ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਹੋਰ ਖੋਰਾ

Rajneet Kaur
4 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਪਾਰਟੀ ਅੰਦਰ ਮੁੜ ਇਕ ਚੁਣੌਤੀਆਂ ਭਰਾ ਸਮਾਂ ਨਜ਼ਰ ਆ ਰਿਹਾ ਹੈ। ਇਹ ਸਥਿਤੀ ਉਸ ਵੇਲੇ ਹੋਰ ਵੀ ਗੰਭੀਰ ਬਣ ਜਾਂਦੀ ਹੈ ਜਦੋਂ ਪਾਰਟੀ ਦੇ ਹੀ ਸੀਨੀਅਰ ਆਗੂ ਇਕ-ਇਕ ਕਰਕੇ ਪਾਰਟੀ ਤੋਂ ਬਾਹਰ ਚਲੇ ਜਾਂਦੇ ਹਨ ਜਾਂ ਇਹਨਾਂ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ। ਮਿਸਾਲ ਵਜੋਂ ਜੇਕਰ ਆਪਾਂ ਪਿਛਲੇ ਦੋ ਦਿਨ ਦੀ ਗੱਲ ਕਰੀਏ ਤਾਂ ਅਕਾਲੀ ਦਲ ਅੰਦਰ ਪਾਰਟੀ ਨੂੰ ਅਲਵਿਦਾ ਆਖਣ ਦੇ ਮੁੱਦੇ ਉਤੇ ਇੱਕ ਵਾਰ ਮੁੜ ਵੱਡਾ ਝਟਕਾ ਲੱਗਾ ਹੈ। ਜਥੇਦਾਰ ਕਰਨੈਲ ਸਿੰਘ ਪੰਜੌਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਹਨ ਪਰ ਪਾਰਟੀ ਦੀ ਅਨੁਸ਼ਾਸ਼ਨੀ ਕਮੇਟੀ ਨੇ ਪਾਰਟੀ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਜਥੇਦਾਰ ਪੰਜੌਲੀ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਖਾ ਦਿੱਤਾ ਹੈ। ਇਸੇ ਤਰ੍ਹਾਂ ਮਾਝੇ ਦੇ ਦੋ ਵੱਡੇ ਅਕਾਲੀ ਆਗੂ ਅਮਰਪਾਲ ਸਿੰਘ ਬੌਨੀ ਅਤੇ ਮਨਮੋਹਨ ਸਿੰਘ ਸਠਿਆਲਾ ਅੱਜ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ। ਇਹ ਦੋਵੇਂ ਆਗੂ ਸਾਬਕਾ ਵਿਧਾਇਕ ਹਨ ਅਤੇ ਦੋਹਾਂ ਦਾ ਟਕਸਾਲੀ ਅਕਾਲੀ ਪਿਛੋਕੜ ਹੈ। ਅਸਲ ਵਿਚ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਮਾਝੇ ਦੇ ਅਕਾਲੀ ਜਰਨੈਲ ਵਜੋਂ ਜਾਣੇ ਜਾਂਦੇ ਰਹੇ ਹਨ। ਉਹਨਾਂ ਦੇ ਨਾਲ ਡਾ. ਰਤਨ ਸਿੰਘ ਅਜਨਾਲਾ ਦਾ ਨਾਂ ਵੀ ਸ਼ਾਮਿਲ ਹੈ ਜਿਹੜੇ ਕਿ ਅਕਾਲੀ ਦਲ ਵਿਚ ਵੱਖ-ਵੱਖ ਅਹੁਦਿਆਂ ’ਤੇ ਰਹੇ ਅਤੇ ਮੰਤਰੀ ਵੀ ਬਣੇ। ਬੌਨੀ ਅਜਨਾਲਾ ਡਾਕਟਰ ਰਤਨ ਸਿੰਘ ਦੇ ਬੇਟੇ ਹਨ। ਇਸੇ ਤਰ੍ਹਾਂ ਜੇਕਰ ਸਠਿਆਲਾ ਦੀ ਗੱਲ ਕੀਤੀ ਜਾਵੇ ਤਾਂ ਉਹ ਜਥੇਦਾਰ ਮੋਹਨ ਸਿੰਘ ਤੁੜ ਦੇ ਨਜ਼ਦੀਕੀ ਰਹੇ ਹਨ। ਇਹਨਾਂ ਪਰਿਵਾਰਾਂ ਦਾ ਮਾਝੇ ਦੀ ਰਾਜਨੀਤੀ ਅੰਦਰ ਇੱਕ ਆਪਣਾ ਸਥਾਨ ਹੈ। ਇਸ ਤਰ੍ਹਾਂ ਦੋਹਾਂ ਆਗੂਆਂ ਦੇ ਭਾਜਪਾ ਵਿਚ ਜਾਣ ਨਾਲ ਅਕਾਲੀ ਦਲ ਨੂੰ ਘੱਟੋ-ਘੱਟ ਮਾਝੇ ਵਿਚ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ।

