ਵਿਸ਼ਵ ਲੋਕਤੰਤਰ ਦਿਵਸ – ਲੋਕਤੰਤਰੀ ਪ੍ਰੰਪਰਾਵਾਂ ਦਾ ਘਾਣ ਵੇਖ ਰਿਹੈ ਸੰਸਾਰ

TeamGlobalPunjab
5 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ;

ਅੱਜ ‘ਵਿਸ਼ਵ ਲੋਕਤੰਤਰ ਦਿਵਸ’ ਹੈ ਤੇ ਇਹ ਦਿਵਸ ਮਨਾਉਣ ਦਾ ਮੰਤਵ ਦੱਸਦਿਆਂ ਸੰਯੁਕਤ ਰਾਸ਼ਟਰ ਸੰਘ UNO ਦੀ ਆਮ ਸਭਾ ਨੇ ਕਿਹਾ ਸੀ – ‘‘ਇਹ ਦਿਨ ਦੁਨੀਆਂ ਭਰ ਦੇ ਲੋਕਾਂ ਅੰਦਰ ਲੋਕਤੰਤਰ ਦੇ ਮਹੱਤਵ ਤੇ ਮਹਾਨਤਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਦਾ ਦਿਨ ਹੈ।’’ ਇਸ ਦਿਵਸ ਨੂੰ ਮਨਾਉਣ ਦੀ ਆਰੰਭਤਾ ਸੰਨ 2007 ਵਿੱਚ ਪਾਸ ਕੀਤੇ ਇੱਕ ਮਤੇ ਤੋਂ ਬਾਅਦ ਹੋਈ ਸੀ। ਲੋਕਤੰਤਰ ਬਾਰੇ ਮੰਨਿਆ ਜਾਂਦਾ ਹੈ ਕਿ ਲੋਕੰਤੰਤਰ ‘ਲੋਕਾਂ ਦੁਆਰਾ, ਲੋਕਾਂ ਲਈ ਅਤੇ ਲੋਕਾਂ ਦੀ ਸਰਕਾਰ’ ਹੁੰਦਾ ਹੈ। ਇਸ ਵਿੱਚ ਲੋਕ ਤੇ ਖ਼ਾਸ ਕਰਕੇ ਆਮ ਲੋਕ ਹੀ ਪ੍ਰਮੁੱਖ ਹੁੰਦੇ ਹਨ। ਲੋਕਾਂ ਦੁਆਰਾ ਚੁਣੀਆਂ ਸਰਕਾਰਾਂ ਤੇ ਰਾਜਨੇਤਾਵਾਂ ਦਾ ਕੰਮ ਹੁੰਦਾ ਹੈ ਦੇਸ਼ ਵਿੱਚ ਕਾਨੂੰਨ ਵਿਵਸਥਾ ਕਾਇਮ ਰੱਖਣਾ, ਲੋਕ ਹਿੱਤਾਂ ਵਿੱਚ ਨੀਤੀਆਂ ਘੜਨੀਆਂ, ਫ਼ੈਸਲੇ ਲੈਣੇ ਤੇ ਲੋਕਤੰਤਰ ਦੇ ਮੂਲ ਨੇਮਾਂ ਦੀ ਰਾਖੀ ਕਰਦਿਆਂ ਹੋਇਆਂ ਲੋਕਾਂ ਤੇ ਦੇਸ਼ ਦੇ ਮਾਣ ਸਨਮਾਨ ਵਿੱਚ ਵਾਧਾ ਕਰਨਾ। ਲੋਕਾਂ ਦੇ ਹੱਕਾਂ ਦੀ ਰਾਖੀ ਅਤੇ ਮਨੁੱਖੀ ਅਧਿਕਾਰਾਂ ਦੀ ਬਹਾਲੀ ਵੀ ਲੋਕਤੰਤਰੀ ਵਿਵਸਥਾ ਦਾ ਮੁੱਖ ਜ਼ਿੰਮਾ ਹੁੰਦਾ ਹੈ।

