Home / ਓਪੀਨੀਅਨ / ਕਿਸਾਨ ਅੰਦੋਲਨ: ਕਿਸਾਨ ਬੀਬੀਆਂ ਦੀ ਸ਼ਮੂਲੀਅਤ ਤੇ ‘ਟਾਈਮ’ ਮੈਗਜ਼ੀਨ ਦੀ ਰਿਪੋਰਟ

ਕਿਸਾਨ ਅੰਦੋਲਨ: ਕਿਸਾਨ ਬੀਬੀਆਂ ਦੀ ਸ਼ਮੂਲੀਅਤ ਤੇ ‘ਟਾਈਮ’ ਮੈਗਜ਼ੀਨ ਦੀ ਰਿਪੋਰਟ

-ਅਵਤਾਰ ਸਿੰਘ

ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦੀ ਸੜਕਾਂ ਉਪਰ ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਪਿਛਲੇ 100 ਦਿਨਾਂ ਤੋਂ ਕੇਂਦਰ ਦੀ ਸਰਕਾਰ ਵਲੋਂ ਲਿਆਂਦੇ ਨਵੇਂ ਖੇਤੀਬੜੀ ਕਾਨੂੰਨਾਂ ਖਿਲਾਫ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ। ਧਰਨਾ ਦੇ ਰਹੇ ਇਨ੍ਹਾਂ ਕਿਸਾਨਾਂ ਵਿੱਚ ਮਾਵਾਂ ਦਾ ਸੀਰ ਚੁੰਘਦੇ ਬੱਚਿਆਂ ਸਮੇਤ 90 ਸਾਲ ਤਕ ਦੇ ਬਜ਼ੁਰਗ ਮਰਦ ਅਤੇ ਔਰਤਾਂ ਸ਼ਾਮਿਲ ਹਨ। ਕੌਮੀ ਰਾਜਧਾਨੀ ਦੇ ਸ਼ਾਹ ਮਾਰਗ ਉਪਰ ਰੁਲ ਰਹੇ ਬਹੁਤ ਸਾਰੇ ਕਿਸਾਨ ਤੇ ਨੌਜਵਾਨ ਸ਼ਹੀਦੀਆਂ ਵੀ ਪਾ ਚੁੱਕੇ ਹਨ। ਪਰ ਸਮੇਂ ਦੇ ਹਾਕਮ ਟਸ ਤੋਂ ਮੱਸ ਨਹੀਂ ਹੋ ਰਹੇ। ਸਰਕਾਰ ਨੇ 11 ਵਾਰ ਕਿਸਾਨ ਆਗੂਆਂ ਨਾਲ 11 ਗੇੜਾਂ ਵਿੱਚ ਰਸਮੀ ਮੀਟਿੰਗਾਂ ਤਾਂ ਕੀਤੀਆਂ ਪਰ ਉਹ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀਆਂ ਹੀ ਸਨ। ਕਿਸਾਨਾਂ ਦੇ ਸਿਰੜ ਦੀ ਅੰਤਰਰਾਸ਼ਟਰੀ ਪੱਧਰ ‘ਤੇ ਚਰਚਾ ਵੀ ਹੋ ਰਹੀ ਹੈ।

ਇਸੇ ਤਰ੍ਹਾਂ ਦੇਸ਼-ਵਿਦੇਸ਼ ‘ਚ ਚਰਚਾ ਦਾ ਵਿਸ਼ੇ ਬਣ ਚੁੱਕੇ ਕਿਸਾਨ ਅੰਦੋਲਨ ਨੂੰ ਹੁਣ ਅਮਰੀਕੀ ਰਸਾਲੇ ‘ਟਾਈਮ’ ਨੇ ਆਪਣੇ ਮਾਰਚ ਦੇ ਐਡੀਸ਼ਨ ਦੇ ਮੁੱਖ ਪੰਨੇ ‘ਤੇ ਕਿਸਾਨ ਅੰਦੋਲਨ ‘ਚ ਸ਼ਾਮਿਲ ਔਰਤਾਂ ਨੂੰ ਵਿਸ਼ੇਸ਼ ਥਾਂ ਦਿੱਤੀ ਹੈ।