ਜਥੇਦਾਰ ਪੰਜੌਲੀ ਦਹਾਕਿਆਂ ਤੋਂ ਅਕਾਲੀ ਦਲ ਅਤੇ ਪੰਥਕ ਸਰਗਰਮੀਆਂ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਆ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਲੰਮਾਂ ਸਮਾਂ ਉਹ ਕਾਰਜਕਰਨੀ ਦੇ ਮੈਂਬਰ ਰਹੇ ਅਤੇ ਸ਼੍ਰੋਮਣੀ ਕਮੇਟੀ ਵਿਚ ਸਰਗਰਮ ਭੂਮਿਕਾ ਨਿਭਾਈ। ਇਥੇ ਇਹ ਦੱਸਣਾ ਵਾਜਬ ਹੋਵੇਗਾ ਕਿ ਜਥੇਦਾਰ ਪੰਜੌਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਰਹੂਮ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਜ਼ਦੀਕੀ ਸਾਥੀ ਵਜੋਂ ਜਾਣੇ ਜਾਂਦੇ ਹਨ। ਜਥੇਦਾਰ ਪੰਜੌਲੀ ਦਾ ਕਹਿਣਾ ਹੈ ਕਿ ਉਸਨੂੰ ਪਾਰਟੀ ਵਿਰੋਧੀ ਸਰਗਰਮੀਆਂ ਦੇ ਦੋਸ਼ ਹੇਠ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਹੈ ਪਰ ਉਹਨਾਂ ਨੂੰ ਇਕ ਨੋਟਿਸ ਦੇ ਕੇ ਪੁੱਛਿਆ ਵੀ ਨਹੀਂ ਗਿਆ ਕਿ ਕਸੂਰ ਕੀ ਹੈ? ਇਹ ਸਹੀ ਹੈ ਕਿ ਜਥੇਦਾਰ ਪੰਜੌਲੀ ਪਿਛਲੇ ਕਾਫੀ ਸਮੇਂ ਤੋਂ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਦੇ ਅਲੋਚਕ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਨੂੰ ਮੁੜ ਮਜ਼ਬੂਤ ਕਰਨ ਲਈ ਲੀਡਰਸ਼ਿਪ ਵਿਚ ਤਬਦੀਲੀ ਦੀ ਜ਼ਰੂਰਤ ਹੈ। ਅਜਿਹਾ ਨਹੀਂ ਹੈ ਕਿ ਜਥੇਦਾਰ ਪੰਜੌਲੀ ਪਹਿਲੇ ਆਗੂ ਹਨ ਜਿਹਨਾਂ ਨੇ ਪਾਰਟੀ ਅੰਦਰ ਲੀਡਰਸ਼ਿਪ ਦੀ ਤਬਦੀਲੀ ਦੀ ਮੰਗ ਕੀਤੀ ਹੈ। ਇਹ ਮੰਗ ਪਾਰਟੀ ਅੰਦਰ ਕਈ ਹੋਰ ਆਗੂਆਂ ਵੱਲੋਂ ਵੀ ਉਠਾਈ ਗਈ। ਪਾਰਟੀ ਵੱਲੋਂ ਇਸ ਸਾਰੇ ਮਾਮਲੇ ਬਾਰੇ ਇਕ ਕਮੇਟੀ ਵੀ ਬਣਾਈ ਗਈ। ਕਿਹਾ ਜਾਂਦਾ ਹੈ ਕਿ ਕਮੇਟੀ ਦੀ ਰਿਪੋਰਟ ਵਿਚ ਵੀ ਤਬਦੀਲੀ ਦੀ ਗੱਲ ਕੀਤੀ ਗਈ ਸੀ ਪਰ ਪਾਰਟੀ ਅੰਦਰ ਅਜਿਹਾ ਕੁੱਝ ਨਹੀਂ ਹੋਇਆ। ਸਗੋਂ ਅਜਿਹੀ ਮੰਗ ਕਰਨ ਵਾਲੇ ਆਗੂ ਜਗਮੀਤ ਸਿੰਘ ਬਰਾੜ ਨੂੰ ਵੀ ਕੁੱਝ ਸਮਾਂ ਪਹਿਲਾਂ ਪਾਰਟੀ ਤੋਂ ਬਾਹਰ ਦਾ ਰਾਹ ਵਖਾ ਦਿੱਤਾ ਗਿਆ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਸਾਲਾਨਾ ਚੋਣਾਂ ਹੋਣ ਵੇਲੇ ਵਖ਼ਰੀ ਰਾਏ ਰੱਖਣ ਵਾਲੀ ਆਗੂ ਬੀਬੀ ਜਗੀਰ ਕੌਰ ਨੂੰ ਵੀ ਪਾਰਟੀ ਤੋਂ ਪਾਸੇ ਕਰ ਦਿੱਤਾ ਗਿਆ।

