ਪੰਜਾਬ ਵਿੱਚ ਬਹੁਕੋਣੀ ਮੁਕਾਬਲੇ ਰਾਜਸੀ ਧਿਰਾਂ ਵਿੱਚ ਕਾਂਟੇ ਦੀ ਟੱਕਰ

TeamGlobalPunjab
6 Min Read

ਜਗਤਾਰ ਸਿੰਘ ਸਿੱਧੂ

ਪੰਜਾਬ ਵਿਧਾਨਸਭਾ ਦੀਆ ਚੋਣਾਂ ਅੰਦਰ ਨਾਮਜ਼ਦਗੀਆਂ ਦਾ ਕੰਮ ਮੁਕੰਮਲ ਹੋਣ ਬਾਅਦ ਜਿਹੜੀ ਤਸਵੀਰ ਸਾਮਣੇ ਆਈ ਹੈ ।ਉਸ ਤੋਂ ਪਤਾ ਲਗਦਾ ਹੈ ਕਿ ਪੰਜਾਬ ਅੰਦਰ ਬਹੁਕੋਣੀ ਮੁਕਾਬਲੇ ਹੋਣੇ ਨੇ ਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਵਿਧਾਨਸਭਾ ਦੀਆ ਚੌਣਾ ਮੌਕੇ ਬਹੁਕੋਣੀ  ਮੁਕਾਬਲੇ ਹੁੰਦੇ ਰਹੇ ਹਨ । ਪਰ ਇਸ ਵਾਰ ਦੀ ਤਸਵੀਰ ਪਿਛਲੇ ਚੋਣਾਂ ਦੇ ਮੁਕਾਬਲੇ ਬਹੁਤ ਵੱਖਰੀ ਹੈ । ਇਹ ਪਹਿਲਾ ਮੌਕਾ ਹੈ ਜਦੋਂ ਰਿਵਾਇਤੀ ਰਾਜਸੀ ਪਾਰਟੀਆਂ ਵੀ ਵੱਖਰੀ ਤਸਵੀਰ ਪੇਸ਼ ਕਰ ਰਹੀਆਂ ਹਨ । ਇਹਨਾਂ ਪਾਰਟੀਆਂ ਅੰਦਰ ਬਹੁਤ ਵੱਡੀ ਪੱਧਰ ‘ਤੇ ਦਲ ਬਦਲੀ ਹੋਈ ਹੈ ।

ਇਸ ਸਥਿਤੀ ਵਿੱਚ ਜਿਹੜੀਆਂ ਪਾਰਟੀਆਂ ਚੋਣ ਮੈਦਾਨ ਵਿੱਚ ਡਟ ਗਈਆਂ ਹਨ ਉਨ੍ਹਾਂ ਵਿੱਚੋਂ ਕਾਂਗਰਸ,ਆਮ ਆਦਮੀ ਪਾਰਟੀ , ਅਕਾਲੀ ਦਲ,ਸੰਯੁਕਤ ਸਮਾਜ ਮੋਰਚਾ ਅਤੇ ਭਾਜਪਾ ਨਾਲ ਜੁੜੀਆਂ ਪਾਰਟੀਆਂ ਸ਼ਾਮਲ ਹਨ । ਇਸ ਸਾਰੇ ਰਾਜਸੀ ਸੀਨ ਦਾ ਵੱਡਾ ਦਿਲਚਸਪ ਪਹਿਲੂ ਇਹ ਹੈ ਕਿ ਸਾਰੀਆਂ ਪਾਰਟੀਆਂ ਅੰਦਰ ਹੀ ਵੱਡਾ ਘਮਸਾਨ ਮਚਿਆ ਹੋਇਆ ਹੈ । ਮਿਸਾਲ ਵਜੋਂ ਚੌਣ ਲੜ ਰਹੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਪਾਰਟੀ ਨੂੰ ਚੌਣ ਨਿਸ਼ਾਨ ਨਾ ਮਿਲਣ ਵਿੱਚ ‘ਆਪ’ ਅਤੇ ਭਾਜਪਾ ਨੇ ਅਹਿਮ ਭੂਮਿਕਾ ਨਿਭਾਈ ਹੈ । ਸਥਿਤੀ ਨੂੰ ਦੇਖਿਆ ਜਾਵੇ ਤਾਂ ਕੁਝ ਦਿਨ ਪਹਿਲਾਂ ਤੱਕ ਸਾਰੇ ਪੰਜਾਬ ਅੰਦਰ ਇਹ ਚਰਚਾ ਸੀ ਕਿ ਬਲਬੀਰ ਸਿੰਘ ਰਾਜੇਵਲ ਦੀ ਅਗਵਾਈ ਹੇਠ ਕਿਸਾਨ ‘ਆਪ’ ਨਾਲ ਮਿਲ ਕੇ ਚੋਣਾਂ ਲੜ੍ਹਣਗੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਰਾਜੇਵਲ ‘ਆਪ’ ਵੱਲੋਂ ਮੱੱਖ ਮੰਤਰੀ ਦਾ ਚਿਹਰਾ ਹੋਣਗੇ ਕੇਜਰੀਵਾਲ ਵੱਲੋਂ ਇਨ੍ਹਾਂ ਚੌਣਾਂ ਮੌਕੇ ਕਿਸਾਨਾਂ ਨੂੰ ਉਹਨਾਂ ਦੇ ਦਾਅਵੇ ਮੁਤਾਬਿਕ ਸੀਟਾਂ ਛੱਡਣ ਤੋਂ ਇਨਕਾਰ ਕਰ ਦਿੱਤਾ ਗਿਆ ।