ਮੁੱਖ ਪੰਨੇ ਉਪਰ ਬਜ਼ੁਰਗ ਅਤੇ ਨੌਜਵਾਨ ਔਰਤਾਂ ਤੋਂ ਇਲਾਵਾ ਇਕ ਔਰਤ ਵਲੋਂ ਕੁੱਛੜ ਚੁੱਕੇ ਬੱਚੇ ਦੀ ਤਸਵੀਰਾਂ ਵੀ ਸ਼ਾਮਿਲ ਹਨ।

ਮੈਗਜ਼ੀਨ ਦੇ ਕਵਰ ਪੇਜ ‘ਤੇ ਤਸਵੀਰ ਤੋਂ ਇਲਾਵਾ ਅੰਦਰ ਛਪੇ ਲੇਖ ਦਾ ਸਿਰਲੇਖ ਹੈ ‘ਮੈਨੂੰ ਡਰਾਇਆ-ਧਮਕਾਇਆ ਨਹੀਂ ਜਾ ਸਕਦਾ ਅਤੇ ਮੈਨੂੰ ਖ਼ਰੀਦਿਆ ਨਹੀਂ ਜਾ ਸਕਦਾ।’ ‘ਟਾਈਮ’ ਮੈਗਜ਼ੀਨ ਨੇ ਆਪਣੇ ਟਵਿੱਟਰ ਹੈਂਡਲ ਤੋਂ ਵੀ ਇਸ ਦੀ ਜਾਣਕਾਰੀ ਦਿੰਦਿਆਂ ਅਤੇ ਕਵਰ ਪੇਜ ਸਾਂਝਾ ਕਰਦਿਆਂ ਲਿਖਿਆ ਟਾਈਮ ਦਾ ਨਵਾਂ ‘ਇੰਟਰਨੈਸ਼ਨਲ ਕਵਰ।’

ਟਾਈਮ ਮੈਗਜ਼ੀਨ ਵਲੋਂ ਟਵਿੱਟਰ ‘ਤੇ ਸਾਂਝੀ ਕੀਤੀ ਤਸਵੀਰ ਦੇ ਨਾਲ ਅੰਦਰ ਛਪੇ ਲੇਖ ਦਾ ਲਿੰਕ ਵੀ ਸਾਂਝਾ ਕੀਤਾ ਗਿਆ ਹੈ, ਜਿਸ ‘ਚ ਭਾਰਤ ਦੇ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੀਆਂ ਔਰਤਾਂ ਦੀ ਗੱਲ ਕੀਤੀ ਗਈ ਹੈ। ਗੌਰਤਲਬ ਹੈ ਕਿ ਭਾਰਤ ਸਰਕਾਰ ਅਤੇ ਚੀਫ਼ ਜਸਟਿਸ ਤੱਕ ਅੰਦੋਲਨਕਾਰੀ ਕਿਸਾਨਾਂ ਨੂੰ ਅਪੀਲ ਕਰ ਚੁੱਕੇ ਹਨ ਕਿ ਉਹ ਬਜ਼ੁਰਗਾਂ ਅਤੇ ਔਰਤਾਂ ਨੂੰ ਘਰ ਜਾਣ ਨੂੰ ਕਹਿਣ ਜਿਸ ‘ਤੇ ਔਰਤਾਂ ਨੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਸੀ ਕਿ ਕਿਸਾਨ ਅੰਦੋਲਨ ਸਿਰਫ਼ ਮਰਦਾਂ ਦਾ ਨਹੀਂ ਹੈ।

ਲੇਖ ‘ਚ ਪੰਜਾਬ ਤੋਂ ਤਲਵੰਡੀ ਦੀ 41 ਸਾਲਾ ਅਮਨਦੀਪ ਕੌਰ ਦਾ ਵੀ ਬਿਆਨ ਸ਼ਾਮਿਲ ਹੈ, ਜਿਸ ਦੇ ਪਤੀ ਨੇ 5 ਸਾਲ ਪਹਿਲਾਂ ਖੁਦਕੁਸ਼ੀ ਕਰ ਲਈ ਸੀ। ਅਮਨਦੀਪ ਕੌਰ ਨੇ ਆਪਣੀ ਹੱਡਬੀਤੀ ਬਿਆਨ ਕਰਦਿਆਂ ਕਿਹਾ ਕਿ ਜਦੋਂ ਉਸ ਦੇ ਪਤੀ ਨੇ ਖੁਦਕੁਸ਼ੀ ਕੀਤੀ ਸੀ ਤਾਂ ਉਸ ਨੂੰ ਆਪਣੇ ਹੱਕਾਂ ਦਾ ਵੀ ਨਹੀਂ ਪਤਾ ਸੀ।

