UK ’ਚ 18 ਸਾਲਾ ਵਿਦਿਆਰਥੀ ਦੇ ਕਤਲ ਮਗਰੋਂ ਜਨਤਕ ਥਾਵਾਂ ’ਤੇ ਕਿਰਪਾਨ ਧਾਰਨ ’ਤੇ ਰੋਕ ਦੀ ਉੱਠੀ ਮੰਗ

Global Team
2 Min Read

ਨਿਊਜ਼ ਡੈਸਕ: ਬ੍ਰਿਟੇਨ ਵਿੱਚ ਜਨਮੇ ਸਿੱਖ ਨੌਜਵਾਨ ਵਿਕਰਮ ਸਿੰਘ ਡਿਗਵਾ ਨੂੰ 18 ਸਾਲਾ ਸਾਊਥਹੈਂਪਟਨ ਯੂਨੀਵਰਸਿਟੀ ਦੇ ਵਿਦਿਆਰਥੀ ਹੈਨਰੀ ਨੋਵਾਕ ਦੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸਾਊਥਹੈਂਪਟਨ ਕਰਾਊਨ ਕੋਰਟ ਦੀ ਜੂਰੀ ਨੇ ਇਸ ਹਫ਼ਤੇ ਫੈਸਲਾ ਸੁਣਾਇਆ। ਅਦਾਲਤ ਅਨੁਸਾਰ ਕਤਲ ਵਿੱਚ 21 ਸੈਂਟੀਮੀਟਰ ਲੰਬੀ ਕਿਰਪਾਨ ਦੀ ਵਰਤੋਂ ਕੀਤੀ ਗਈ ਸੀ।

ਇਸ ਫੈਸਲੇ ਤੋਂ ਬਾਅਦ ਬ੍ਰਿਟੇਨ ਵਿੱਚ ਧਾਰਮਿਕ ਕਾਰਨਾਂ ਕਰਕੇ ਜਨਤਕ ਥਾਵਾਂ ‘ਤੇ ਕਿਰਪਾਨ ਲਿਜਾਣ ਸਬੰਧੀ ਕਾਨੂੰਨਾਂ ‘ਤੇ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਕੁਝ ਸਿਆਸਤਦਾਨਾਂ ਨੇ ਜਨਤਕ ਥਾਵਾਂ ‘ਤੇ ਕਿਰਪਾਨ ‘ਤੇ ਪਾਬੰਦੀ ਲਗਾਉਣ ਦੀ ਮੰਗ ਵੀ ਕੀਤੀ ਹੈ।

ਪੁਲਿਸ ਦੀ ਕਾਰਵਾਈ ‘ਤੇ ਉੱਠੇ ਸਵਾਲ

ਅਦਾਲਤੀ ਕਾਰਵਾਈ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਡਿਗਵਾ ਨੇ ਪੁਲਿਸ ਨੂੰ ਇਹ ਦਾਅਵਾ ਕੀਤਾ ਸੀ ਕਿ ਉਸ ‘ਤੇ ਨਸਲੀ ਹਮਲਾ ਕੀਤਾ ਗਿਆ ਸੀ। ਅਦਾਲਤ ਨੇ ਇਸ ਦਾਅਵੇ ਨੂੰ ਝੂਠ ਕਰਾਰ ਦਿੱਤਾ। ਇਸ ਤੋਂ ਬਾਅਦ ਪੁਲਿਸ ਦੀ ਕਾਰਵਾਈ ‘ਤੇ ਵੀ ਸਵਾਲ ਖੜ੍ਹੇ ਹੋਏ ਕਿਉਂਕਿ ਮੌਕੇ ‘ਤੇ ਪਹੁੰਚੇ ਅਧਿਕਾਰੀਆਂ ਨੇ ਪਹਿਲਾਂ ਹੈਨਰੀ ਨੋਵਾਕ ਨੂੰ ਹਥਕੜੀਆਂ ਲਗਾ ਦਿੱਤੀਆਂ ਸਨ।