ਇਹ ਗੱਲ ਤਾਂ ਹੋਈ ਪਰ ਹੁਣ ਕਿਸਾਨਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਨੇ ਬਾਜਪਾ ਨਾਲ ਮਿਲਕੇ ਕਿਸਾਨ ਨੂੰ ਇਕੋ ਚੌਣ ਨਿਸ਼ਾਨ ਅਲਾਟ ਨਹੀਂ ਹੋਣ ਦਿੱਤਾ । ਹੁਣ ਕਿਸਾਨ ਆਖ ਰਹੇ ਹਨ ਕਿ ਚੌਣਾਂ ਵਿੱਚ ਉਹ ਕੇਜਰੀਵਾਲ ਨੂੰ ਸਬਕ ਸਿਖਾਉਣਗੇ । ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਉਨ੍ਹਾਂ ਉੱਪਰ ਝੁਠੇ ਦੋਸ਼ ਲਗਾਏ ਜਾ ਰਹੇ ਹਨ । ਜੇਕਰ ਗੱਲ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੀਤੀ ਜਾਵੇ ਤਾਂ ਸਥਿਤੀ ਹੋਰ ਵੀ ਦਿਲਚਸਪ ਹੈ । ਕੈਪਟਨ ਨੇ ਕਾਂਗਰਸ ਪਾਰਟੀ ਤੋਂ ਵੱਖ ਹੋ ਕੇ ਲੋਕ ਕਾਂਗਰਸ ਨਾਮ ਦੀ ਪਾਰਟੀ ਬਣਾ ਲਈ ਅਤੇ ਚੋਣਾਂ ਲਈ ‘Hockey stick-Ball’ ਦਾ ਚੋਣ ਨਿਸ਼ਾਨ ਅਲਾਟ ਵੀ ਕਰਵਾ ਲਿਆ।ਪਰ ਕੈਪਟਨ ਦੀ ਪਾਰਟੀ ਦੇ ਉਮੀਦਵਾਰ ਭਾਜਪਾ ਦੇ ਚੋਣ ਨਿਸ਼ਾਨ ਤੋਂ ਚੋਣਾਂ ਲੜਨ ਨੂੰ ਪਹਿਲ ਦੇ ਰਹੇ ਹਨ ।ਇਸ ਤਰ੍ਹਾਂ ਕੈਪਟਨ ਦੀ ਪਾਰਟੀ ਬਸ ਨਾਮ ਦੀ ਹੀ ਪਾਰਟੀ ਰਹਿ ਗਈ ਹੈ।ਸਗੋਂ ਅਮਲੀ ਤੌਰ ‘ਤੇ ਕੈਪਟਨ ਦੀ ਪਾਰਟੀ ਬਾਜਪਾ ਵਿੱਚ ਹੀ ਸ਼ਾਮਿਲ ਹੋ ਗਈ ਹੈ।ਇਸ ਤਰ੍ਹਾਂ ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੀ ਭਾਜਪਾ ਨਾਲ ਮਿਲ ਕੇ ਚੋਣ ਲੜ ਰਹੇ ਹਨ ।

