ਸਵਰਗ ਦਾ ਸੁਪਨਾ ਦਿਖਾ ਕੇ 190 ਬੱਚਿਆਂ ਨੂੰ ਭੁੱਖੇ ਮਾਰਨ ਦਾ ਮਾਮਲਾ: ਧਰਮਗੁਰੂ ਦੋਸ਼ੀ ਕਰਾਰ; ਜੰਗਲ ‘ਚੋਂ 400 ਤੋਂ ਵੱਧ ਦੇਹਾਂ ਮਿਲੀਆਂ

Global Team
4 Min Read

ਨਿਊਜ਼ ਡੈਸਕ: ਕੀਨੀਆ ਵਿੱਚ ਧਰਮ ਦੇ ਨਾਮ ’ਤੇ ਲੋਕਾਂ ਨੂੰ ਭੁੱਖੇ ਰਹਿਣ ਲਈ ਉਕਸਾਉਣ ਅਤੇ ਬੱਚਿਆਂ ਸਮੇਤ ਸੈਂਕੜੇ ਲੋਕਾਂ ਦੀ ਮੌਤ ਦੇ ਮਾਮਲੇ ਵਿੱਚ ਵੱਡਾ ਫ਼ੈਸਲਾ ਆਇਆ ਹੈ। ਧਰਮਗੁਰੂ ਪੌਲ ਮੈਕੈਂਜ਼ੀ ਅਤੇ ਉਸ ਦੇ ਲਗਭਗ 30 ਸਾਥੀਆਂ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਦੋਸ਼ ਹੈ ਕਿ ਮੈਕੈਂਜ਼ੀ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਦੁਨੀਆ ਖ਼ਤਮ ਹੋਣ ਤੋਂ ਪਹਿਲਾਂ ਭੁੱਖੇ ਰਹਿਣ ਨਾਲ ਉਹ ਸਵਰਗ ਪਹੁੰਚ ਜਾਣਗੇ। ਇਸ ਮਾਮਲੇ ਵਿੱਚ ਸਜ਼ਾ ਦਾ ਐਲਾਨ 6 ਨਵੰਬਰ ਨੂੰ ਕੀਤਾ ਜਾਣਾ ਹੈ।

ਜੰਗਲ ਵਿੱਚੋਂ ਮਿਲੀਆਂ 400 ਤੋਂ ਵੱਧ ਲਾਸ਼ਾਂ

ਇਸ ਮਾਮਲੇ ਦਾ ਖ਼ੁਲਾਸਾ ਕੀਨੀਆ ਦੇ ਸ਼ਾਕਾਹੋਲਾ ਜੰਗਲ ਵਿੱਚ ਹੋਇਆ, ਜਿੱਥੇ ਪੁਲਿਸ ਨੂੰ ਸਮੂਹਿਕ ਕਬਰਾਂ ਬਾਰੇ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਲਾਸ਼ਾਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ। ਹੁਣ ਤੱਕ ਇਸ ਜੰਗਲ ਵਿੱਚੋਂ 400 ਤੋਂ ਵੱਧ ਲਾਸ਼ਾਂ ਮਿਲ ਚੁੱਕੀਆਂ ਹਨ।

ਸੋਮਵਾਰ ਨੂੰ ਅਦਾਲਤ ਨੇ 191 ਮੌਤਾਂ ਨਾਲ ਸਬੰਧਤ ਮਾਮਲੇ ਵਿੱਚ ਫ਼ੈਸਲਾ ਸੁਣਾਇਆ। ਜਦਕਿ ਹੋਰ ਮੌਤਾਂ ਦੀ ਜਾਂਚ ਅਜੇ ਜਾਰੀ ਹੈ। ਸਰਕਾਰੀ ਵਕੀਲਾਂ ਮੁਤਾਬਕ, ਮੈਕੈਂਜ਼ੀ ਗੁੱਡ ਨਿਊਜ਼ ਇੰਟਰਨੈਸ਼ਨਲ ਚਰਚ ਰਾਹੀਂ ਈਸਾਈ ਧਰਮ ਦੇ ਨਾਂ ’ਤੇ ਇੱਕ ਅਜਿਹਾ ਸਮੂਹ ਚਲਾ ਰਿਹਾ ਸੀ, ਜਿਸ ਵਿੱਚ ਦੁਨੀਆ ਦੇ ਅੰਤ ਹੋਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸਨ।