ਲੇਖ ‘ਚ ਦਿੱਲੀ ਦੀਆਂ ਸਰਹੱਦਾਂ ‘ਤੇ ਧਰਨੇ ‘ਤੇ ਬੈਠੀਆਂ ਪੰਜਾਬ, ਹਰਿਆਣਾ ਅਤੇ ਉੱਤਰਾਖੰਡ ਦੀਆਂ ਔਰਤਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ‘ਚ ਗੁਰਮਰ ਕੌਰ, ਸੁਰਜੀਤ ਕੌਰ, ਜਸਵੰਤ ਕੌਰ, ਸਰਜੀਤ ਕੌਰ ਤੇ ਦਲਬੀਰ ਕੌਰ ਆਦਿ ਸ਼ਾਮਿਲ ਹਨ। ਸੰਯੁਕਤ ਕਿਸਾਨ ਅੰਦੋਲਨ ਵਲੋਂ 8 ਮਾਰਚ ਨੂੰ ਔਰਤ ਕਿਸਾਨ ਦਿਵਸ ਮਨਾਇਆ ਜਾ ਰਿਹਾ ਹੈ। ਉਸ ਦਿਨ ਸਟੇਜ ਦਾ ਸਾਰਾ ਸੰਚਾਲਨ ਔਰਤਾਂ ਕਰਨਗੀਆਂ ਅਤੇ ਬੁਲਾਰੇ ਵੀ ਔਰਤਾਂ ਹੋਣਗੀਆਂ।

ਮਹਿਲਾ ਦਿਵਸ ਸਮਰਪਿਤ: ਅੱਠ ਮਾਰਚ ਦਾ ਦਿਨ ਹਰ ਸਾਲ ਔਰਤਾਂ ਨੂੰ ਜਾਗ੍ਰਿਤ ਕਰਨ ਲਈ ਵਿਸ਼ਵ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਸਿਰਫ ਇਕ ਦਿਨ ਔਰਤਾਂ ਦੀ ਬਰਾਬਰਤਾ ਅਤੇ ਹੱਕਾਂ ਦੀਆਂ ਜਾਣਕਾਰੀ ਸਬੰਧੀ ਸੈਮੀਨਾਰ, ਰੈਲੀਆਂ ਤੇ ਗੋਸ਼ਟੀਆਂ ਲਈ ਰਾਖਵਾਂ ਰੱਖਿਆ ਹੈ। ਬੇਸ਼ਕ ਅੱਜ ਦੀਆਂ ਔਰਤਾਂ ਪਹਿਲਾਂ ਨਾਲੋਂ ਕਾਫੀ ਜਾਗ੍ਰਿਤ ਹਨ ਪਰ ਉਨ੍ਹਾਂ ਵਿੱਚ ਆਪਣੇ ਅਧਿਕਾਰਾਂ ਤੇ ਕਾਨੂੰਨਾਂ ਪ੍ਰਤੀ ਜਾਣਕਾਰੀ ਦੀ ਘਾਟ ਹੈ। ਸਮੇਂ ਸਮੇਂ ਦੇ ਹਾਕਮਾਂ ਵੱਲੋਂ ਹਾਲਾਤ ਨੂੰ ਮੁੱਖ ਰੱਖ ਕੇ ਔਰਤਾਂ ਦੇ ਹੱਕਾਂ ਲਈ ਕਈ ਕਾਨੂੰਨ ਬਣਾਏ ਗਏ ਹਨ। ਅਫਸੋਸ ਬਹੁਤੇ ਕਾਨੂੰਨ ਸੰਵਿਧਨ ਦਾ ਸ਼ਿੰਗਾਰ ਬਣੇ ਹਨ। ਬੇਰੋਜ਼ਗਾਰੀ ਕਾਰਨ ਬਹੁਤ ਸਾਰੀਆਂ ਔਰਤਾਂ, ਲੜਕੀਆਂ ਛੋਟੇ ਮੋਟੇ ਪ੍ਰਾਈਵੇਟ ਦਫਤਰਾਂ, ਮਸਾਜ ਪਾਰਲਰਾਂ, ਡਾਂਸ ਗਰੁੱਪਾਂ, ਸਕੂਲਾਂ, ਫੈਕਟਰੀਆ, ਕੰਪਨੀਆਂ, ਵਪਾਰਕ ਆਦਾਰਿਆਂ ਵਿੱਚ ਘੱਟ ਪੈਸੇ ਤੇ ਕੰਮ ਕਰਨ ਲਈ ਮਜਬੂਰ ਹਨ। ਕਈ ਵਾਰ ਇਨ੍ਹਾਂ ਦੀ ਮਜਬੂਰੀ ਦਾ ਨਾਜਾਇਜ਼ ਫਾਇਦਾ ਉਠਾ ਕੇ ਉਨ੍ਹਾਂ ਦਾ ਸ਼ੋਸਣ ਕੀਤਾ ਜਾਂਦਾ ਹੈ।90% ਆਪਣੀ ਤੇ ਆਪਣੇ ਪਰਿਵਾਰ ਦੀ ਇੱਜਤ ਖਾਤਰ ਚੁੱਪ ਵੱਟ ਲੈਂਦੀਆਂ ਹਨ, ਬਾਕੀ 10% ਪਾਇਆ ਰੌਲਾ-ਰੱਪਾ ਸਮਾਜਿਕ ਰੁਤਬੇ ਤੇ ਅਸਰ ਰਸੂਖ ਕਾਰਨ ਕੁਝ ਲੈ ਦੇ ਕੇ ਠੱਪ ਹੋ ਜਾਂਦਾ ਹੈ।