ਬਾਅਦ ਵਿੱਚ ਜਦੋਂ ਪੁਲਿਸ ਨੂੰ ਅਹਿਸਾਸ ਹੋਇਆ ਕਿ ਨੌਜਵਾਨ ਦੀ ਹਾਲਤ ਗੰਭੀਰ ਹੈ ਤਾਂ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਇਸ ਮਾਮਲੇ ‘ਤੇ ਹੈਮਪਸ਼ਾਇਰ ਪੁਲਿਸ ਨੇ ਜਨਤਕ ਤੌਰ ‘ਤੇ ਮੁਆਫ਼ੀ ਮੰਗੀ ਹੈ ਅਤੇ ਮਾਮਲੇ ਦੀ ਜਾਂਚ ਲਈ ਖੁਦ ਨੂੰ ਸੁਤੰਤਰ ਜਾਂਚ ਏਜੰਸੀ ਕੋਲ ਭੇਜਿਆ ਹੈ।

ਮਾਂ ਵੀ ਦੋਸ਼ੀ ਕਰਾਰ, ਕਿਰਪਾਨ ਕਾਨੂੰਨ ‘ਤੇ ਸਪੱਸ਼ਟੀਕਰਨ

ਡਿਗਵਾ ਦੀ ਮਾਂ ਕਿਰਨ ਕੌਰ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅਦਾਲਤ ਮੁਤਾਬਕ ਉਨ੍ਹਾਂ ਨੇ ਘਟਨਾ ਤੋਂ ਬਾਅਦ ਕਤਲ ਵਿੱਚ ਵਰਤੀ ਗਈ ਕਿਰਪਾਨ ਨੂੰ ਮੌਕੇ ਤੋਂ ਹਟਾਉਣ ਵਿੱਚ ਮਦਦ ਕੀਤੀ ਸੀ।

ਫੈਸਲੇ ਤੋਂ ਬਾਅਦ Sikh Federation UK ਨੇ ਬਿਆਨ ਜਾਰੀ ਕਰਕੇ ਕਿਹਾ ਕਿ ਕਾਨੂੰਨ ਸਿਰਫ਼ ਧਾਰਮਿਕ ਕਾਰਨਾਂ ਕਰਕੇ ਕਿਰਪਾਨ ਧਾਰਨ ਕਰਨ ਵਾਲੇ ਅਮਲਧਾਰੀ ਸਿੱਖਾਂ ਨੂੰ ਹੀ ਕਾਨੂੰਨੀ ਸੁਰੱਖਿਆ ਦਿੰਦਾ ਹੈ। ਜੇਕਰ ਕਿਰਪਾਨ ਜਾਂ ਕੋਈ ਹੋਰ ਧਾਰਦਾਰ ਚੀਜ਼ ਹਿੰਸਕ ਕਾਰਵਾਈ ਵਿੱਚ ਵਰਤੀ ਜਾਂਦੀ ਹੈ ਤਾਂ ਇਹ ਛੋਟ ਲਾਗੂ ਨਹੀਂ ਹੁੰਦੀ ਅਤੇ ਉਸ ਨੂੰ ਹਮਲਾਵਰ ਹਥਿਆਰ ਮੰਨਿਆ ਜਾਂਦਾ ਹੈ।

ਇਸ ਮਾਮਲੇ ਵਿੱਚ ਵਿਕਰਮ ਸਿੰਘ ਡਿਗਵਾ ਨੂੰ ਸੋਮਵਾਰ ਨੂੰ ਸਜ਼ਾ ਸੁਣਾਈ ਜਾਵੇਗੀ, ਜਦਕਿ ਉਸ ਦੀ ਮਾਂ ਕਿਰਨ ਕੌਰ ਨੂੰ 17 ਜੁਲਾਈ ਨੂੰ ਸਜ਼ਾ ਸੁਣਾਈ ਜਾਣੀ ਹੈ।

Share This Article
Leave a Comment