ਤਿੰਨ ਪੜਾਵਾਂ ਵਿੱਚ ਲੋਕਾਂ ਨੂੰ ਭੁੱਖੇ ਰੱਖਣ ਦੀ ਯੋਜਨਾ

ਰਾਇਟਰਜ਼ ਦੀ ਰਿਪੋਰਟ ਮੁਤਾਬਕ, ਸਰਕਾਰੀ ਵਕੀਲਾਂ ਨੇ ਦੋਸ਼ ਲਾਇਆ ਕਿ ਮੈਕੈਂਜ਼ੀ ਨੇ ਲੋਕਾਂ ਨੂੰ ਭੁੱਖੇ ਰੱਖਣ ਦੀ ਯੋਜਨਾ ਤਿੰਨ ਪੜਾਵਾਂ ਵਿੱਚ ਬਣਾਈ ਸੀ। ਪਹਿਲਾਂ ਬੱਚਿਆਂ ਨੂੰ ਭੁੱਖਾ ਰੱਖਿਆ ਜਾਣਾ ਸੀ, ਫਿਰ ਔਰਤਾਂ ਅਤੇ ਨੌਜਵਾਨ ਮੁੰਡਿਆਂ ਨੂੰ ਅਤੇ ਆਖ਼ਰ ਵਿੱਚ ਬਾਕੀ ਮਰਦਾਂ ਨੂੰ ਭੋਜਨ ਤੋਂ ਵਾਂਝਾ ਰੱਖਣ ਦੀ ਯੋਜਨਾ ਸੀ।

ਅਦਾਲਤ ਵਿੱਚ ਜੱਜ ਡਾਇਨਾ ਕਾਵੇਦਜ਼ਾ ਮੋਚਾਚੇ ਨੇ ਅੱਠ ਘੰਟਿਆਂ ਤੋਂ ਵੱਧ ਚੱਲੀ ਸੁਣਵਾਈ ਦੌਰਾਨ ਦੱਸਿਆ ਕਿ ਕੁਝ ਮਾਮਲਿਆਂ ਵਿੱਚ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਵੱਖ ਕਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਖਾਣਾ ਨਹੀਂ ਦਿੱਤਾ ਗਿਆ, ਜਦਕਿ ਉਨ੍ਹਾਂ ਦੇ ਮਾਪੇ ਇਹ ਸਭ ਦੇਖਦੇ ਰਹੇ।

ਮੈਕੈਂਜ਼ੀ ਨੇ ਕਤਲ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਸ ਨੇ ਕਿਸੇ ਨੂੰ ਭੁੱਖੇ ਰਹਿਣ ਲਈ ਮਜਬੂਰ ਨਹੀਂ ਕੀਤਾ। ਹਾਲਾਂਕਿ, ਅਦਾਲਤ ਨੇ ਉਸ ਦੀਆਂ ਦਲੀਲਾਂ ਨੂੰ ਸਵੀਕਾਰ ਨਹੀਂ ਕੀਤਾ। ਫ਼ੈਸਲੇ ਵੇਲੇ ਉਹ ਆਪਣੀ ਪਤਨੀ ਨਾਲ ਅਦਾਲਤ ਵਿੱਚ ਮੌਜੂਦ ਸੀ। ਉਸ ਦੀ ਪਤਨੀ ਵੀ ਇਸ ਮਾਮਲੇ ਵਿੱਚ ਮੁਲਜ਼ਮ ਹੈ।