ਸੈਰ ਸਪਾਟਾ ਤੇ ਸਾਡੇ ਲੀਡਰ ਬਲਾਤਕਾਰ ਘਟਨਾਵਾਂ ਨੂੰ ਰੋਕਣ ਲਈ ਔਰਤਾਂ ਤੇ ਖਾਸ ਕਰਕੇ ਵਿਦੇਸ਼ੀ ਸੈਲਾਨੀ ਔਰਤਾਂ ਨੂੰ ਸਲਾਹ ਦਿੰਦੇ ਹਨ ਕਿ ਉਹ ਭੜਕੀਲੇ ਲਿਬਾਸ ਨਾ ਪਾਉਣ। ਜੇ ਇਸ ਤਰ੍ਹਾਂ ਹੋਵੇ ਤਾਂ ਛੇ ਮਹੀਨੇ ਤੇ 80 ਸਾਲ ਦੀ ਉਮਰ ਵਾਲੀਆਂ ਔਰਤਾਂ ਦੇ ਬਲਾਤਕਾਰ ਨਾ ਹੋਣ। ਇਸਦਾ ਕਾਰਨ ਹੈ ਭਾਰਤੀ ਮਰਦ ਦੀ ਔਰਤ ਪ੍ਰਤੀ ਮਾਨਸਕਿਤਾ ਹੈ। ਅਜਿਹੀ ਮਾਨਸਕਿਤਾ ਬਣਾਉਣ ਪਿਛੇ ਸਾਡੇ ਟੀ ਵੀ ਚੈਨਲ, ਫਿਲਮਾਂ, ਅਸ਼ਲੀਲ ਗਾਇਕ ਤੇ ਵਿਦਿਅਕ ਅਦਾਰਿਆਂ ਵਿੱਚ ਕਰਵਾਏ ਜਾਂਦੇ ਸੁੰਦਰਤਾ ਦੇ ਮੁਕਾਬਲੇ ਤੇ ਮੌਜੂਦਾ ਪ੍ਰਬੰਧ ਹੈ।