- Advertisement -

ਕੇਵਲ ਇੰਨਾ ਹੀ ਨਹੀਂ ਸਗੋਂ ਪਾਰਟੀ ਅੰਦਰ ਟੁੱਟ ਭੱਜ ਵੀ ਕਮਾਲ ਦੀ ਹੋਈ ਹੈ । ਪੰਜਾਬ ਦੇ ਕੈਬਿਨੇਟ ਮੰਤਰੀ ਰਾਣਾ ਸੋਢੀ ਭਾਜਪਾ ਦੀ ਟਿਕਟ ‘ਤੇ ਚੋਣ ਲੜ ਰਹੇ ਹਨ । ਇਸ ਤਰ੍ਹਾਂ ਕਾਂਗਰਸ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਚੇਅਰਮੈਨ ਅਤੇ ਪਾਰਲੀਮੈਂਟ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਫਤਿਹ ਜੰਗ ਸਿੰਘ ਬਾਜਵਾ ਵੀ ਭਾਜਪਾ ਦੀ ਟਿਕਟ ‘ਤੇ ਚੋਣ ਲੜ ਰਹੇ ਹਨ । ਇੰਝ ਹੀ ਕਈ ਵੱਡੇ ਅਕਾਲੀ ਨੇਤਾ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ । ਇਸ ਤਰ੍ਹਾਂ ਭਾਜਪਾ ਵਾਲਾ ਗਠਜੋੜ ਕਿਧਰੇ ਕਾਂਗਰਸ ਨੂੰ ਹਰਾਉਣ ਲਈ ਜ਼ੋਰ ਲਗਾ ਰਿਹਾ ਹੈ ਅਤੇ ਕਿਧਰੇ ਅਕਾਲੀ ਦਲ ਨੂੰ ਹਰਾਉਣ ਲਈ ਜ਼ੋਰ ਲਗਾ ਰਿਹਾ ਹੈੇ । ਇਸ ਤਰ੍ਹਾਂ ਦੀ ਹਾਲਤ ਵਿੱਚ ਪੰਜਾਬ ਦੇ ਮਾਝਾ , ਦੁਆਬਾ ਅਤੇ ਮਾਲਵੇ ਦੇ ਖੇਤਰ ਦੀ ਸਥਿਤੀ ਵੀ ਇਕੋ ਜਿਹੀ ਨਹੀਂ ਹੈ ।