ਡਾ. ਬੀ.ਆਰ. ਅੰਬੇਦਕਰ ਨੇ ਕਿਹਾ ਸੀ- ‘‘ਲੋਕਤੰਤਰ ਕਿਸੇ ਸਰਕਾਰ ਦਾ ਨਾਂ ਨਹੀਂ ਹੈ ਸਗੋਂ ਇਹ ਤਾਂ ਇੱਕ ਤਰ੍ਹਾਂ ਦਾ ਸਮਾਜਿਕ ਸੰਗਠਨ ਹੈ।” ਕੌਮਾਂਤਰੀ ਦਸਤਾਵੇਜ਼ ‘ਮਨੁੱਖੀ ਅਧਿਕਾਰਾਂ ਦਾ ਐਲਾਨਨਾਮਾ’ ਇਹ ਆਖ਼ਦਾ ਹੈ- ‘‘ਲੋਕਾਂ ਦਾ ਰਾਇ ਹੀ ਸਰਕਾਰ ਦੀ ਵਿਵਸਥਾ ਤੇ ਕਾਰਜਸ਼ੈਲੀ ਦਾ ਆਧਾਰ ਹੋਣੀ ਚਾਹੀਦੀ ਹੈ।’’ ਲੋਕਤੰਤਰ ਵਿੱਚ ਲੋਕ ਬਿਨਾਂ ਕਿਸੇ ਡਰ, ਲਾਲਚ ਜਾਂ ਦਬਾਅ ਦੇ ਆਪਣਾ ਵੋਟ ਇਸਤੇਮਾਲ ਕਰਕੇ ਆਪਣੀ ਮਰਜ਼ੀ ਦੀ ਸਰਕਾਰ ਚੁਣਦੇ ਹਨ ਤੇ ਚੁਣੀ ਗਈ ਸਰਕਾਰ ਲੋਕ ਭਲਾਈ ਹਿੱਤ ਤੇ ਦੇਸ਼ ਦੀ ਤਰੱਕੀ ਹਿੱਤ ਨਿਰੰਤਰ ਕੰਮ ਕਰਦੀ ਹੈ।

ਵਰਤਮਾਨ ਪਰਿਪੇਖ ਵਿੱਚ ਜੇਕਰ ਭਾਰਤ ਜਾਂ ਅਫ਼ਗਾਨਿਸਤਾਨ ਜਿਹੇ ਮੁਲਕਾਂ ਵਿੱਚ ਲੋਕਤੰਤਰ ਦੀ ਸਮੁੱਚੀ ਵਿਵਸਥਾ ਵੱਲ ਝਾਤੀ ਮਾਰੀਏ ਤਾਂ ਲੋਕਤੰਤਰ ਦਾ ਦਿਨੇ-ਦੀਵੀਂ ਘਾਣ ਪ੍ਰਤੱਖ ਨਜ਼ਰ ਆਉਂਦਾ ਹੈ। ਭਾਰਤ ਵਿੱਚ ਚੁਣੀ ਹੋਈ ਇਸ ਵਕਤ ਦੀ ਸਰਕਾਰ ਦੇ ਬੂਹੇ ‘ਤੇ ਕਿਸਾਨ ਕਈ ਮਹੀਨਿਆਂ ਤੋਂ ਇਨਸਾਫ਼ ਦੀ ਮੰਗ ਲੈ ਕੇ ਬੈਠੇ ਹਨ ਤੇ ਸਰਕਾਰ ਕੰਨਾਂ ‘ਚ ਰੂੰ ਪਾ ਕੇ ਬੈਠੀ ਹੋਈ ਹੈ ਤੇ ਕਿਸਾਨਾਂ ਦੀ ਗੱਲ ਸੁਣ ਕੇ ਪਹਿਲਾਂ ਬਣਾਏ ਹੋਏ ਖੇਤੀ ਕਾਨੂੰਨਾਂ ਵਿੱਚ ਸੋਧ ਕਰਕੇ ਨਵੇਂ ਕਾਨੂੰਨ ਬਣਾਉਣ ਲਈ ਬਿਲਕੁਲ ਵੀ ਤਿਆਰ ਨਹੀਂ ਹੈ। ਲੋਕਾਂ ਦੀ ਆਵਾਜ਼ ਦਬਾਉਣ ਲਈ ਅਤੇ ਆਵਾਜ਼ ਉਠਾ ਰਹੇ ਸੰਗਠਨਾਂ ਤੇ ਨੇਤਾਵਾਂ ਨੂੰ ਬਦਨਾਮ ਕਰਨ ਲਈ ਸਾਮ, ਦਾਮ, ਦੰਡ, ਭੇਦ ਆਦਿ ਹਰੇਕ ਤਰੀਕਾ ਵਰਤਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸ਼ਾਹੀਨ ਬਾਗ਼ ਘਟਨਾਕ੍ਰਮ ਅਤੇ ਕਸ਼ਮੀਰ ਵਿੱਚ ਧਾਰਾ 370 ਖ਼ਤਮ ਕਰਨ ਸਬੰਧੀ ਲੋਕਤੰਤਰੀ ਢੰਗ-ਤਰੀਕਿਆਂ ਦੀ ਵਰਤੋਂ ਕਰਨ ਦੀ ਥਾਂ ਧੱਕੇ ਵਾਲੀ ਨੀਤੀ ਵਰਤੀ ਗਈ। ਅੱਜ ਚਾਹੇ ਆਮ ਲੋਕ ਹੋਣ ਜਾਂ ਸਰਬਸ਼ਕਤੀਸ਼ਾਲੀ ਮੀਡੀਆ ਹੋਵੇ ਕਿਸੇ ਨੂੰ ਵੀ ਸਰਕਾਰ ਦੀਆਂ ਗ਼ਲਤ ਨੀਤੀਆਂ ਤੇ ਅਲੋਕਤੰਤਰੀ ਢੰਗ-ਤਰੀਕਿਆਂ ਖ਼ਿਲਾਫ਼ ਬੋਲਣ ਤਾਂ ਕੀ ਕੁਸਕਣ ਦਾ ਵੀ ਹੱਕ ਨਹੀਂ ਹੈ।