ਬੇਸ਼ੱਕ ਅਕਾਲੀ ਦਲ ਦੇ ਨਜ਼ਦੀਕੀ ਹਲਕਿਆਂ ਦਾ ਕਹਿਣਾ ਹੈ ਕਿ ਪਾਰਟੀ ਦਾ ਅਨੁਸ਼ਾਸ਼ਨ ਭੰਗ ਕਰਨ ਵਾਲੇ ਆਗੂਆਂ ਵਿਰੁੱਧ ਕਾਰਵਾਈ ਹੋਣੀ ਸੁਭਾਵਿਕ ਹੈ ਪਰ ਅਕਾਲੀ ਲੀਡਰਸ਼ਿਪ ਲਈ ਵੀ ਇਹ ਚਿੰਤਨ ਕਰਨ ਦਾ ਵੇਲਾ ਹੈ ਕਿ ਪੰਜਾਬ ਦੀ ਵੱਡੀ ਖੇਤਰੀ ਪਾਰਟੀ ਅਤੇ ਦਹਾਕਿਆਂ ਤੱਕ ਪੰਜਾਬ ’ਤੇ ਰਾਜ ਕਰਨ ਵਾਲੀ ਪਾਰਟੀ ਲਈ ਅਜਿਹੀ ਨੌਬਤ ਕਿਉਂ ਆਈ ਕਿ ਪੰਜਾਬ ਦੇ ਲੋਕਾਂ ਨੇ ਵਿਧਾਨਸਭਾ ਦੀਆਂ ਚੋਣਾਂ ਵੇਲੇ ਇਸ ਪਾਰਟੀ ਨੂੰ ਹਾਸ਼ੀਏ ਉਪਰ ਧੱਕ ਦਿੱਤਾ।

- Advertisement -

Share this Article
Leave a comment