ਇੱਕ ਸਰਵੇਖਣ ਅਨੁਸਾਰ 42% ਔਰਤਾਂ ਨੂੰ ਉਨ੍ਹਾਂ ਦੇ ਪਤੀ ਦੇ ਥੱਪੜ ਤੇ ਠੁੱਡੇ ਮਾਰਦੇ ਹਨ। 50% ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਹਰ ਰੋਜ ਲੁੱਟਮਾਰ, ਬਲਾਤਕਾਰ ਤੇ ਔਰਤਾਂ ਦੇ ਅਗਵਾ ਹੋਣ ਦੀਆਂ ਘਟਨਾਵਾਂ ਵਾਪਰਦੀਆਂ ਹਨ। ਔਰਤਾਂ ਦੀ ਸਮਾਜਿਕ ਹਾਲਤ ਨੂੰ ਸੁਧਾਰਨ ਲਈ ਪਹਿਲਾਂ ਅੰਗਰੇਜ਼ਾਂ ਨੇ ਕੁਝ ਕਾਨੂੰਨ ਬਣਾਏ ਕਿਉਕਿ ਪਹਿਲੇ ਰਾਜੇ ਮਹਾਰਾਜੇ ਕਈ ਕਈ ਰਾਣੀਆਂ ਉਦਾਸੀਆਂ ਰੱਖਦੇ ਸਨ। ਪਤੀ ਦੇ ਮਰਨ ਤੇ ਪਤਨੀ ਨੂੰ ਜਿਉਂਦੇ ਉਸਦੀ ਚਿੱਖਾ ਵਿੱਚ ਮਰਨ ਲਈ ਮਜਬੂਰ ਕੀਤਾ ਜਾਂਦਾ ਸੀ।

ਵਿਧਵਾਵਾਂ ਨੂੰ ਦੂਜਾ ਵਿਆਹ ਕਰਨ ਦੀ ਇਜਾਜਤ ਨਹੀਂ ਸੀ। ਦੁਬਾਰਾ ਵਿਧਵਾ ਵਿਆਹ ਕਰਨ ਦਾ ਐਕਟ 1856, ਸਤੀ ਪ੍ਰਥਾ ਰੋਕਣ ਲਈ ਐਕਟ, ਬਾਲ ਵਿਆਹ ਰੋਕੂ ਐਕਟ 1929 ਆਦਿ ਬਣਾਏ ਗਏ।

ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਵਲੋਂ ਬਹੁਤ ਸਾਰੇ ਕਾਨੂੰਨ ਬਣਾਏ ਗਏ ਜਿਹਨਾਂ ਵਿਚ ਦਹੇਜ ਵਿਰੋਧੀ ਕਾਨੂੰਨ 1961, ਦਹੇਜ ਦੇਣ ਲਈ ਮਜਬੂਰ ਕਰਨ ਦਾ ਕਾਨੂੰਨ 1986, ਦੇਹ ਵਪਾਰ ਵਿਰੁੱਧ ਕਾਨੂੰਨ, ਔਰਤਾਂ ਪ੍ਰਤੀ ਛੇੜਛਾੜ ਕਾਨੂੰਨ, ਮਾਪਿਆਂ ਦੀ ਜਾਇਦਾਦ ਵਿੱਚੋਂ ਔਰਤਾਂ ਨੂੰ ਹਿੱਸਾ ਦੇਣ ਲਈ ਕਾਨੂੰਨ, ਘਰੇਲੂ ਹਿੰਸਾ ਵਿਰੁੱਧ ਐਕਟ,ਔਰਤਾਂ ਪ੍ਰਤੀ ਅਸ਼ਲੀਲ ਹਰਕਤਾਂ ਖਿਲਾਫ ਕਾਨੂੰਨ, ਵਿਆਹ ਦੇ ਸੱਤ ਸਾਲਾਂ ਦੇ ਅੰਦਰ ਅੰਦਰ ਵਿਆਹੁਤਾ ਦੀ ਮੌਤ ਹੋਣ ਤੇ ਡੀ ਐਸ ਪੀ ਰੈਂਕ ਤੋਂ ਘੱਟ ਹੋਣ ਤੇ ਪੁਲਿਸ ਕਾਰਵਾਈ ਨਹੀ ਹੋਵੇਗੀ, ਪੰਚਾਇਤ, ਨਗਰਪਾਲਿਕਾ ਤੇ ਹੋਰ ਸੰਸਥਾਵਾਂ ਵਿੱਚ ਔਰਤਾਂ ਨੂੰ 33% ਸੀਟਾਂ ਨੁਮਾਇੰਦਗੀ ਦੇਣ ਬਾਰੇ।ਮਾਦਾ ਭਰੂਣ ਹੱਤਿਆ ਖਿਲਾਫ ਪੀ ਐਨ ਡੀ ਟੀ ਐਕਟ 1994,ਸਰਗੋਸੀ (ਕਿਰਾਏ ਦੀ ਕੁੱਖ) ਐਕਟ,ਵਿਆਹ ਦੀ ਰਜਿਸਟ੍ਰੇਸ਼ਨ ਪ੍ਰਤੀ ਸੁਪਰੀਮ ਕੋਰਟ ਦੇ ਹੁਕਮ।ਦੇਸ਼ ਵਿੱਚ ਲੜਕੇ ਦੇ ਵਿਆਹ ਦੀ ਉਮਰ 21 ਸਾਲ ਤੇ ਲੜਕੀ ਦੀ 18 ਸਾਲ, ਪਤਾ ਨਹੀਂ ਕਿਸਦੇ ਦਿਮਾਗ ਦੀ ਕਾਢ ਹੈ। ਆਮ ਹੀ ਬਾਲ ਵਿਆਹ ਕਰਨ ਦੀਆਂ ਖਬਰਾਂ ਮਿਲਦੀਆਂ ਹਨ।

ਦੂਜੇ ਪਾਸੇ ਵੱਡੀ ਗਿਣਤੀ ਵਿੱਚ ਆਸ਼ਾ ਵਰਕਰ, ਮਿਡ ਡੇ ਮੀਲ ਵਰਕਰ ਤੇ ਆਂਗਣਵਾੜੀ ਵਿਭਾਗ ਕੰਮ ਕਰ ਰਹੀਆਂ ਔਰਤਾਂ ਨੂੰ ਨਿਗੂਣੇ ਮਾਣ ਭੱਤੇ ਤੇ ਤਨਖਾਹਾਂ ਦਿਤੇ ਜਾ ਰਹੇ ਹਨ, ਜੋ ਆਪਣੀਆਂ ਜਥੇਬੰਦੀਆਂ ਰਾਂਹੀ ਵੱਧ ਰਹੀ ਮਹਿੰਗਾਈ ਦੇ ਹਿਸਾਬ ਨਾਲ ਬਣਦੇ ਹੱਕ ਲੈਣ ਲਈ ਜਥੇਬੰਦਕ ਲੜਾਈ ਲੜ ਰਹੀਆਂ ਹਨ। ਆਜ਼ਾਦੀ ਨੂੰ 73 ਸਾਲ ਹੋ ਚੁੱਕੇ ਹਨ ਤਾਂ ਦੇਸ਼ ਦੇ ਕੁਝ ਰਾਜਾਂ ਵਿੱਚ ਅੱਜ ਵੀ ਔਰਤਾਂ ਨੂੰ ਡਾਇਣਾਂ ਦੇ ਨਾਮ ਹੇਠ ਤਸੀਹੇ ਦਿਤੇ ਜਾਂਦੇ ਹਨ ਜਾਂ ਮਾਰਿਆ ਜਾ ਰਿਹਾ ਹੈ। ਜਦੋਂ ਤੱਕ ਔਰਤ ਆਪ ਚੇਤਨ ਰੂਪ ਵਿੱਚ ਆਪਣੇ ਬਾਰੇ ਨਹੀਂ ਸੋਚਦੀ, ਭਾਂਵੇ ਜਿੰਨੇ ਮਰਜੀ ਔਰਤ ਦਿਵਸ ਮਨਾਏ ਜਾਣ ਉਨਾ ਚਿਰ ਤਕ ਸਿਰਫ ਇਹੋ ਹੋਵੇਗਾ, ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉਥੇ ਦਾ ਉਥੇ।#

Check Also

‘ਸੁੰਦਰ ਮੁੰਦਰੀਏ ਹੋ’

ਗੁਰਪ੍ਰੀਤ ਡਿੰਪੀ; ਭਾਰਤ ਦੀ ਧਰਤੀ ਤਿਉਹਾਰਾਂ ਦੀ ਧਰਤੀ ਹੈ। ਇੱਥੇ ਹਰ ਸਾਲ ਤਿਉਹਾਰਾਂ ਦੇ ਮੇਲੇ …

Leave a Reply

Your email address will not be published. Required fields are marked *