- Advertisement -

ਸਰਕਾਰ ਖ਼ਿਲਾਫ਼ ਉਠਣ ਵਾਲੀ ਹਰ ਆਵਾਜ਼ ਦਬਾਈ ਜਾ ਰਹੀ ਹੈ ਤੇ ਆਵਾਜ਼ ਉਠਾਉਣ ਵਾਲਾ ਹਰ ਸ਼ਖ਼ਸ ‘ਦੇਸ਼ਧ੍ਰੋਹੀ’ ਐਲਾਨਿਆ ਜਾ ਰਿਹਾ ਹੈ। ਲੋਕ ਮਹਿੰਗਾਈ ਤੇ ਬੇਕਾਰੀ ਹੱਥੋਂ ਪਿਸਦੇ ਹੋਏ ਚੀਕਾਂ ਮਾਰ ਰਹੇ ਹਨ ਤੇ ਸ਼ਾਸਕ ਧਾਰਮਿਕ ਅਸਥਾਨਾਂ ‘ਤੇ ਪੂਜਾ ਤੇ ਆਰਤੀਆਂ ਕਰ ਰਹੇ ਹਨ। ਧਰਮ ਅਸਥਾਨਾਂ ਦੇ ਸ਼ੰਖਾਂ ਤੇ ਨਗਾਰਿਆਂ ਦੀ ਆਵਾਜ਼ ਵਿੱਚ ਲੋਕਾਂ ਦੀ ਆਵਾਜ਼ ਦਬਾਈ ਜਾ ਰਹੀ ਹੈ ਤੇ ਦੁਨੀਆਂ ਵਿੱਚ ਸਭ ਤੋਂ ਵੱਡਾ ਲੋਕਤੰਤਰ ਅਖਵਾਉਣ ਵਾਲਾ ਭਾਰਤ ਦ ਲੋਕਤੰਤਰ ਅੱਖਾਂ ‘ਚ ਘਸੁੰਨ ਦੇ ਕੇ ਰੋ ਰਿਹਾ ਹੈ। ਮਹਾਤਮਾ ਗਾਂਧੀ ਨੇ ਠੀਕ ਹੀ ਕਿਹਾ ਸੀ –‘‘ਅਸਹਿਣਸ਼ੀਲਤਾ ਵੀ ਇੱਕ ਪ੍ਰਕਾਰ ਦੀ ਹਿੰਸਾ ਹੈ ਤੇ ਇਹ ਲੋਕਤੰਤਰ ਦੀ ਸੱਚੀ ਭਾਵਨਾ ਦੇ ਵਿਰੁੱਧ ਹੈ’’।

ਅਫ਼ਗਾਨਿਸਤਾਨ ‘ਚ ਲੋਕਤੰਤਰ ਦਾ ਚੀਰਹਰਣ ਕਹਿ ਲਓ ਜਾਂ ਬੇਦਰਦੀ ਨਾਲ ਹੋ ਰਿਹਾ ਮਨੁੱਖੀ ਅਧਿਕਾਰਾਂ ਦਾ ਘਾਣ, ਸਭ ਕੁਝ ਦੁਨੀਆਂ ਦੇ ਸਾਹਮਣੇ ਹੋ ਰਿਹਾ ਹੈ ਤੇ ਆਪਣੇ ਆਪ ਨੂੰ ਦੁਨੀਆਂ ਦੇ ਮਾਲਕ ਆਖਣ ਵਾਲੇ ਅਮਰੀਕਾ ਵਰਗੇ ਦੇਸ਼ ਜਾਂ ਸੰਯੁਕਤ ਰਾਸ਼ਟਰ ਸੰਘ ਜਿਹੇ ਕੌਮਾਂਤਰੀ ਸੰਗਠਨ ਇਧਰ-ਉਧਰ ਬਗਲਾਂ ਝਾਕ ਰਹੇ ਹਨ ਤੇ ਅਫ਼ਗਾਨਾਂ ਦੇ ਲਹੂ ਅਤੇ ਪੱਤ ਦਾ ਤਮਾਸ਼ਾ ਸਰ੍ਹੇਆਮ ਵੇਖ਼ ਰਹੇ ਹਨ।

ਉੱਥੇ ਔਰਤਾਂ ਤੇ ਬੱਚੇ ਅਤੇ ਉਨ੍ਹਾਂ ਦੇ ਮੂਲ ਹੱਕ ਕੁਚਲੇ ਜਾ ਰਹੇ ਹਨ। ਹਵਾਈ ਜਹਾਜ਼ ਦੇ ਬਾਹਰ ਲਟਕ ਕੇ ਜਾਨਾਂ ਗੁਆ ਦੇਣ ਜਿਹੀਆਂ ਸ਼ਰਮਨਾਕ ਘਟਨਾਵਾਂ ਸਭ ਦੀਆਂ ਅੱਖਾਂ ਸਾਹਮਣੇ ਵਾਪਰ ਰਹੀਆਂ ਹਨ, ਹਜ਼ਾਰਾਂ ਲੋਕਾਂ ਦੇ ਕਤਲ ਲਈ ਜ਼ਿੰਮੇਵਾਰ ਸ਼ਖ਼ਸ ਸਰਕਾਰ ਵਿੱਚ ਮੰਤਰੀ ਬਣ ਕੇ ਵਿਚਰ ਰਹੇ ਹਨ ਤੇ ਅਣਮਨੁੱਖੀ ਫ਼ਤਵੇ ਜਾਰੀ ਕਰ ਰਹੇ ਹਨ ਪਰ ਕੋਈ ਕੁਝ ਕਰਨ ਜਾਂ ਕਹਿਣ ਲਈ ਤਿਆਰ ਨਹੀਂ ਹੈ।

ਅੱਜ ‘ਵਿਸ਼ਵ ਲੋਕਤੰਤਰ ਦਿਵਸ’ ਦੇ ਦਿਨ ਵੀ ਜੇਕਰ ਵਿਸ਼ਵ ਦੇ ਮੁਲਕਾਂ ਨੇ ਇੱਕਜੁਟ ਹੋ ਕੇ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਹੋ ਰਹੇ ਲੋਕਤੰਤਰ ਦੇ ਘਾਣ ਖ਼ਿਲਾਫ਼ ਆਵਾਜ਼ ਜਾਂ ਕਦਮ ਨਾ ਉਠਾਏ ਤਾਂ ਆਮ ਲੋਕਾਂ ਦਾ ਇੱਕ ਦਿਨ ਲੋਕਤੰਤਰ ਤੋਂ ਵਿਸ਼ਵਾਸ਼ ਹੀ ਉਠ ਜਾਵੇਗਾ। ਸੰਯੁਕਤ ਰਾਸ਼ਟਰ ਸੰਘ ਦੇ ਸਕੱਤਰ ਜਨਰਲ ਐਂਟੋਨੀਓ ਗੁਤਰੇਸ ਨੇ ਸੱਚ ਹੀ ਕਿਹਾ ਹੈ – ‘‘ਆਓ ਬਰਾਬਰੀ ਅਤੇ ਸਦਭਾਵਨਾ ਦੇ ਸਿਧਾਂਤਾਂ ਦੀ ਰਾਖੀ ਕਰੀਏ ਤਾਂ ਕਿ ਅਸੀਂ ਭਵਿੱਖ ਦੇ ਸੰਕਟਾਂ ਤੋਂ ਬਚ ਸਕੀਏ।”

ਸੰਪਰਕ: 97816-46008

- Advertisement -
Share this Article
Leave a comment