ਇਸ ਮਾਮਲੇ ਦੀ ਜਾਂਚ ਮਾਰਚ 2023 ਵਿੱਚ ਸ਼ੁਰੂ ਹੋਈ ਸੀ, ਜਦੋਂ ਇੱਕ ਵਿਅਕਤੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਭਰਾ ਅਤੇ ਭਰਜਾਈ ਨੇ ਮੈਕੈਂਜ਼ੀ ਦੇ ਕਹਿਣ ’ਤੇ ਆਪਣੇ ਬੱਚਿਆਂ ਨੂੰ ਭੁੱਖੇ ਰੱਖ ਕੇ ਮਾਰ ਦਿੱਤਾ ਸੀ।

ਮੈਕੈਂਜ਼ੀ ਨੂੰ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ, ਪਰ ਬਾਅਦ ਵਿੱਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਅਪ੍ਰੈਲ 2023 ਵਿੱਚ ਉਸ ਨੂੰ ਮੁੜ ਗ੍ਰਿਫ਼ਤਾਰ ਕੀਤਾ ਗਿਆ ਅਤੇ ਪੁਲਿਸ ਨੇ ਜੰਗਲ ਵਿੱਚ ਵੱਡੇ ਪੱਧਰ ’ਤੇ ਤਲਾਸ਼ੀ ਸ਼ੁਰੂ ਕੀਤੀ।

ਸਰਕਾਰੀ ਵਕੀਲਾਂ ਨੇ ਇਹ ਵੀ ਦੋਸ਼ ਲਾਇਆ ਕਿ ਹਿਰਾਸਤ ਵਿੱਚ ਰਹਿੰਦਿਆਂ ਮੈਕੈਂਜ਼ੀ ਨੇ ਜੰਗਲ ਤੋਂ ਲਗਭਗ 30 ਕਿਲੋਮੀਟਰ ਦੂਰ ਇੱਕ ਪਿੰਡ ਵਿੱਚ 52 ਲੋਕਾਂ ਦੀ ਮੌਤ ਦੇ ਨਿਰਦੇਸ਼ ਦਿੱਤੇ ਸਨ। ਇਸ ਮਾਮਲੇ ਵਿੱਚ ਵੀ ਉਸ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ। ਉਸ ਖ਼ਿਲਾਫ਼ ਅੱਤਵਾਦ ਨਾਲ ਜੁੜੇ ਹੋਰ ਦੋਸ਼ਾਂ ਤਹਿਤ ਵੀ ਮਾਮਲੇ ਚੱਲ ਰਹੇ ਹਨ।

ਇਸ ਘਟਨਾ ਵਿੱਚ 62 ਸਾਲਾ ਫ੍ਰਾਂਸਿਸ ਵਾਂਜੇ ਨੇ ਆਪਣੇ ਪਰਿਵਾਰ ਦੇ ਅੱਠ ਮੈਂਬਰ ਗੁਆਏ, ਜਿਨ੍ਹਾਂ ਵਿੱਚ ਉਸ ਦੇ ਦੋ ਦੋਹਤੇ-ਪੋਤੇ ਵੀ ਸ਼ਾਮਲ ਸਨ। ਉਸ ਨੇ ਰਾਇਟਰਜ਼ ਨੂੰ ਦੱਸਿਆ ਕਿ ਪਰਿਵਾਰ ਲੰਬੇ ਸਮੇਂ ਤੋਂ ਇਸ ਘਟਨਾ ਕਾਰਨ ਮਾਨਸਿਕ ਪਰੇਸ਼ਾਨੀ ਝੱਲ ਰਿਹਾ ਹੈ ਅਤੇ ਉਹ ਅਦਾਲਤ ਦੇ ਫ਼ੈਸਲੇ ਦੀ ਉਡੀਕ ਕਰ ਰਹੇ ਸਨ।

Share This Article
Leave a Comment