ਝੱਜਰ ਜ਼ਿਲ੍ਹੇ ‘ਚ ਦਿਨ-ਦਿਹਾੜੇ ਹੋਈ ਹੱਤਿਆ, 50 ਤੋਂ ਵੱਧ ਵਾਰ ਹੋਈ ਫਾਇਰਿੰਗ, ਸੂਬਾ ਪ੍ਰਧਾਨ ਨਫੇ ਸਿੰਘ ਰਾਠੀ ਦੀ ਮੌਕੇ ’ਤੇ ਹੀ ਮੌਤ

Rajneet Kaur
3 Min Read

ਨਿਊਜ਼ ਡੈਸਕ: ਹਰਿਆਣਾ ਦੇ ਝੱਜਰ ਜ਼ਿਲ੍ਹੇ ‘ਚ ਦਿਨ-ਦਿਹਾੜੇ ਹੋਈ ਹੱਤਿਆ ਨੇ ਕਾਨੂੰਨ ਵਿਵਸਥਾ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇੰਡੀਅਨ ਨੈਸ਼ਨਲ ਲੋਕ ਦਲ ਦੇ ਸੂਬਾ ਪ੍ਰਧਾਨ ਨਫੇ ਸਿੰਘ ਰਾਠੀ ਚਿੱਟੇ ਰੰਗ ਦੀ ਕਾਰ ਵਿੱਚ ਸਾਹਮਣੇ ਬੈਠੇ ਸਨ। ਜਿਵੇਂ ਹੀ ਉਹ ਰੇਲਵੇ ਕਰਾਸਿੰਗ ‘ਤੇ ਰੁਕੇ ਤਾਂ ਦੂਜੀ ਕਾਰ ਤੋਂ ਆਏ ਬਦਮਾਸ਼ਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਦੀ ਭੜਕਾਹਟ ਨੇ ਸਨਸਨੀ ਮਚਾ ਦਿੱਤੀ। ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਕੁੱਲ ਚਾਰ ਹਮਲਾਵਰ ਸ਼ਾਮਲ ਦੱਸੇ ਜਾਂਦੇ ਹਨ। ਗੋਲੀਬਾਰੀ ਵਿੱਚ ਰਾਠੀ ਨੂੰ ਆਪਣੀ ਜਾਨ ਬਚਾਉਣ ਦਾ ਮੌਕਾ ਵੀ ਨਹੀਂ ਮਿਲਿਆ।

ਇੱਕ ਡਾਕਟਰ ਨੇ ਦੱਸਿਆ ਕਿ ਜਦੋਂ ਤੱਕ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ, ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਡਾਕਟਰਾਂ ਨੇ ਫਿਰ ਵੀ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਡਰਾਉਣ ਵਾਲੀ ਹੈ। ਸੂਬਾ ਪ੍ਰਧਾਨ ਬਹਾਦਰਗੜ੍ਹ ਜਾ ਰਹੇ ਸਨ। ਦੱਸਿਆ ਗਿਆ ਕਿ ਨਫੇ ਸਿੰਘ ਆਪਣੇ ਸਾਥੀਆਂ ਨਾਲ ਕਾਰ ਵਿੱਚ ਪਿੰਡ ਬਰਾਹੀ ਤੋਂ ਵਾਪਿਸ ਆ ਰਹੇ ਸਨ।  ਉਹ ਉੱਥੇ ਇੱਕ ਪਰਿਵਾਰਕ ਸਮਾਜਿਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਏ ਸਨ। ਸੰਖੋਲ ਨੇੜੇ ਰੇਲਵੇ ਫਾਟਕ ‘ਤੇ ਅਣਪਛਾਤੇ ਹਮਲਾਵਰਾਂ ਨੇ ਗੱਡੀ ‘ਚ ਬੈਠੇ ਨਫੇ ਸਿੰਘ ਰਾਠੀ ਅਤੇ ਉਸ ਦੇ ਸਾਥੀਆਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਨਫੇ ਸਿੰਘ ਕਾਰ ਦੀ ਅਗਲੀ ਸੀਟ ‘ਤੇ ਡਰਾਈਵਰ ਦੇ ਨਾਲ ਬੈਠੇ ਸਨ।

ਹਮਲੇ ਕਾਰਨ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਸਾਥੀ ਜੈਕਿਸ਼ਨ ਦਲਾਲ ਵਾਸੀ ਪਿੰਡ ਮੰਡੋਠੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਕਾਰ ਚਾਲਕ ਸੰਜੇ ਅਤੇ ਸੰਜੀਤ ਵਾਸੀ ਕਬਲਾਣਾ ਗੰਭੀਰ ਜ਼ਖ਼ਮੀ ਹੋ ਗਏ। ਹਮਲਾਵਰ ਆਈ-20 ਕਾਰ ‘ਚ ਆਏ ਸਨ। 50 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ ਹਨ। ਮੌਕੇ ਤੋਂ 18 ਗੋਲੀਆਂ ਦੇ ਖੋਲ ਮਿਲੇ ਹਨ। ਗੱਡੀ ‘ਤੇ 15 ਤੋਂ ਵੱਧ ਗੋਲੀਆਂ ਦੇ ਨਿਸ਼ਾਨ ਵੀ ਹਨ। ਕਾਰ ਚਾਲਕ ਸੰਜੇ ਦੇ ਹੱਥ ਅਤੇ ਲੱਤ ਵਿੱਚ ਗੋਲੀ ਲੱਗੀ ਹੈ। ਸੰਜੀਤ ਦੇ ਸਰੀਰ ਦੇ ਕਈ ਹਿੱਸਿਆਂ ‘ਤੇ ਵੀ ਗੋਲੀਆਂ ਲੱਗੀਆਂ ਸਨ। ਜ਼ਖਮੀਆਂ ਨੂੰ ਸ਼ਹਿਰ ਦੇ ਬ੍ਰਹਮਸ਼ਕਤੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment