ਵਾਸ਼ਿੰਗਟਨ : ਅਮਰੀਕਾ ‘ਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਰੁਕਣ ਦਾ ਨਾਮ ਨਹੀ ਲੈ ਰਿਹਾ। ਕੋਰੋਨਾ ਮਹਾਮਾਰੀ ਕਾਰਨ ਅਮਰੀਕੀ ਅਰਥਵਿਵਸਥਾ ਵੀ ਪੂਰੀ ਤਰ੍ਹਾਂ ਲੜਖੜਾ ਗਈ ਹੈ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕੋਰੋਨਾਵਾਇਰਸ ‘ਤੇ ਅਮਰੀਕਾ ਦੀ ਭੂਮਿਕਾ ‘ਤੇ ਸਵਾਲ ਚੁੱਕਣ ਤੋਂ ਬਾਅਦ ਇਕ ਵਾਰ ਫਿਰ ਟਰੰਪ ਪ੍ਰਸ਼ਾਸਨ ਦੀ ਆਲੋਚਨਾ ਕੀਤੀ ਹੈ। ਓਬਾਮਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਅਮਰੀਕਾ ਵਿੱਚ ਲੀਡਰਸ਼ਿਪ ਦੀ ਘਾਟ ਹੈ।
ਦਿ ਨਿਊਯਾਰਕ ਟਾਈਮਜ਼ ਦੇ ਅਨੁਸਾਰ, HBCUs ਦੇ ਲਈ ਇੱਕ ਆਨਲਾਈਨ ਵਰਚੁਅਲ ਪ੍ਰੋਗਰਾਮ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਓਬਾਮਾ ਨੇ ਕੋਵਿਡ-19 ‘ਤੇ ਡੋਨਾਲਡ ਟਰੰਪ ਦਾ ਨਾਮ ਲਏ ਬਿਨਾਂ ਕਿਹਾ, “ਕੁਝ ਹੋ ਨਾ ਹੋ ਪਰ ਇਸ ਮਹਾਮਾਰੀ ਨੇ ਇਸ ਗੱਲ ਤੋਂ ਪੂਰੀ ਤਰ੍ਹਾਂ ਪਰਦਾ ਉੱਠਾ ਦਿੱਤਾ ਹੈ ਕਿ ਬਹੁਤ ਸਾਰੇ ਪ੍ਰਭਾਰੀ ਲੋਕ ਜਾਣਦੇ ਹਨ ਕਿ ਉਹ ਕੀ ਕਰ ਰਹੇ ਹਨ, ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਤਾਂ ਪ੍ਰਭਾਰੀ ਹੋਣ ਦਾ ਦਿਖਾਵਾ ਵੀ ਨਹੀਂ ਕਰ ਰਹੇ।”
ਇਸ ਤੋਂ ਪਹਿਲਾਂ ਵੀ ਬਰਾਕ ਓਬਾਮਾ ਇੱਕ ਨਿੱਜੀ ਕਾਨਫਰੰਸ ‘ਚ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਅਮਰੀਕੀ ਪ੍ਰਸ਼ਾਸਨ ਦੇ ਰਵੱਈਏ ਨੂੰ ਅਰਾਜਕ ਤਬਾਹੀ ਦੱਸ ਚੁੱਕੇ ਹਨ। ਸਿਰਫ ਇਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਉਹ ਨਵੰਬਰ ‘ਚ ਰਾਸ਼ਟਰਪਤੀ ਅਹੁਦੇ ਦੀ ਚੋਣ ‘ਚ ਜੋ ਬਿਡੇਨ ਦੇ ਸਮਰੱਥਨ ‘ਚ ਇੱਕ ਅਹਿਮ ਭੂਮਿਕਾ ਨਿਭਾਉਣਾ ਚਾਹੁੰਦੇ ਹਨ। ਬਰਾਕ ਓਬਾਮਾ ਨੇ, ਓਬਾਮਾ ਐਲੂਮਨੀ ਐਸੋਸੀਏਸ਼ਨ ਦੇ 300 ਲੋਕਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਓਬਾਮਾ ਦੇ ਕਾਰਜਕਾਲ ਦੌਰਾਨ ਕੰਮ ਕੀਤਾ ਸੀ। ਓਬਾਮਾ ਨੇ ਲੋਕਾਂ ਨੂੰ ਡੈਮੋਕਰੇਟਿਕ ਪਾਰਟੀ ਦੀ ਤਰਫੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਦਾ ਸਮਰਥਨ ਕਰਨ ਦੀ ਅਪੀਲ ਵੀ ਕੀਤੀ।
ਸਾਬਕਾ ਰਾਸ਼ਟਰਪਤੀ ਨੇ ਇਨ੍ਹਾਂ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨ ਵਾਲੇ ਅੰਡਰ-ਗ੍ਰੈਜੂਏਟ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ। ਓਬਾਮਾ ਨੇ ਇਸ ਦੌਰਾਨ ਫਰਵਰੀ ‘ਚ ਹੋਈ ਗੋਲੀਬਾਰੀ ਦੀ ਘਟਨਾ ਦਾ ਵੀ ਜ਼ਿਕਰ ਕੀਤਾ। ਜਿਸ ਵਿੱਚ 25 ਸਾਲ ਦੇ ਅਹਿਮਦ ਅਰਬੇਰੀ ਦੀ ਉਸ ਸਮੇਂ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਉਹ ਰਿਹਾਇਸ਼ੀ ਗਲੀ ਤੇ ਜਾਗਿੰਗ ਕਰ ਰਿਹਾ ਸੀ।