ਮਾਲਵਾ ਅੰਦਰ ਸੀਟਾਂ ‘ਤੇ ‘ਆਪ’ ਅਤੇ ਕਾਂਗਰਸ ਦਾ ਮੁੱਖ ਮੁਕਾਬਲਾ ਨਜ਼ਰ ਆ ਰਿਹਾ ਹੈ ਪਰ ਕੁਝ ਸੀਟਾਂ ਅਜਿਹੀਆਂ ਹਨ ਜਿਥੇ ‘ਆਪ’ ਅਤੇ ਅਕਾਲੀ ਦਲ ਦਾ ਮੁੱਖ ਮੁਕਾਬਲਾ ਬਣਦਾ ਨਜ਼ਰ ਆ ਰਿਹਾ ਹੈ । ਕੁਝ ਹਲਕਿਆਂ ਵਿੱਚ ਕਿਸਾਨ ਜਥੇਬੰਦੀਆਂ ਦੇ ਉਮੀਦਵਾਰ ਵੀ ਪੂਰੀ ਤਰ੍ਹਾਂ ਮੁਕਾਬਲੇ ਵਿੱਚ ਹਨ । ਸੋ ਮਾਲਵੇ ਦੀਆਂ ਸਭ ਤੋਂ ਵਧੇਰੇ 69 ਸੀਟਾਂ ਹਨ ਜਿੱਥੇ ਸਾਰੀਆਂ ਪਾਰਟੀਆਂ ਦੇ ਰੰਗ-ਬਿਰੰਗੇ ਮੁਕਾਬਲੇ ਬਣੇ ਹੋਏ ਹਨ । ਇਸ ਤਰ੍ਹਾਂ ਦੀ ਰਾਜਸੀ ਸਥਿਤੀ ਵਿੱਚ ‘ਆਪ’ , ਕਾਂਗਰਸ ,ਅਕਾਲੀ ਦਲ , ਭਾਜਪਾ ਅਤੇ ਉਸ ਦੇ ਹਿਮਾਈਤੀ ਆਪੋ-ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ । ਕਿਸਾਨ ਆਗੂਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿੱਥੇ ਉਨ੍ਹਾਂ ਦੀ ਟੱਕਰ ਰਿਵਾਇਤੀ ਪਾਰਟੀਆਂ ਨਾਲ ਹੈ । ਓਥੇ ਉਹ ਆਮ ਆਦਮੀ ਪਾਰਟੀ ਨੂੰ ਵੀ ਸਬਕ ਸਿਖਾਉਣਗੇ ਇਸ ਲੜਾਈ ਵਿੱਚ ਮੁਦਿਆਂ ਦੇ ਨਾਲ-ਨਾਲ ਮੁੱਖ ਮੰਤਰੀ ਦੇ ਚਿਹਰੇ ਨੂੰ ਵੀ ਬੜੀ ਅਹਮਿਅਤ ਦਿੱਤੀ ਜਾ ਰਹੀ ਹੈ ।

ਆਮ ਆਦਮੀ ਪਾਰਟੀ ਨੇ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨ ਦਿੱਤਾ ਹੈ । ਇਸ ਤਰ੍ਹਾਂ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਮੱਖ ਮੰਤਰੀ ਦਾ ਚਿਹਰਾ ਹਨ । ਕਿਸਾਨਾਂ ਵੱਲੋਂ ਬਲਬੀਰ ਸਿੰਘ ਰਾਜੇਵਾਲ ਅਗਵਾਈ ਕਰ ਰਹੇ ਹਨ । ਪੰਜਾਬ ਦੀ ਮੁੱਖ ਧਿਰ ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਵਿੱਚੋਂ ਮੁੱਖ ਮੰਤਰੀ ਦੇ ਚਿਹਰੇ ਲਈ ਇੱਕ ਦੀ ਚੋਣ ਕਰਨੀ ਹੈ । ਇਸ ਸੰਬਧੀ ਵੀ ਆਪੋ-ਆਪਣੇ ਅੰਦਾਜ਼ਾ ਲਗਾਏ ਜਾ ਰਹੇ ਹਨ ਕਿ ਮੁੱਖ ਮੰਤਰੀ ਦਾ ਚਿਹਰਾ ਕੌਣ ਬਣੇਗਾ । ਇਸ ਤਰ੍ਹਾਂ ਜਿਥੇ ਪੰਜਾਬ ਵਿੱਚ ਬਹੁਕੋਣੀ  ਮੁਕਾਬਲੇ ਹਨ ਉਥੇ ਅੰਤਿਮ ਫੈਸਲਾ ਪੰਜਾਬੀਆਂ ਨੇ ਕਰਨਾ ਹੈ ਕਿ ਇਸ ਵਾਰ ਸੱਤਾ ਦਾ ਤਾਜ  ਕਿਸ ਧਿਰ ਨੂੰ ਪਹਿਨਾਇਆ ਜਾਵੇਗਾ ।

ਸੰਪਰਕ ਨੰ. 9814002186

Share this Article
Leave a comment