋਹੇ ਦੀ ਘਾਟ ਦੀਆਂ ਨਿਸ਼ਾਨੀਆਂ ਮਾਰਚ ਦੇ ਦੂਜੇ ਪੰਦਰਵਾੜੇ ਵਿੱਚ ਪੱਤਿਆਂ ਤੇ ਪ੍ਰਗਟ ਹੁੰਦੀਆਂ ਹਨ । ਲੋਹੇ ਤੱਤ ਦੀ ਘਾਟ ਬੂਟਿਆਂ ਤੇ 0.3% (3 ਗ੍ਰਾਮ ਪ੍ਰਤੀ ਲਿਟਰ ਪਾਣੀ) ਫੈਰਸ ਸਲਫੇਟ ਦੇ ਘੋਲ ਦਾ ਛਿੜਕਾਅ ਅਪ੍ਰੈਲ, ਜੂਨ ਅਤੇ ਅਗਸਤ-ਸਤੰਬਰ ਵਿੱਚ ਕਰਕੇ ਪੂਰੀ ਕੀਤੀ ਜਾਂਦੀ ਹੈ।

ਅਲੂਚਾ

ਜ਼ਿੰਕ ਦੀ ਘਾਟ : ਹਲਕੀਆਂ ਜ਼ਮੀਨਾਂ ਵਿੱਚ ਲੱਗੇ ਅਲੂਚੇ ਦੇ ਬਾਗਾਂ ਵਿੱਚ ਬੂਟਿਆਂ ਤੇ, ਗਰਮੀਆਂ ਅਤੇ ਵਰਖਾ ਰੁੱਤ ਵਿੱਚ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਂਦੀਆਂ ਹਨ। ਟਹਿਣੀਆਂ ਤੇ ਉਪਰਲੇ ਪੱਤੇ ਛੋਟੇ ਆਕਾਰ ਦੇ, ਤਿੱਖੇ ਅਤੇ ਨਾੜੀਆਂ ਵਿੱਚਕਾਰ ਪੀਲੇ ਨਜ਼ਰ ਆਉਂਦੇ ਹਨ । ਟਹਿਣੀ ਦੀ ਟੀਸੀ ਦੇ ਸਿਰਿਆਂ ਤੇ ਪੱਤੇ ਸੰਘਣੇ ਫੁੱਲ ਘੇਰੇ ਵਿੱਚ ਹੁੰਦੇ ਹਨ। ਬੂਟਿਆਂ ਤੇ ਇਸ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤੇ 3 ਕਿਲੋ ਜ਼ਿੰਕ ਸਲਫੇਟ, ਡੇਢ ਕਿਲੋ ਅਣਬੁਝਿਆ ਚੂਨਾ, 500 ਲਿਟਰ ਪਾਣੀ ਵਿੱਚ ਘੋਲ ਕੇ ਇੱਕ ਏਕੜ ਦੇ ਬੂਟਿਆਂ ਤੇ ਛਿੜਕਾਅ ਕਰ ਦਿਉ ।

ਧਿਆਨ ਦੇਣ ਯੋਗ ਗੱਲਾਂ

1. ਸੂਖ਼ਮ ਤੱਤਾਂ ਦਾ ਘੋਲ ਕਿਸੇ ਧਾਤੂ ਦੇ ਬਰਤਨ ਵਿੱਚ ਨਾ ਤਿਆਰ ਕਰੋ।

2. ਸੂਖ਼ਮ ਤੱਤਾਂ ਦਾ ਘੋਲ ਤਿਆਰ ਕਰਦੇ ਸਮੇਂ ਕਿਸੇ ਹੋਰ ਰਸਾਇਣ ਦੀ ਵਰਤੋਂ ਨਾ ਕਰੋ।

3. ਜਿਸ ਤੱਤ ਦੀ ਘਾਟ ਹੋਵ, ਉਸੇ ਤੱਤ ਦਾ ਹੀ ਛਿੜਕਾਅ ਕਰੋ। ਸੂਖ਼ਮ ਤੱਤਾਂ ਦੇ ਮਿਸ਼ਰਨ ਦੀ ਵਰਤੋਂ ਤੋਂ ਪਰਹੇਜ਼ ਕਰੋ ।

4. ਲੋਹੇ ਦੀ ਘਾਟ ਪੂਰੀ ਕਰਨ ਲਈ ਫ਼ੈਰਸ ਸਲਫ਼ੇਟ ਦੀ ਕਦੇ ਵੀ ਜ਼ਮੀਨ ਵਿੱਚ ਵਰਤੋਂ ਨਾ ਕਰੋ।

ਸੰਪਰਕ: 9815098883

Check Also

ਨਵਾਂ ਅਕਾਲੀ ਦਲ; ਕਾਂਗਰਸ ਕਾ ਹਾਥ ਕਿਸ ਕੇ ਸਾਥ?

-ਜਗਤਾਰ ਸਿੰਘ ਸਿੱਧੂ ਸੀਨੀਅਰ ਅਕਾਲੀ ਨੇਤਾ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਲੁਧਿਆਣਾ …

Leave a Reply

Your email address will not be published. Required fields are marked *