ਜੰਤਰ ਮੰਤਰ ਵਿਖੇ ‘ਕਿਸਾਨ ਸੰਸਦ’ ਜਾਰੀ, ਰਾਕੇਸ਼ ਟਿਕੈਤ ਨੇ 2 ਚੈਨਲਾਂ ਨੂੰ ਕਿਹਾ ‘ਸੁਧਰ ਜਾਓ’

TeamGlobalPunjab
2 Min Read

ਨਵੀਂ ਦਿੱਲੀ (ਦਵਿੰਦਰ ਸਿੰਘ) : ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਤਹਿਤ ਜੰਤਰ-ਮੰਤਰ ਵਿਖੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ।  ਸਿੰਘੂ ਬਾਰਡਰ ਤੋਂ ਜੰਤਰ-ਮੰਤਰ ਪੁੱਜੇ ਕਿਸਾਨਾਂ ਵੱਲੋਂ ‘ਕਿਸਾਨ ਸੰਸਦ’ ਸ਼ੁਰੂ ਕੀਤੀ ਗਈ। ਕਿਸਾਨਾਂ ਨੂੰ ਕਰੀਬ ਛੇ ਮਹੀਨਿਆਂ ਬਾਅਦ ਦਿੱਲੀ ਪ੍ਰਵੇਸ਼ ਦੀ ਅਧਾਕਾਰਿਕ ਤੌਰ ਤੇ ਆਗਿਆ ਦਿੱਤੀ ਗਈ ਹੈ। ‘ਕਿਸਾਨ ਸੰਸਦ’ ਮੌਕੇ ਸਾਰੇ ਹੀ ਵੱਡੇ ਕਿਸਾਨ ਆਗੂ ਹਾਜ਼ਰ ਹਨ । ਕਿਸਾਨਾਂ ਵਲੋਂ ਜੰਤਰ-ਮੰਤਰ ਵਿਖੇ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਹੈ।

 

26 ਜਨਵਰੀ ਨੂੰ ਦਿੱਲੀ ਵਿਚ ਹੋਏ ਜ਼ਬਰਦਸਤ ਪ੍ਰਦਰਸ਼ਨ ਤੋਂ ਬਾਅਦ ਪਹਿਲੀ ਵਾਰ ਦਿੱਲੀ ਸਰਕਾਰ ਨੇ ਕਿਸਾਨਾਂ ਦੇ ਦਿੱਲੀ ਦਾਖਲੇ ਦੀ ਆਗਿਆ ਦਿੱਤੀ ਹੈ। ਇਹ ਆਗਿਆ 22 ਜੁਲਾਈ ਤੋਂ 9 ਅਗਸਤ ਤੱਕ ਦਿੱਤੀ ਗਈ ਹੈ ।  ਪ੍ਰਦਰਸ਼ਨ ਸ਼ਾਮ 5 ਵਜੇ ਤੱਕ ਚੱਲੇਗਾ। ਦਿੱਲੀ ਆਪਦਾ ਪ੍ਰਬੰਧਨ ਅਥਾਰਟੀ ਨੇ ਪ੍ਰਦਰਸ਼ਨ ਨੂੰ ਸ਼ਰਤਾਂ ਨਾਲ ਮਨਜ਼ੂਰੀ ਦਿੱਤੀ ਹੈ। ਇਸ ਵਿਰੋਧ ਪ੍ਰਦਰਸ਼ਨ ਵਿਚ ਸਿਰਫ 200 ਕਿਸਾਨਾਂ ਨੂੰ ਹਿੱਸਾ ਲੈਣ ਦੀ ਆਗਿਆ ਹੈ।

 

ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਨੇਤਾ ਰਾਕੇਸ਼ ਟਿਕੈਤ ਜੰਤਰ-ਮੰਤਰ ਪਹੁੰਚੇ ਹਨ। ਪਹਿਲਾਂ ਉਹ ਸਿੰਘੂ ਸਰਹੱਦ ‘ਤੇ ਪਹੁੰਚੇ ਸਨ। ਇਥੋਂ ਉਹ ਬੱਸਾਂ ਰਾਹੀਂ ਕਿਸਾਨਾਂ ਨਾਲ ਜੰਤਰ ਮੰਤਰ ਪੁੱਜੇ। ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਮਾਨਸੂਨ ਸੈਸ਼ਨ ਦੀ ਕਾਰਵਾਈ ‘ਤੇ ਵੀ ਨਜ਼ਰ ਰੱਖਾਂਗੇ। ਟਿਕੈਤ ਨੇ ਦੋ ਵੱਡੇ ਖ਼ਬਰੀ ਚੈਨਲਾਂ ਤੇ ਕਿਸਾਨਾਂ ਬਾਰੇ ਗਲਤ ਖਬਰਾਂ ਪ੍ਰਸਾਰਿਤ ਕਰਨ ਤੇ ਨਾਰਾਜ਼ਗੀ ਜ਼ਾਹਿਰ ਕੀਤੀ । ਇਹ ਦੋਵੇਂ ਚੈਨਲ ਸਰਕਾਰ ਪੱਖੀ ਖਬਰਾਂ (ਇੱਕ ਪੱਖ ਹੀ ਵਿਖਾਉਂਦੇ ਰਹੇ ਹਨ) ਦਿਖਾਉਣ ਲਈ ਪਹਿਲਾਂ ਹੀ ਖਾਸੇ ਬਦਨਾਮ ਹਨ।

ਵੇਖੋ ਰਾਕੇਸ਼ ਟਿਕੈਤ ਨੇ ਕਿਹੜੇ-ਕਿਹੜੇ ਖ਼ਬਰੀ ਚੈਨਲਾਂ ਨੂੰ ਸੁਧਰਨ ਦੀ ਨਸੀਹਤ ਦਿੱਤੀ।

 ‘ਕਿਸਾਨ ਸੰਸਦ’ ਦੇ ਕਾਰਨ ਜੰਤਰ-ਮੰਤਰ ਅਤੇ ਦਿੱਲੀ ਵਿਚ ਸਰਹੱਦ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਨੇ ਕਿਸਾਨਾਂ ਨੂੰ ਇਸ ਸ਼ਰਤ ‘ਤੇ ਵਿਰੋਧ ਪ੍ਰਦਰਸ਼ਨ ਕਰਨ ਦੀ ਆਗਿਆ ਦਿੱਤੀ ਹੈ ਕਿ ਉਹ ਸੰਸਦ ਤੱਕ ਕੋਈ ਮਾਰਚ ਨਹੀਂ ਕੱਢਣਗੇ।।

 

ਉਧਰ ਮਾਨਸੂਨ ਇਜਲਾਸ ਦੇ ਤੀਜੇ ਦਿਨ ਵੀ ਸੰਸਦ ਵਿੱਚ ਹੰਗਾਮਾ ਜਾਰੀ ਰਿਹਾ ।‌‌ ਸੰਸਦ ਦੇ ਦੋਹਾਂ ਸਦਨਾਂ ਵਿੱਚ ਵਿਰੋਧੀ ਧਿਰਾਂ ਨੇ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕਰਦਿਆਂ ਹੰਗਾਮਾ ਕੀਤਾ।

Share this Article
Leave a comment